ਸਮਾਣਾ, 30 ਅਗਸਤ (ਪ੍ਰੀਤਮ ਸਿੰਘ ਨਾਗੀ)-ਸਮਾਣਾ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਰਛਪਾਲ ਸਿੰਘ ਜੌੜਾਮਾਜਰਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਭਾਰਤੀ ਜਨਤਾ ਪਾਰਟੀ ਵਿਰੁੱਧ ਜ਼ੋਰਦਾਰ ਰੋਸ ਵਿਖਾਵਾ ਕੀਤਾ | ਸ. ਜੌੜਾਮਾਜਰਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭਾਜਪਾ ਵਲੋਂ ਲੋਕਤੰਤਰ ਦਾ ਘਾਣ ਕਰਨ ਦੀਆਂ ਕੋਸ਼ਿਸ਼ਾਂ ਨੂੰ ਕਦੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਵਿਅਕਤੀ ਜਾਂ ਪਾਰਟੀ ਲੋਕਾਂ ਦੇ ਵੋਟ ਦੇ ਅਧਿਕਾਰ ਨੂੰ ਖੋਹ ਨਹੀਂ ਸਕਦੀ | ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਚੋਣ ਕਮਿਸ਼ਨ ਵੀ ਭਾਜਪਾ ਨਾਲ ਮਿਲ ਕੇ ਵੋਟ ਚੋਰੀ ਵਿਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ | ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ 'ਵੋਟ ਚੋਰ, ਗੱਦੀ ਛੱਡੋ' ਦੇ ਨਾਅਰੇ ਲਗਾਏ ਅਤੇ ਵੋਟ ਚੋਰੀ ਦੇ ਮੁੱਦੇ 'ਤੇ ਜਨਤਕ ਜਾਗਰੂਕਤਾ ਫੈਲਾਉਣ ਦੀ ਮੁਹਿੰਮ ਸ਼ੁਰੂ ਕੀਤੀ | ਇਸ ਪ੍ਰਦਰਸ਼ਨ ਵਿਚ ਵੱਡੀ ਗਿਣਤੀ ਵਿਚ ਸਥਾਨਕ ਲੋਕ ਸ਼ਾਮਲ ਹੋਏ, ਜਿਨ੍ਹਾਂ ਨੇ ਲੋਕਤੰਤਰ ਦੀ ਮਜ਼ਬੂਤੀ ਲਈ ਇਕਜੁੱਟਤਾ ਦਾ ਸੁਨੇਹਾ ਦਿੱਤਾ | ਕਾਂਗਰਸ ਕਾਰਜਕਰਤਾਵਾਂ ਨੇ ਗੱਡੀਆਂ 'ਤੇ ਵੋਟ ਚੋਰੀ ਬੰਦ ਕਰੋ ਦੇ ਸਟਿੱਕਰ ਵੀ ਲਗਾਏ | ਇਸ ਰੋਸ ਮੁਜ਼ਾਹਰੇ ਵਿਚ ਕਾਂਗਰਸ ਆਗੂ ਮੰਨੂੰ ਸ਼ਰਮਾ, ਸੁਰਜੀਤ ਸਿੰਘ ਅਤੇ ਰਿੰਪੀ ਵੀ ਸ਼ਾਮਲ ਹੋਏ |