ਸ੍ਰੀ ਚਮਕੌਰ ਸਾਹਿਬ, 19 ਸਤੰਬਰ (ਜਗਮੋਹਣ ਸਿੰਘ ਨਾਰੰਗ)-ਬੀਤੀ ਰਾਤ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ 'ਤੇ ਪਿੰਡ ਤਾਲਾਪੁਰ ਨੇੜੇ ਇੱਕ ਕਾਰ ਵਲੋਂ ਮਾਰੀ ਫੇਟ ਨਾਲ ਇੱਕ ਐਕਟਿਵਾ ਸਵਾਰ ਨੂੰ ਮਾਰੀ ਫੇਟ ਨਾਲ ਐਕਟਿਵਾ ਸਵਾਰ ਦੀ ਮੌਤ ਹੋ ਗਈ | ਜਿਸ ਦੀ ਸ਼ਨਾਖ਼ਤ ਲਖਵੀਰ ਸਿੰਘ (36)ਪੁੱਤਰ ਲਾਲ ਸਿੰਘ ਵਾਸੀ ਦੁੱਗਰੀ ਵਜੋਂ ਹੋਈ ਹੈ | ਜੋ ਪਿੰਡ ਭਲਿਆਣ ਦੇ ਸਰਕਾਰੀ ਹਾਈ ਸਕੂਲ ਵਿਚ ਹਿਸਾਬ ਦਾ ਅਧਿਆਪਕ ਹੈ | ਹਾਦਸੇ ਦੀ ਜਾਂਚ ਕਰ ਰਹੇ ਏ.ਐਸ. ਆਈ. ਸੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਰਾਤ ਕਰੀਬ 8 ਵਜੇ ਉਦੋਂ ਹੋਇਆ ਜਦੋਂ ਇਹ ਉਕਤ ਥਾਂ ਤੋਂ ਆਪਣੀ ਐਕਟਿਵਾ 'ਤੇ ਜਾ ਰਿਹਾ ਸੀ ਕਿ ਇੱਕ ਕਾਰ ਵਲੋਂ ਮਾਰੀ ਜ਼ਬਰਦਸਤ ਫੇਟ ਨਾਲ ਸੜਕ 'ਤੇ ਲਹੂ-ਲੁਹਾਨ ਹੋਇਆ ਡਿਗ ਗਿਆ ,ਜਿਸ ਨੂੰ ਲੋਕਾਂ ਵਲੋਂ ਸ੍ਰੀ ਚਮਕੌਰ ਸਾਹਿਬ ਦੇ ਸਬ ਡਵੀਜ਼ਨ ਹਸਪਤਾਲ ਵਿਚ ਲਿਆਂਦਾ ਗਿਆ, ਜਿਥੇ ਡਿਊਟੀ ਤੇ ਹਾਜ਼ਰ ਡਾਕਟਰ ਨੇ ਇਸ ਨੂੰ ਮਿ੍ਤਕ ਕਰਾਰ ਦਿੱਤਾ | ਉਕਤ ਤਫ਼ਤੀਸ਼ੀ ਅਧਿਕਾਰੀ ਨੇ ਦੱਸਿਆ ਕਿ ਫੇਟ ਮਾਰਨ ਵਾਲੀ ਕਾਰ ਦਾ ਨੰਬਰ ਟਰੇਸ ਹੋ ਚੁੱਕਾ ਹੈ ਤੇ ਜਲਦੀ ਹੀ ਕਾਬੂ ਕਰ ਲਈ ਜਾਵੇਗੀ | ਪੁਲਿਸ ਨੇ ਲਖਵੀਰ ਸਿੰਘ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ |