ਐੱਸ. ਏ. ਐੱਸ. ਨਗਰ, 30 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਸੀਨੀਅਰ ਸਹਾਇਕ ਦੇ ਅਹੁਦੇ 'ਤੇ ਤਾਇਨਾਤ ਸੁਖਵਿੰਦਰ ਸਿੰਘ ਪੁੱਤਰ ਸਰਦਾਰਾ ਸਿੰਘ ਬੀਤੀ 26 ਫਰਵਰੀ ਤੋਂ ਆਪਣੇ ਜੱਦੀ ਪਿੰਡ ਚੁੰਨੀ ਖ਼ੁਰਦ ਤੋਂ ਲਾਪਤਾ ਚੱਲ ਰਿਹਾ ਹੈ | ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਵਲੋਂ ਡੀ. ਜੀ. ਪੀ. ਪੀ. ਪੰਜਾਬ ਨੂੰ ਪੱਤਰ ਲਿਖ ਕੇ ਸੁਖਵਿੰਦਰ ਸਿੰਘ ਦੀ ਭਾਲ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਗਈ ਹੈ | ਸੁਖਵਿੰਦਰ ਸਿੰਘ ਦੇ ਚਾਚਾ ਜਰਨੈਲ ਸਿੰਘ ਚੁੰਨੀ ਸਾਬਕਾ ਪ੍ਰਧਾਨ ਬੋਰਡ ਕਰਮਚਾਰੀ ਐਸੋਸੀਏਸ਼ਨ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਸਿੱਖਿਆ ਬੋਰਡ ਦੇ ਪੇਪਰਾਂ ਦੌਰਾਨ ਇਕ ਅਧਿਕਾਰੀ ਵਲੋਂ ਦੁਰਵਿਵਹਾਰ ਕੀਤੇ ਜਾਣ ਕਾਰਨ ਮਾਨਸਿਕ ਤਣਾਅ 'ਚੋਂ ਲੰਘ ਰਿਹਾ ਸੀ | ਉਹ 26 ਫਰਵਰੀ ਦੀ ਸ਼ਾਮ ਤੋਂ ਲਾਪਤਾ ਹੈ | ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ 27 ਫਰਵਰੀ ਨੂੰ ਹੀ ਸੰਬੰਧਤ ਥਾਣੇ ਵਿਚ ਡੀ. ਡੀ. ਆਰ. ਲਿਖਵਾ ਦਿੱਤੀ ਸੀ ਪਰ ਪੁਲਿਸ ਅੱਜ ਤੱਕ ਸੁਖਵਿੰਦਰ ਸਿੰਘ ਨੂੰ ਲੱਭਣ ਵਿਚ ਸਫ਼ਲ ਨਹੀਂ ਹੋ ਸਕੀ |