ਦਿੜ੍ਹਬਾ ਮੰਡੀ, 30 ਅਗਸਤ (ਹਰਬੰਸ ਸਿੰਘ ਛਾਜਲੀ)- ਦਿੜ੍ਹਬਾ ਸ਼ਹਿਰ 'ਚ ਚੋਰੀਆਂ ਦੀ ਭਰਮਾਰ ਹੈ | ਬੇਖ਼ੌਫ ਚੋਰ ਸ਼ਹਿਰ 'ਚ ਚੋਰੀਆਂ ਕਰ ਰਹੇ ਹਨ | ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਰਾਤ ਨੂੰ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਮਾਨਿਕ ਟਾਇਰ ਸਟੋਰ 'ਤੇ ਚੋਰ ਟਾਇਰ ਚੋਰੀ ਕਰ ਕੇ ਲੈ ਗਏ | ਦੋ ਦਿਨ ਪਹਿਲਾਂ ਆਮ ਆਦਮੀ ਕਲੀਨਿੰਗ ਅਤੇ ਵੈਟਰਨਰੀ ਹਸਪਤਾਲ ਵਿਚ ਚੋਰਾਂ ਨੇ ਹੱਥ ਸਾਫ਼ ਕੀਤੇ ਸਨ | ਟਾਇਰਾਂ ਦੀ ਦੁਕਾਨ ਦੇ ਮਾਲਕ ਰਾਜੀਵ ਕੁਮਾਰ ਨੇ ਦੱਸਿਆ ਕਿ ਸਵੇਰੇ 4 ਵਜੇ ਚੌਂਕੀਦਾਰ ਦਾ ਫ਼ੋਨ ਆਇਆ ਕਿ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ | ਜਦ ਦੁਕਾਨ 'ਤੇ ਪਹੁੰਚੇ ਤਾਂ ਟਰੱਕਾਂ ਵਾਲੇ ਟਾਇਰ ਚੋਰੀ ਸਨ | ਟਾਇਰਾਂ ਦੀ ਕੀਮਤ ਕਰੀਬ 6 ਲੱਖ ਰੁਪਏ ਹੈ | ਚੋਰੀ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ | ਪੁਲਿਸ ਥਾਣਾ ਮੁਖੀ ਕਮਲਦੀਪ ਸਿੰਘ ਨੇ ਕਿਹਾ ਕਿ ਪੁਲਿਸ ਚੋਰੀ ਦੀ ਜਾਂਚ ਕਰ ਰਹੀ ਕੈਮਰੇ ਖੰਘਾਲੇ ਜਾ ਰਹੇ ਹਨ | ਜਲਦੀ ਹੀ ਚੋਰਾਂ ਨੂੰ ਫੜ੍ਹ ਲਿਆ ਜਾਵੇਗਾ |