ਜਲੰਧਰ, 30 ਅਗਸਤ (ਐੱਮ. ਐੱਸ. ਲੋਹੀਆ)-ਸਮਾਜ ਸੇਵਾਵਾਂ 'ਚ ਮੋਹਰੀ ਰਹਿਣ ਵਾਲੇ ਕੈਪੀਟੋਲ ਹਸਪਤਾਲ, ਜਲੰਧਰ ਦੇ ਪ੍ਰਬੰਧਕਾਂ ਵਲੋਂ ਹੜ੍ਹ ਦੇ ਰੂਪ 'ਚ ਆਈ ਕੁਦਰਤੀ ਆਫ਼ਤ ਤੋਂ ਪ੍ਰਭਾਵਿਤ ਹੋਏ ਪੰਜਾਬ ਦੇ ਲੋਕਾਂ ਨੂੰ ਰਾਹਤ ਦੇਣ ਲਈ ਵੱਡਾ ਉਪਰਾਲਾ ਕੀਤਾ ਗਿਆ ਹੈ | ਇਸ ਤਹਿਤ ਕੈਪੀਟੋਲ ਹਸਪਤਾਲ ਵਲੋਂ ਪਿੰਡ ਬਾਉਪੁਰ ਜ਼ਦੀਦ, ਸੁਲਤਾਨਪੁਰ ਲੋਧੀ ਵਿਖੇ 'ਹੜ੍ਹ ਰਾਹਤ ਮੈਡੀਕਲ ਕੈਂਪ' ਲਗਾਇਆ ਗਿਆ, ਜਿਸ 'ਚ ਹੜ੍ਹ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਜ਼ਰੂਰੀ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ | ਇਸ ਮੈਡੀਕਲ ਕੈਂਪ 'ਚ ਕੈਪੀਟੋਲ ਹਸਪਤਾਲ ਦੀ ਮੈਡੀਕਲ ਟੀਮ, ਜਿਸ 'ਚ ਡਾਕਟਰ, ਨਰਸਾਂ ਅਤੇ ਸਹਾਇਕ ਸਟਾਫ਼ ਸ਼ਾਮਲ ਸਨ, ਵਲੋਂ ਮੁਫ਼ਤ ਸਿਹਤ ਜਾਂਚ, ਸਲਾਹ-ਮਸ਼ਵਰਾ ਅਤੇ ਜ਼ਰੂਰੀ ਦਵਾਈਆਂ ਵੰਡੀਆਂ ਗਈਆਂ ਅਤੇ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਮੈਡੀਕਲ ਸਹਾਇਤਾ ਮਿਲ ਸਕੀ | ਡਾ. ਹਰਨੂਰ ਸਿੰਘ ਪਰੂਥੀ, ਡਾਇਰੈਕਟਰ ਮੈਡੀਕਲ ਨੇ ਕਿਹਾ ਕਿ ਉਹ ਸਾਰੇ ਪ੍ਰਭਾਵਿਤ ਖੇਤਰਾਂ ਤੱਕ ਪਹੁੰਚਣ ਅਤੇ ਮੈਡੀਕਲ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹਨ |