ਰੂਪਨਗਰ, 20 ਸਤੰਬਰ (ਸਤਨਾਮ ਸਿੰਘ ਸੱਤੀ)-ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਸੰਗਠਨ ਸਿਰਜਨ ਮੁਹਿੰਮ ਤਹਿਤ ਸਾਬਕਾ ਸਪੀਕਰ ਅਤੇ ਸਾਬਕਾ ਪ੍ਰਧਾਨ ਦਿੱਲੀ ਕਾਂਗਰਸ ਕਮੇਟੀ ਸੁਭਾਸ਼ ਚੋਪੜਾ ਰੂਪਨਗਰ ਜ਼ਿਲ੍ਹੇ ਵਿਚ ਓਬਜ਼ਰਵਰ ਦੇ ਤੌਰ 'ਤੇ ਆਏ ਹੋਏ ਹਨ | ਉਹ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਵਰਕਰਾਂ, ਮੰਡਲ ਪ੍ਰਧਾਨਾਂ, ਫਰੰਟਲ ਆਰਗਨਾਈਜ਼ੇਸ਼ਨਾਂ, ਕੌਂਸਲਰਾਂ ਅਤੇ ਅਹੁਦੇਦਾਰਾਂ ਨਾਲ ਰਾਏਸ਼ੁਮਾਰੀ ਕਰ ਰਹੇ ਹਨ ਅਤੇ ਜ਼ਿਲ੍ਹਾ ਪ੍ਰਧਾਨਗੀ ਲਈ ਨਾਮਜ਼ਦਗੀਆਂ ਪ੍ਰਾਪਤ ਕਰ ਰਹੇ ਹਨ | ਅੱਜ ਉਨ੍ਹਾਂ ਨੇ ਜ਼ਿਲ੍ਹਾ ਕਾਂਗਰਸ ਦਫ਼ਤਰ ਵਿਖੇ ਸ੍ਰੀ ਚਮਕੌਰ ਸਾਹਿਬ, ਮੋਰਿੰਡਾ, ਰੂਪਨਗਰ, ਨੂਰਪੁਰ ਬੇਦੀ, ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਬਲਾਕਾਂ ਦੇ ਵਰਕਰਾਂ ਨਾਲ ਗੱਲਬਾਤ ਉਪਰੰਤ ਕਿਹਾ ਕਿ ਇਹ ਖੁੱਲ੍ਹੀ ਚੋਣ ਪ੍ਰਕਿਰਿਆ ਹੈ, ਜਿਸ ਰਾਹੀਂ ਹਰ ਵਰਕਰ ਆਪਣੀ ਨਾਮਜ਼ਦਗੀ ਭਰ ਸਕਦਾ ਹੈ | ਛੇ ਨਾਮਾਂ ਦੀ ਸਿਫਾਰਸ਼ ਹਾਈਕਮਾਂਡ ਨੂੰ ਭੇਜੀ ਜਾਵੇਗੀ, ਜਿਨ੍ਹਾਂ ਵਿੱਚੋਂ ਇੱਕ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ | ਅਣਅਧਿਕਾਰਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰਧਾਨਗੀ ਲਈ ਐਡਵੋਕੇਟ ਪਰਮਜੀਤ ਸਿੰਘ ਪੰਮਾ (ਕੌਂਸਲਰ, ਨੰਗਲ), ਲਖਵਿੰਦਰ ਸਿੰਘ ਭੂਰਾ (ਬੇਲਾ), ਜੇ.ਪੀ.ਐਸ. ਢੇਰ (ਸਾਬਕਾ ਪ੍ਰਧਾਨ, ਬਾਰ ਐਸੋਸੀਏਸ਼ਨ), ਰਜੇਸ਼ ਕੁਮਾਰ (ਕੌਂਸਲਰ), ਕਵਿਤਾ ਸੈਣੀ (ਸਪੁੱਤਰੀ, ਸਾਬਕਾ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਣੀ), ਅਮਰਜੀਤ ਸਿੰਘ ਭੁੱਲਰ (ਸੀਨੀਅਰ ਕਾਂਗਰਸ ਆਗੂ), ਸੁਖਦੇਵ ਸਿੰਘ (ਕਾਂਗਰਸ ਬੁਲਾਰਾ), ਰਾਜੇਸ਼ਵਰ ਲਾਲੀ, ਹਰਵਿੰਦਰ ਸਿੰਘ ਲੱਕੀ (ਮੋਰਿੰਡਾ),ਦਰਸ਼ਨ ਸਿੰਘ ਸੰਧੂ ਅਤੇ ਹਰਵਿੰਦਰ ਕੌਰ ਸੰਧੂ, ਸ਼ਿਵ ਦਿਆਲ ਚੌਹਾਨ ਸਮੇਤ ਕੁੱਝ ਹੋਰ ਵਰਕਰਾਂ ਨੇ ਵੀ ਆਪਣੀਆਂ ਅਰਜ਼ੀਆਂ ਦਿੱਤੀਆਂ ਹਨ | ਸੁਭਾਸ਼ ਚੋਪੜਾ ਨੇ ਕਿਹਾ ਕਿ ਰਾਹੁਲ ਗਾਂਧੀ ਵਲੋਂ ਚਲਾਈ ਇਹ ਮੁਹਿੰਮ ਹੇਠਲੇ ਪੱਧਰ ਤੋਂ ਜਮਹੂਰੀ ਢੰਗ ਨਾਲ ਸੰਗਠਨ ਨੂੰ ਮਜ਼ਬੂਤ ਕਰਨ ਲਈ ਹੈ | ਗੁਜਰਾਤ, ਮੱਧ ਪ੍ਰਦੇਸ਼ ਅਤੇ ਹਰਿਆਣਾ ਵਿਚ ਇਹ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਮ ਆਦਮੀ ਪਾਰਟੀ 'ਤੇ ਹਮਲਾ ਕਰਦਿਆਂ ਕਿਹਾ ਕਿ ਜਿਵੇਂ ਦਿੱਲੀ ਵਿਚ ਲੋਕ ਇਸ ਪਾਰਟੀ ਤੋਂ ਮੂੰਹ ਮੋੜ ਚੁੱਕੇ ਹਨ, ਇਵੇਂ ਹੀ ਪੰਜਾਬੀ ਵੀ 2027 ਵਿਚ ਕਿਨਾਰਾ ਕਰ ਲੈਣਗੇ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ, ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਵਿਸਕੀ, ਅਮਰਜੀਤ ਸਿੰਘ ਭੁੱਲਰ, ਐਡਵੋਕੇਟ ਜੇ.ਪੀ.ਐਸ. ਢੇਰ, ਸੁਰਿੰਦਰ ਸਿੰਘ ਹਰੀਪੁਰ, ਕਵਿਤਾ ਸੈਣੀ, ਐਡਵੋਕੇਟ ਪਰਮਜੀਤ ਸਿੰਘ ਪੰਮਾ, ਹਰਵਿੰਦਰ ਸਿੰਘ ਲੱਕੀ, ਦਰਸ਼ਨ ਸਿੰਘ ਸੰਧੂ, ਕੌਂਸਲਰ ਰਜੇਸ਼ ਕੁਮਾਰ, ਰਾਜੇਸ਼ਵਰ ਲਾਲੀ ਆਦਿ ਆਗੂ ਹਾਜ਼ਰ ਸਨ |