ਪਟਿਆਲਾ, 30 ਅਗਸਤ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਦੀ ਲੈਂਡ ਸ਼ਾਖਾ ਵਲੋਂ ਫਿਰ ਵੱਡੀ ਕਾਰਵਾਈ ਕਰਦਿਆਂ ਆਵਾਜਾਈ ਵਿਚ ਵਿਘਨ ਪਾਉਂਦੀਆਂ ਰੇਹੜੀਆਂ ਅਤੇ ਖੋਖਿਆਂ ਨੂੰ ਹਟਾ ਦਿੱਤਾ ਗਿਆ | ਇਹ ਖੋਕੇ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਦੇ ਅੰਦਰ ਜਾਂਦੀ ਸੜਕ ਦੇ ਉੱਪਰ ਕਾਫੀ ਲੰਬੇ ਸਮੇਂ ਤੋਂ ਰੱਖੇ ਗਏ ਸਨ | ਰੇਹੜੀਆਂ ਖੋਖੇ ਹਟਾਉਣ ਲੱਗਿਆਂ ਉਸ ਸਮੇਂ ਕੁਝ ਦਿੱਕਤ ਆਈ ਜਦੋਂ ਇਕ ਵਿਅਕਤੀ ਵਲੋਂ ਇਨ੍ਹਾਂ ਰੇਹੜੀਆਂ ਫੜੀਆਂ ਨੂੰ ਹਟਾਉਣ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ | ਪ੍ਰੰਤੂ ਨਿਗਮ ਅਧਿਕਾਰੀ ਅਤੇ ਤਹਿਸੀਲਦਾਰ ਸ. ਭੁੱਲਰ ਦੀ ਅਗਵਾਈ ਵਿਚ ਸਪਸ਼ਟ ਤੌਰ 'ਤੇ ਕਬਜ਼ਾਕਾਰੀਆਂ ਨੂੰ ਇਹ ਥਾਵਾਂ ਖਾਲੀ ਕਰਨ ਦੀ ਹਦਾਇਤ ਕਰ ਦਿੱਤੀ ਗਈ | ਜਿਸ ਤੋਂ ਬਾਅਦ ਉਕਤ ਕਬਜ਼ਾਕਾਰੀਆਂ ਵਲੋਂ ਜ਼ਿਆਦਾ ਅੜਨਾ ਮੁਨਾਸਬ ਨਹੀਂ ਸਮਝਿਆ ਗਿਆ | ਨਗਰ ਨਿਗਮ ਟੀਮ ਨਾਲ ਏ.ਐਸ.ਆਈ. ਬਲਜੀਤ ਸਿੰਘ ਦੀ ਅਗਵਾਈ ਵਿਚ ਮੌਜੂਦ ਵੱਡੀ ਗਿਣਤੀ ਪੁਲਿਸ ਕਰਮੀਆਂ ਵਲੋਂ ਵੀ ਇੱਥੇ ਸਖ਼ਤੀ ਨਾਲ ਕਾਰਵਾਈ ਕਰਦਿਆਂ ਕਬਜ਼ੇ ਹਟਵਾ ਦਿੱਤੇ ਗਏ | ਕਬਜ਼ਿਆਂ ਦੇ ਹਟਣ ਤੋਂ ਬਾਅਦ ਆਉਣ ਵਾਲੇ ਸ਼ਰਧਾਲੂਆਂ ਵਲੋਂ ਇਸ ਦਾ ਸਵਾਗਤ ਕੀਤਾ ਗਿਆ | ਕਿਉਂਕਿ ਇੱਥੇ ਮਾਤਾ ਦੇ ਮੰਦਿਰ ਆਉਣ ਵਾਲੇ ਸ਼ਰਧਾਲੂਆਂ ਨੂੰ ਚੱਲਣ ਲੱਗਿਆਂ ਵੀ ਔਖਿਆਈ ਆ ਰਹੀ ਸੀ | ਨਗਰ ਨਿਗਮ ਦੀ ਲੈਂਡ ਸ਼ਾਖਾ ਦੀ ਅਗਵਾਈ ਦਰਪਣ ਕਪਲਿਸ਼ ਵਲੋਂ ਕੀਤੀ ਜਾ ਰਹੀ ਸੀ | ਉਨ੍ਹਾਂ ਦੱਸਿਆ ਕਿ ਕਮਿਸ਼ਨਰ ਨਗਰ ਨਿਗਮ ਦੇ ਆਦੇਸ਼ਾਂ ਮੁਤਾਬਿਕ ਇਹ ਕਾਰਵਾਈ ਕੀਤੀ ਗਈ ਹੈ | ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇੱਥੇ ਇਨ੍ਹਾਂ ਕਬਜ਼ਾਕਾਰੀਆਂ ਵਲੋਂ ਆਵਾਜਾਈ ਵਿਚ ਵਿਘਨ ਪਾਇਆ ਜਾ ਰਿਹਾ ਸੀ |