ਰੂਪਨਗਰ, 19 ਸਤੰਬਰ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਪੁਲਿਸ ਰੂਪਨਗਰ ਵਲੋਂ ਵੱਡੀ ਕਾਰਵਾਈ ਕਰਦਿਆਂ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ 2 ਕੁਵਿੰਟਲ 27 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਅਤੇ 12 ਗ੍ਰਾਮ ਤੋਂ ਵੱਧ ਨਸ਼ੀਲਾ ਪਾਊਡਰ ਬ੍ਰਾਮਦ ਕੀਤਾ ਗਿਆ ਹੈ | ਇਸ ਤੋਂ ਇਲਾਵਾ ਨਸ਼ਾ ਕਰਨ ਦੇ ਆਦੀ 2 ਹੋਰ ਵਿਅਕਤੀ ਵੀ ਕਾਬੂ ਕੀਤੇ ਗਏ ਹਨ | ਐਸ.ਐਸ.ਪੀ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਥਾਣਾ ਸਦਰ ਰੂਪਨਗਰ ਵਲੋਂ ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਸੂਰੇਵਾਲ ਤੋਂ 2 ਕੁਵਿੰਟਲ 27 ਕਿਲੋ ਡੋਡੇ ਚੂਰਾ ਪੋਸਤ ਬ੍ਰਾਮਦ ਕੀਤਾ ਗਿਆ | ਥਾਣਾ ਸਿਟੀ ਮੋਰਿੰਡਾ ਵਲੋਂ ਵਿਸ਼ਾਲ ਸਿੰਘ ਉਰਫ ਵਿੱਕੀ ਅਤੇ ਮਨਪ੍ਰੀਤ ਸਿੰਘ ਉਰਫ ਮੋਨੂੰ ਵਾਸੀ ਮੋਰਿੰਡਾ ਤੋਂ 12 ਗ੍ਰਾਮ ਤੋਂ ਵੱਧ ਨਸ਼ੀਲਾ ਪਾਊਡਰ ਬ੍ਰਾਮਦ ਕਰਕੇ ਗਿ੍ਫਤਾਰ ਕੀਤਾ ਗਿਆ | ਇਸੇ ਤਰ੍ਹਾਂ, ਥਾਣਾ ਸਦਰ ਮੋਰਿੰਡਾ ਨੇ ਨਸ਼ਾ ਕਰਨ ਦੇ ਆਦੀ ਅਮਿ੍ਤਪਾਲ ਸਿੰਘ ਅਤੇ ਥਾਣਾ ਸ੍ਰੀ ਅਨੰਦਪੁਰ ਸਾਹਿਬ ਨੇ ਗੋਪਾਲ ਦਾਸ ਉਰਫ ਰਾਹੁਲ ਨੂੰ ਗਿ੍ਫ਼ਤਾਰ ਕੀਤਾ | ਸਾਰਿਆਂ ਖ਼ਿਲਾਫ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ | ਦੱਸਿਆ ਕਿ ਪ੍ਰੋਜੈਕਟ 'ਸੰਪਰਕ' ਅਧੀਨ ਪਿੰਡਾਂ ਵਿਚ ਮੀਟਿੰਗਾਂ ਰਾਹੀਂ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ | ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ |