ਰੂਪਨਗਰ, 20 ਸਤੰਬਰ (ਸਤਨਾਮ ਸਿੰਘ ਸੱਤੀ)-ਝੋਨੇ ਦੇ ਸੀਜ਼ਨ ਦੀ ਪਹਿਲੀ ਢੇਰੀ ਅੱਜ ਰੂਪਨਗਰ ਮੰਡੀ ਵਿਚ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਆੜ੍ਹਤੀ ਅਵਤਾਰ ਸਿੰਘ ਦੀ ਆੜਤ 'ਤੇ ਪੁੱਜੀ | ਇਸ ਮੌਕੇ ਆੜ੍ਹਤੀਆਂ ਵਲੋਂ ਕਿਸਾਨ ਹਰਿੰਦਰ ਸਿੰਘ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਰਸਮੀ ਤੌਰ 'ਤੇ ਬੋਲੀ ਆਰੰਭ ਕੀਤੀ ਗਈ | ਮਾਰਕੀਟ ਕਮੇਟੀ ਰੂਪਨਗਰ ਦੇ ਚੇਅਰਮੈਨ ਭਾਗ ਸਿੰਘ ਮਦਾਨ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ ਸਮੇਤ ਕਈ ਪ੍ਰਮੁੱਖ ਆਗੂ ਤੇ ਆੜ੍ਹਤੀ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ | ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਨੇ ਸਭ ਦਾ ਸਵਾਗਤ ਕਰਦੇ ਹੋਏ ਝੋਨਾ ਲੈ ਕੇ ਆਏ ਕਿਸਾਨ ਹਰਿੰਦਰ ਸਿੰਘ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਬੋਲੀ ਲਈ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ | ਚੇਅਰਮੈਨ ਭਾਗ ਸਿੰਘ ਮਦਾਨ ਨੇ ਕਿਹਾ ਕਿ ਮੰਡੀਆਂ ਵਿਚ ਖਰੀਦ ਅਤੇ ਕਿਸਾਨਾਂ ਦੀ ਸਹੂਲਤ ਲਈ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਇਸ ਮੌਕੇ ਯੂਥ ਵਿੰਗ ਪ੍ਰਧਾਨ ਚੇਤਨ ਕਾਲੀਆ, ਜ਼ਿਲ੍ਹਾ ਮੰਡੀ ਅਫ਼ਸਰ ਸੁਰਿੰਦਰ ਸਿੰਘ, ਸੈਕਟਰੀ ਨਰਿੰਦਰ ਸਿੰਘ, ਇੰਸਪੈਕਟਰ ਰਣਵੀਰ ਸਿੰਘ, ਸੁਮਿਤ ਗੁਪਤਾ, ਸੁਰਿੰਦਰ ਪਾਲ ਕੌਸ਼ਲ, ਮੰਡੀ ਪ੍ਰਧਾਨ ਰਘਵੀਰ ਸਿੰਘ ਸਮੇਤ ਕਈ ਆੜ੍ਹਤੀ ਜਿਵੇਂ ਅਰੁਣ ਚੌਧਰੀ, ਧਰਮਿੰਦਰ ਕੁਮਾਰ ਬੰਟੀ, ਬਲਦੇਵ ਸਿੰਘ ਗਿੱਲ, ਗੌਰਵ ਕੋਲੀ, ਨਿਰਮਲ ਸਿੰਘ ਆੜਤੀ, ਹਰਵਿੰਦਰ ਸਿੰਘ ਖਾਲਸਾ, ਮਨਜੀਤ ਸਿੰਘ ਲਵਲੀ ਅਤੇ ਮਨਦੀਪ ਸਿੰਘ ਕੰਗ ਆਦਿ ਹਾਜ਼ਰ ਸਨ | ਪਹਿਲੀ ਝੋਨੇ ਦੀ ਢੇਰੀ ਦੇ ਆਉਣ ਨਾਲ ਰੂਪਨਗਰ ਮੰਡੀ ਵਿੱਚ ਨਵੀਂ ਖਰੀਦ ਮੁਹਿੰਮ ਦੀ ਸ਼ੁਰੂਆਤ ਹੋ ਗਈ ਹੈ, ਜਿਸ ਨਾਲ ਕਿਸਾਨਾਂ ਵਿਚ ਉਤਸ਼ਾਹ ਦਾ ਮਾਹੌਲ ਹੈ |