ਰੂਪਨਗਰ, 20 ਸਤੰਬਰ (ਸਟਾਫ਼ ਰਿਪੋਰਟਰ)-ਰੂਪਨਗਰ ਪੁਲਿਸ ਵਲੋਂ ਹਿਮਾਚਲ ਸਰਹੱਦ 'ਤੇ 07 ਇੰਟਰਸਟੇਟ ਨਾਕੇ ਲਗਾ ਕੇ 'ਆਪ੍ਰੇਸ਼ਨ ਸੀਲ-20' ਚਲਾਇਆ ਗਿਆ | ਸੀਨੀਅਰ ਕਪਤਾਨ ਪੁਲਿਸ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਆਪ੍ਰੇਸ਼ਨ ਵਿਚ 02 ਐਸ.ਪੀਜ਼, 04 ਡੀ.ਐਸ.ਪੀਜ਼, 07 ਇੰਸਪੈਕਟਰ ਅਤੇ 105 ਪੁਲਿਸ ਮੁਲਾਜ਼ਮ ਤਾਇਨਾਤ ਸਨ | ਇਸ ਦੌਰਾਨ ਐਨ.ਡੀ.ਪੀ.ਐਸ. ਐਕਟ ਤਹਿਤ 01 ਮੁਕੱਦਮਾ ਦਰਜ ਕਰਕੇ 01 ਵਿਅਕਤੀ ਨੂੰ 150 ਗ੍ਰਾਮ ਅਫੀਮ ਸਮੇਤ ਗਿ੍ਫਤਾਰ ਕੀਤਾ ਗਿਆ | ਇਸ ਤੋਂ ਇਲਾਵਾ, 22 ਸ਼ੱਕੀ ਵਿਅਕਤੀਆਂ ਨੂੰ ਰਾਊਾਡ ਅੱਪ ਕਰਕੇ ਪੁੱਛਗਿੱਛ ਕੀਤੀ ਗਈ, 159 ਵਾਹਨ ਚੈੱਕ ਕੀਤੇ ਗਏ, ਜਿਨ੍ਹਾਂ ਵਿੱਚੋਂ 29 ਦੇ ਟਰੈਫਿਕ ਚਲਾਣ ਕੀਤੇ ਗਏ ਅਤੇ 01 ਵਾਹਨ ਬੰਦ ਕੀਤਾ ਗਿਆ |ਸ. ਖੁਰਾਣਾ ਨੇ ਕਿਹਾ ਕਿ ਰੂਪਨਗਰ ਪੁਲਿਸ ਵਲੋਂ ਨਸ਼ਿਆਂ ਦੇ ਖ਼ਿਲਾਫ਼ ਰੋਜ਼ਾਨਾ ਨਾਕਾਬੰਦੀ, ਗਸ਼ਤ ਅਤੇ ਸਰਚ ਆਪ੍ਰੇਸ਼ਨ ਚਲਾਏ ਜਾ ਰਹੇ ਹਨ, ਕਿਸੇ ਵੀ ਮਾੜੇ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਅਤੇ ਜ਼ਿਲ੍ਹੇ ਵਿਚ ਅਮਨ-ਕਾਨੂੰਨ ਦੀ ਸਥਿਤੀ ਹਰ ਹਾਲ ਬਣਾਈ ਰੱਖੀ ਜਾਵੇਗੀ | ਉਨ੍ਹਾਂ ਕਿਹਾ ਕਿ ਇਹ ਵਿਸ਼ੇਸ਼ ਮੁਹਿੰਮ ਅੱਗੇ ਵੀ ਲਗਾਤਾਰ ਜਾਰੀ ਰਹੇਗੀ ਤਾਂ ਜੋ ਸਮਾਜ ਵਿੱਚੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ |