ਚੰਡੀਗੜ੍ਹ, 20 ਸਤੰਬਰ (ਅਜਾਇਬ ਸਿੰਘ ਔਜਲਾ)-ਸਰਕਾਰ ਅਤੇ ਨਗਰ ਨਿਗਮ ਕਰਮਚਾਰੀਆਂ ਅਤੇ ਵਰਕਰਾਂ ਦੀ ਤਾਲਮੇਲ ਕਮੇਟੀ, ਯੂ.ਟੀ ਚੰਡੀਗੜ੍ਹ ਦੇ ਬੈਨਰ ਹੇਠ, ਸੀਵਰੇਜ ਕਰਮਚਾਰੀ ਯੂਨੀਅਨ, ਨਗਰ ਨਿਗਮ ਚੰਡੀਗੜ੍ਹ ਨੇ ਸੈਕਟਰ 32 ਦੇ ਵਾਟਰ ਵਰਕਸ ਦੇ ਸਾਹਮਣੇ ਪ੍ਰਸ਼ਾਸਨ ਪੁਤਲਾ ਸਾੜ ਕੇ ਵਿਰੋਧ ਕੀਤਾ | ਜਿਸ ਵਿਚ ਆਊਟਸੋਰਸ ਕੀਤੇ ਕਾਮਿਆਂ ਲਈ ਇੱਕੋ ਜਿਹੇ ਕੰਮ ਲਈ ਬਰਾਬਰ ਤਨਖ਼ਾਹ ਅਤੇ ਦੀਵਾਲੀ ਤੋਂ ਪਹਿਲਾਂ ਬੋਨਸ ਦੀ ਮੰਗ ਕੀਤੀ ਗਈ | ਇਸ ਮੌਕੇ 'ਤੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਤਾਲਮੇਲ ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ, ਚੇਅਰਮੈਨ ਸੁਰੇਸ਼ ਕੁਮਾਰ, ਜਨਰਲ ਸਕੱਤਰ ਰਾਕੇਸ਼ ਕੁਮਾਰ, ਸੀਨੀਅਰ ਉਪ ਪ੍ਰਧਾਨ ਰਾਜਿੰਦਰ ਕੁਮਾਰ ਅਤੇ ਉਪ ਚੇਅਰਮੈਨ ਤਾਲਿਬ ਹੁਸੈਨ ਨੇ ਐਲਾਨ ਕੀਤਾ ਕਿ ਜੇਕਰ ਚੰਡੀਗੜ੍ਹ ਪ੍ਰਸ਼ਾਸਨ ਕਰਮਚਾਰੀਆਂ ਦੀਆਂ ਮੁੱਖ ਮੰਗਾਂ, ਜਿਨ੍ਹਾਂ 'ਚ ਇਕੋ ਜਿਹੇ ਕੰਮ ਲਈ ਇੱਕੋ ਜਿਹੀ ਤਨਖ਼ਾਹ ਲਾਗੂ ਕਰਨਾ ਅਤੇ ਦੀਵਾਲੀ ਤੋਂ ਪਹਿਲਾਂ ਬੋਨਸ ਦੇਣਾ, 'ਤੇ ਫੈਸਲਾ ਨਹੀਂ ਲੈਂਦਾ, ਤਾਂ ਪੁਤਲਾ ਸਾੜਨ ਦੇ ਵਿਰੋਧ ਪ੍ਰਦਰਸ਼ਨ ਜਾਰੀ ਰਹਿਣਗੇ | ਉਨ੍ਹਾਂ ਨੇ ਕਿਹਾ ਕਿ ਇੱਕੋ ਜਿਹੇ ਕੰਮ ਲਈ ਇੱਕੋ ਜਿਹੀ ਤਨਖ਼ਾਹ ਵਰਗੀਆਂ ਜਾਇਜ਼ ਅਤੇ ਵਾਜਬ ਮੰਗਾਂ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ | ਪੰਚਾਇਤਾਂ ਤੋਂ ਨਗਰ ਨਿਗਮਾਂ ਵਿੱਚ ਤਬਦੀਲ ਕੀਤੇ ਗਏ ਸਫਾਈ ਸੇਵਕਾਂ ਨੂੰ ਮੁੱਢਲੀ ਤਨਖ਼ਾਹ ਅਤੇ ਡੀ.ਏ ਦਿੱਤਾ ਜਾਵੇ | ਸਾਰੇ ਵਿਭਾਗਾਂ ਵਿਚ ਖ਼ਾਲੀ ਅਸਾਮੀਆਂ ਜਲਦੀ ਭਰੀਆਂ ਜਾਣ | ਇਹ ਵੀ ਮੰਗ ਕੀਤੀ ਗਈ ਕਿ ਟਿਊਬਵੈੱਲ ਆਪੇ੍ਰਟਰਾਂ, ਫਾਇਰਫਾਈਟਰਾਂ ਅਤੇ ਡਰਾਈਵਰਾਂ ਨੂੰ ਛੁੱਟੀ ਦੇਣ ਦੇ ਫ਼ੈਸਲੇ ਨੂੰ ਵਾਪਸ ਲਿਆ ਜਾਵੇ | ਵਰਕਰਾਂ ਨੂੰ ਹੋਰਨਾਂ ਤੋਂ ਇਲਾਵਾ, ਤਾਲਮੇਲ ਕਮੇਟੀ ਦੇ ਤਰਲੋਚਨ ਸਿੰਘ, ਨਰੇਸ਼ ਕੁਮਾਰ, ਰਾਹੁਲ ਵੈਦ, ਗੁਰਦੇਵ ਸਿੰਘ, ਯੂਨੀਅਨ ਰਾਹੁਲ ਵੈਦ, ਰਾਜਿੰਦਰ ਕੁਮਾਰ ਦਵਿੰਦਰ, ਸੁਰਿੰਦਰ ਕੁਮਾਰ, ਨਿਰਮਲ ਸਿੰਘ, ਇਲੈਕਟ੍ਰੀਕਲ ਤੋਂ ਸੁਖਵਿੰਦਰ ਸਿੰਘ, ਕੰਟਰੈਕਟ ਵਰਕਰਜ਼ ਯੂਨੀਅਨ ਮਲੇਰੀਆ ਵਿਭਾਗ ਦੇ ਪ੍ਰਧਾਨ ਮਨਪ੍ਰੀਤ ਸਿੰਘ, ਸ਼ਾਮ ਲਾਲ, ਅਸ਼ੋਕ ਬੇਨੀਵਾਲ ਅਤੇ ਯਸ਼ਪਾਲ ਰਾਣਾ, ਹਰਦੀਪ ਸਿੰਘ, ਧਰਮਵੀਰ ਅਤੇ ਦਲਜੀਤ ਸਿੰਘ ਨੇ ਸੰਬੋਧਨ ਕੀਤਾ |