ਠੱਠੀ ਭਾਈ, 30 ਅਗਸਤ (ਜਗਰੂਪ ਸਿੰਘ ਮਠਾੜੂ)-ਸੰਤ ਸਮਾਜ ਦੇ ਆਗੂ ਇਕਬਾਲ ਸਿੰਘ ਕਾਲਾ ਬਾਬਾ ਦੱਲੂਵਾਲਾ ਪ੍ਰਮਾਤਮਾ ਦੇ ਭਾਣੇ ਅਨੁਸਾਰ ਸਰੀਰਕ ਚੋਲਾ ਤਿਆਗਦਿਆਂ ਸਦੀਵੀ ਵਿਛੋੜਾ ਲੈ ਕੇ ਸਤਿਗੁਰ ਦੇ ਚਰਨਾਂ 'ਚ ਲੀਨ ਹੋ ਗਏ ਹਨ | ਉਨ੍ਹਾਂ ਦੇ ਚਲੇ ਜਾਣ ਦੀ ਖ਼ਬਰ ਸੁਣਦੇ ਹੀ ਇਲਾਕੇ ਭਰ ਦੀਆਂ ਸੰਗਤਾਂ 'ਚ ਸੋਗ ਦੀ ਲਹਿਰ ਦੌੜ ਗਈ ਹੈ | ਗੁਰਚਰਨ ਸਿੰਘ ਠੱਠੀ ਭਾਈ ਨੇ ਦੱਸਿਆ ਕਿ ਬਾਬਾ ਇਕਬਾਲ ਸਿੰਘ ਦਾ ਜੀਵਨ ਹਮੇਸ਼ਾ ਭਜਨ ਬੰਦਗੀ, ਨਾਮ ਸਿਮਰਨ ਤੇ ਗੁਰਮਤਿ ਅਨੁਸਾਰ ਹੀ ਬਤੀਤ ਹੋਇਆ | ਉਹ ਸਦਾ ਗੁਰੂ ਘਰ ਦੀ ਸੇਵਾ, ਕੀਰਤਨ ਤੇ ਸੰਗਤਾਂ ਨੂੰ ਪ੍ਰੇਰਿਤ ਕਰਨ ਵਿਚ ਲੱਗੇ ਰਹੇ | ਸਾਧਾਰਨ ਜੀਵਨ, ਉੱਚੇ ਆਦਰਸ਼ ਤੇ ਗੁਰੂ ਸਾਹਿਬ ਦੇ ਨਾਮ ਨਾਲ ਅਟੁੱਟ ਜੁੜਾਅ ਉਨ੍ਹਾਂ ਦੀ ਸ਼ਖ਼ਸੀਅਤ ਦੀ ਖਾਸ ਪਹਿਚਾਣ ਰਹੀ | ਸੰਗਤਾਂ ਨੇ ਕਿਹਾ ਕਿ ਬਾਬਾ ਇਕਬਾਲ ਸਿੰਘ ਸਦਾ ਦੂਜਿਆਂ ਦੀ ਮਦਦ ਲਈ ਅੱਗੇ ਰਹਿੰਦੇ ਸਨ ਤੇ ਉਨ੍ਹਾਂ ਦੀਆਂ ਅਰਦਾਸਾਂ ਨਾਲ ਅਨੇਕਾਂ ਪਰਿਵਾਰਾਂ ਨੂੰ ਆਤਮਿਕ ਤਸੱਲੀ ਮਿਲਦੀ ਸੀ | ਉਨ੍ਹਾਂ ਦੀ ਬਾਣੀ ਨਾਲ ਪ੍ਰੇਮ ਤੇ ਭਜਨ ਬੰਦਗੀ ਦੀ ਪ੍ਰੇਰਨਾ ਸਦਾ ਲਈ ਯਾਦ ਰਹੇਗੀ |