ਭੁੱਨਰਹੇੜੀ, 30 ਅਗਸਤ (ਧਨਵੰਤ ਸਿੰਘ)-ਬੇਲਰ ਯੂਨੀਅਨ ਦੇ ਬਲਾਕ ਭੁੱਨਰਹੇੜੀ ਦੀ ਮੀਟਿੰਗ ਗੁਰਮੀਤ ਸਿੰਘ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਭੁੱਨਰਹੇੜੀ 'ਚ ਹੋਈ ਜਿਸ ਵਿਚ ਵਿਸ਼ੇਸ਼ ਤੌਰ 'ਤੇ ਬੇਲਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਲੱਖੋ ਮਾਜਰਾ ਤੇ ਹਰਮਿੰਦਰ ਸਿੰਘ ਜੋਗੀਪੁਰ, ਗੁਰਭੇਜ ਸਿੰਘ ਜੋਗੀਪੁਰ ਸ਼ਾਮਿਲ ਹੋਏ | ਇਸ ਮੀਟਿੰਗ ਵਿਚ ਆਗਾਮੀ ਪਰਾਲੀ ਦੇ ਸੀਜ਼ਨ ਵਿਚ ਪੂਰਾ ਰੇਟ ਨਾ ਮਿਲਣ 'ਤੇ ਆ ਰਹੀਆਂ ਮੁਸ਼ਕਲਾਂ ਸੰਬੰਧੀ ਵਿਸ਼ੇਸ਼ ਚਰਚਾ ਕੀਤੀ ਗਈ | ਇਸ ਮੌਕੇ ਬੇਲਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਲੱਖੋ ਮਾਜਰਾ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਚੁੱਕਣ ਲਈ ਬੇਲਰ ਮਾਲਕਾਂ ਦਾ 1052 ਰੁਪਏ ਪ੍ਰਤੀ ਕੁਇੰਟਲ ਖਰਚਾ ਆਉਂਦਾ ਹੈ ਅਤੇ ਸਮੂਹ ਯੂਨੀਅਨ ਵਲੋਂ 1098 ਰੁਪਏ ਪ੍ਰਤੀ ਕੁਇੰਟਲ ਸਰਕਾਰ ਅਤੇ ਫ਼ੈਕਟਰੀਆਂ ਦੇ ਮਾਲਕਾਂ ਤੋਂ ਮੰਗ ਕਰਦੇ ਹਾਂ | ਉਨ੍ਹਾਂ ਕਿਹਾ ਕਿ ਸਾਡੀ ਇਸ ਨਾਲ ਭਰਪਾਈ ਹੋ ਸਕਦੀ ਹੈ | ਪ੍ਰਧਾਨ ਲੱਖੋ ਮਾਜਰਾ ਨੇ ਕਿਹਾ ਕਿ ਜੇਕਰ ਆਉਣ ਵਾਲੇ ਸੀਜ਼ਨ ਦੌਰਾਨ ਬੇਲਰ ਮਾਲਕਾਂ ਨੂੰ ਸਹੀ ਰੇਟ ਨਾ ਮਿਲਿਆ ਤਾਂ ਉਹ ਪੂਰੀ ਤਰ੍ਹਾਂ ਆਪਣੇ ਬੇਲਰ ਬੰਦ ਰੱਖਣਗੇ | ਉਨ੍ਹਾਂ ਕਿਹਾ ਕਿ ਕਿਸਾਨ ਵੀ ਪਰਾਲੀ ਨੂੰ ਅੱਗ ਲਾਉਣ ਲਈ ਮਜ਼ਬੂਰ ਹੋਣਗੇ ਜਿਸ ਨਾਲ ਵੱਡੇ ਪੱਧਰ 'ਤੇ ਪ੍ਰਦੂਸ਼ਣ ਫੈਲੇਗਾ | ਇਸ ਮੌਕੇ ਪਲਵਿੰਦਰ ਸਿੰਘ ਘੜਾਮ ਮੀਤ ਪ੍ਰਧਾਨ, ਜਰਨਲ ਸਕੱਤਰ ਮਨਜੀਤ ਸਿੰਘ ਬਡਲਾ, ਖ਼ਜ਼ਾਨਚੀ ਅਮਨਦੀਪ ਸਿੰਘ ਸਵਾਈ ਸਿੰਘ ਵਾਲਾ, ਗੁਰਭੇਜ ਸਿੰਘ ਨੌਗਾਵਾਂ, ਨਿਸ਼ਾਨ ਸਿੰਘ ਠਾਕੁਰਗੜ੍ਹ, ਗੁਰਮੀਤ ਸਿੰਘ ਨੈਣਾਂ, ਬਲਕਾਰ ਸਿੰਘ ਦੇਵੀਗੜ੍ਹ ਛੰਨਾ, ਗੁਰਸੇਵਕ ਸਿੰਘ ਕਰਹਾਲੀ, ਸੋਹਨ ਸ਼ਰਮਾ ਬਡਲਾ ਮੌਜੂਦ ਸਨ |