ਰੂਪਨਗਰ, 19 ਸਤੰਬਰ (ਸਤਨਾਮ ਸਿੰਘ ਸੱਤੀ)-ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕਿ੍ਸ਼ਨਪਾਲ ਗੁਰਜਰ ਨੇ ਅੱਜ ਰੂਪਨਗਰ ਦੇ ਕੈਨਾਲ ਰੈਸਟ ਹਾਊਸ ਵਿਚ ਸੱਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਪੰਜਾਬ ਸਰਕਾਰ ਦੀ ਲਾਪਰਵਾਹੀ ਅਤੇ ਖਰਾਬ ਪ੍ਰਬੰਧਨ 'ਤੇ ਤਿੱਖੇ ਸਵਾਲ ਚੁੱਕੇ | ਇਸ ਮੌਕੇ ਭਾਜਪਾ ਨੇਤਾ ਇਕਬਾਲ ਸਿੰਘ ਲਾਲਪੁਰਾ, ਸੁਭਾਸ਼ ਸ਼ਰਮਾ, ਜਗਦੀਸ਼ ਚੰਦਰ ਕਾਜਲਾ, ਐਡਵੋਕੇਟ ਅਮਨਪ੍ਰੀਤ ਸਿੰਘ ਕਾਬੜਵਾਲ ਅਤੇ ਹਿੰਮਤ ਸਿੰਘ ਗਿਰਨ ਆਦਿ ਵੀ ਹਾਜ਼ਰ ਸਨ | ਮੰਤਰੀ ਨੇ ਦੱਸਿਆ ਕਿ ਉਹ ਅੱਜ ਰੂਪਨਗਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਮਾਜਰੀ ਘਾੜ, ਮਾਧੋਪੁਰ, ਖੱਡ ਬਠਲੌਰ ਸਮੇਤ ਪੰਜ ਪਿੰਡਾਂ ਵਿਚ ਗਏ, ਜਿੱਥੇ ਪਿੰਡ ਵਾਸੀਆਂ ਨੇ ਗੈਰ-ਕਾਨੂੰਨੀ ਖਣਨ ਨੂੰ ਸਭ ਤੋਂ ਵੱਡੀ ਸਮੱਸਿਆ ਦੱਸਿਆ | ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਖਣਨ ਕਾਰਨ ਪੁਲ ਅਤੇ ਬੰਨ੍ਹ ਕਮਜ਼ੋਰ ਹੋ ਰਹੇ ਹਨ ਅਤੇ ਹੜ੍ਹਾਂ ਦੀ ਤਬਾਹੀ ਵਧ ਰਹੀ ਹੈ | ਸ੍ਰੀ ਗੁਰਜਰ ਨੇ ਕਿਹਾ ਕਿ ਐਲਗ੍ਰਾਂ ਅਤੇ ਅਗਮਪੁਰ ਪੁਲਾਂ ਦੀ ਹਾਲਤ ਗੰਭੀਰ ਹੈ ਅਤੇ ਇਸਦਾ ਸਿੱਧਾ ਸੰਬੰਧ ਖਣਨ ਨਾਲ ਹੈ | ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਰਾਹਤ ਅਤੇ ਪੁਨਰਵਾਸ ਲਈ ਵਚਨਬੱਧ ਹਨ | ਹੁਣ ਤੱਕ 1600 ਕਰੋੜ ਰੁਪਏ ਦੀ ਫੌਰੀ ਰਾਹਤ ਦਿੱਤੀ ਜਾ ਚੁੱਕੀ ਹੈ, ਜਦਕਿ ਅਸਲ ਨੁਕਸਾਨ ਦੀ ਰਿਪੋਰਟ ਆਉਣ ਤੋਂ ਬਾਅਦ ਵੱਧ ਤੋਂ ਵੱਧ ਮੁਆਵਜ਼ਾ ਜਾਰੀ ਕੀਤਾ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਕੋਈ ਭਰੋਸਾ ਨਹੀਂ, ਜੋ ਮੌਜੂਦਾ ਸਰਕਾਰ ਲਈ ਸ਼ਰਮਨਾਕ ਹਾਲਾਤ ਹਨ | ਮੰਤਰੀ ਨੇ ਦੋਸ਼ ਲਗਾਇਆ ਕਿ ਕੇਂਦਰ ਵੱਲੋਂ ਹਰ ਸਾਲ ਨਹਿਰਾਂ ਅਤੇ ਖੱਡਾਂ ਦੀ ਸਫ਼ਾਈ ਲਈ ਫੰਡ ਦਿੱਤੇ ਜਾਂਦੇ ਹਨ, ਪਰ ਸਰਕਾਰ ਨੇ ਉਹਨਾਂ ਦਾ ਸਹੀ ਇਸਤੇਮਾਲ ਨਹੀਂ ਕੀਤਾ | ਰੂਪਨਗਰ ਦੀਆਂ ਸੜਕਾਂ ਬੇਹੱਦ ਮਾੜੀ ਹਾਲਤ ਵਿਚ ਹਨ ਅਤੇ ਆਮ ਜਨਤਾ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ | ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ 'ਤੇ ਹਮਲਾ ਕਰਦਿਆਂ ਗੁਰਜਰ ਨੇ ਕਿਹਾ ਕਿ ਦੋਵਾਂ ਨੇ ਹੜ੍ਹ-ਪ੍ਰਭਾਵਿਤ ਖੇਤਰਾਂ ਦਾ ਦੌਰਾ ਕੇਵਲ ਦਿਖਾਵੇ ਲਈ ਕੀਤਾ ਹੈ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦਾ ਦੌਰਾ ਤਾਂ ਸੈਰ-ਸਪਾਟਾ ਹੀ ਸੀ, ਜਦਕਿ ਕੇਜਰੀਵਾਲ ਸਿਰਫ਼ ਰਸਮ ਨਿਭਾਉਣ ਆਏ ਸਨ |