ਰੂਪਨਗਰ, 19 ਸਤੰਬਰ (ਸਤਨਾਮ ਸਿੰਘ ਸੱਤੀ)-ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਨੇ ਅੱਜ ਬਾਗ਼ਬਾਨੀ ਵਿਭਾਗ ਵਲੋਂ ਤਿਆਰ ਕੀਤੀਆਂ ਸਰਦ ਰੁੱਤ ਦੀਆਂ ਸਬਜ਼ੀ ਬੀਜ ਮਿੰਨੀ ਕਿੱਟਾਂ ਜ਼ਿਲ੍ਹਾ ਰੂਪਨਗਰ ਲਈ ਜਾਰੀ ਕੀਤੀਆਂ | ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰੇਲੂ ਬਗੀਚੀਆਂ ਵਿਚ ਜ਼ਹਿਰ ਰਹਿਤ ਸਬਜ਼ੀਆਂ ਉਗਾ ਕੇ ਸਿਹਤਮੰਦ ਜੀਵਨ ਅਪਣਾਇਆ ਜਾਵੇ | ਉਨ੍ਹਾਂ ਕਿਹਾ ਕਿ ਤਾਜ਼ੀਆਂ ਸਬਜ਼ੀਆਂ ਸਿਹਤ ਲਈ ਫ਼ਾਇਦੇਮੰਦ ਹੋਣ ਦੇ ਨਾਲ ਘਰੇਲੂ ਖਰਚ ਵਿਚ ਵੀ ਬਚਤ ਕਰਦੀਆਂ ਹਨ | ਸਹਾਇਕ ਡਾਇਰੈਕਟਰ ਬਾਗ਼ਬਾਨੀ ਵਿਜੈ ਪ੍ਰਤਾਪ ਨੇ ਕਿਹਾ ਕਿ ਘਰੇਲੂ ਪੱਧਰ 'ਤੇ ਸਬਜੀਆਂ ਵਿਚ ਕੀੜੇ ਤੇ ਬਿਮਾਰੀਆਂ ਦੀ ਰੋਕਥਾਮ ਜੈਵਿਕ ਤਰੀਕਿਆਂ ਨਾਲ ਕਰਨੀ ਚਾਹੀਦੀ ਹੈ | ਉਨ੍ਹਾਂ ਨੇ ਰਸਾਇਣਕ ਖਾਦਾਂ ਦੀ ਬਜਾਏ ਰੂੜੀ ਖਾਦ ਤੇ ਗੰਡੋਆ ਖਾਦ ਦੀ ਵਰਤੋਂ ਦੀ ਸਿਫਾਰਸ਼ ਕੀਤੀ | ਬਾਗ਼ਬਾਨੀ ਵਿਕਾਸ ਅਫ਼ਸਰ ਡਾ. ਚਤੁਰਜੀਤ ਸਿੰਘ ਰਤਨ ਨੇ ਦੱਸਿਆ ਕਿ ਸਬਜ਼ੀ ਬੀਜ ਕਿੱਟ ਵਿਚ ਮਟਰ, ਮੇਥੀ, ਧਨੀਆ, ਬਰੌਕਲੀ, ਪਾਲਕ, ਚੀਨੀ ਸਰੋਂ, ਮੂਲੀ, ਸ਼ਲਗਮ ਅਤੇ ਗਾਜਰ ਦੇ ਬੀਜ ਸ਼ਾਮਲ ਹਨ | ਇਹ ਬੀਜ 3-4 ਮਰਲੇ ਰਕਬੇ 'ਚ ਲਗਾ ਕੇ ਇੱਕ ਪਰਿਵਾਰ ਲਈ ਲਗਭਗ 200-250 ਕਿਲੋ ਸਬਜ਼ੀ ਤਿਆਰ ਕੀਤੀ ਜਾ ਸਕਦੀ ਹੈ | ਇਸ ਮੌਕੇ ਬਾਗਬਾਨੀ ਵਿਕਾਸ ਅਫ਼ਸਰ ਯੁਵਰਾਜ ਅਤੇ ਬਾਗਬਾਨੀ ਉਪ ਨਿਰੀਖਕ ਸੁਮੇਸ਼ ਕੁਮਾਰ ਵੀ ਹਾਜ਼ਰ ਸਨ |