ਨੂਰਪੁਰ ਬੇਦੀ, 19 ਸਤੰਬਰ (ਵਿੰਦਰਪਾਲ ਝਾਂਡੀਆਂ, ਹਰਦੀਪ ਸਿੰਘ ਢੀਂਡਸਾ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਸੰਗਠਨ ਸਿਰਜਣ ਅਭਿਆਨ ਤਹਿਤ ਅੱਜ ਨੂਰਪੁਰ ਬੇਦੀ ਬਲਾਕ ਕਾਂਗਰਸ ਦੀ ਇਕ ਭਰਵੀਂ ਅਹਿਮ ਮੀਟਿੰਗ ਪਿੰਡ ਭੱਟੋਂ ਵਿਖੇ ਸਥਿੱਤ ਰੁਤਬਾ ਪਾਰਟੀ ਹਾਲ 'ਚ ਹੋਈ | ਇਸ ਮਹੱਤਵਪੂਰਨ ਮੀਟਿੰਗ ਦੀ ਅਗਵਾਈ ਰੂਪਨਗਰ ਜ਼ਿਲ੍ਹਾ ਆਬਜ਼ਰਵਰ ਸੁਭਾਸ਼ ਚੋਪੜਾ ਨੇ ਕੀਤੀ, ਜਦਕਿ ਹਲਕਾ ਰੂਪਨਗਰ ਦੇ ਇੰਚਾਰਜ ਬਰਿੰਦਰ ਸਿੰਘ ਢਿੱਲੋਂ ਨੇ ਇਸ ਸਮਾਗਮ ਦਾ ਆਯੋਜਨ ਕੀਤਾ | ਮੀਟਿੰਗ ਵਿਚ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਗਠਨ ਸਿਰਜਣ ਅਭਿਆਨ ਦੇ ਕੋਆਰਡੀਨੇਟਰ, ਸਾਬਕਾ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਇਸ ਮੌਕੇ ਸੁਭਾਸ਼ ਚੋਪੜਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜੇ ਸੰਗਠਨ ਮਜ਼ਬੂਤ ਹੋਵੇ ਤਾਂ 2027 ਦੇ ਵਿਧਾਨ ਸਭਾ ਚੋਣਾਂ 'ਚ ਰੂਪਨਗਰ ਹਲਕੇ ਤੋਂ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੇਗੀ | ਹਰ ਵਰਕਰ ਦੀ ਭੂਮਿਕਾ ਅਹਿਮ ਹੈ, ਅਤੇ ਮਜ਼ਬੂਤ ਨੈੱਟਵਰਕ ਹੀ ਕਾਮਯਾਬੀ ਦੀ ਚਾਬੀ ਹੈ | ਉਨਾਂ ਨੇ ਕਿਹਾ ਕਿ ਇਹ ਇਕੱਠ ਨਾ ਕੇਵਲ ਸੰਗਠਨਨਕ ਏਕਤਾ ਦਾ ਪ੍ਰਤੀਕ ਸੀ, ਬਲਕਿ 2027 ਦੀ ਜਿੱਤ ਲਈ ਤਿਆਰੀ ਦਾ ਨਵਾਂ ਮੋੜ ਵੀ ਸਾਬਤ ਹੋਇਆ ਹੈ | ਬਰਿੰਦਰ ਸਿੰਘ ਢਿੱਲੋ ਆਏ ਸਾਰਿਆ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਰੂਪਨਗਰ ਹਲਕੇ ਦੇ ਨੂਰਪੁਰ ਬੇਦੀ ਬਲਾਕ ਦੇ ਕਾਂਗਰਸ ਬਲਾਕ ਪ੍ਰਧਾਨ, ਜ਼ਿਲ੍ਹਾ ਕਾਂਗਰਸ ਅਹੁਦੇਦਾਰ, ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਸਰਪੰਚ,ਪੰਚ, ਮਹਿਲਾ ਕਾਂਗਰਸ,ਯੂਥ ਕਾਂਗਰਸ ਅਤੇ ਸਮਰਪਿਤ ਵਰਕਰ ਮੌਜੂਦ ਰਹੇ |