ਫ਼ਿਰੋਜ਼ਪੁਰ, 20 ਸਤੰਬਰ (ਗੁਰਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ 16 ਸਤੰਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦੇ ਐਲਾਨ ਤੋਂ ਬਾਅਦ ਵੀ ਮੰਡੀਆਂ ਵਿਚ ਜ਼ਰੂਰੀ ਪ੍ਰਬੰਧ ਅਜੇ ਤੱਕ ਪੂਰੇ ਨਹੀਂ ਹੋਏ | ਹਾਲਾਂਕਿ ਸਰਕਾਰੀ ਦਾਅਵਿਆਂ ਅਨੁਸਾਰ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਪਰ ਅਸਲ ਹਕੀਕਤ ਫ਼ਿਰੋਜ਼ਪੁਰ ਸ਼ਹਿਰ ਦੀ ਮੁੱਖ ਦਾਣਾ ਮੰਡੀ 'ਚ ਵੱਖਰੀ ਹੀ ਨਜ਼ਰ ਆ ਰਹੀ ਹੈ | ਅੱਜ ਫਿਰੋਜ਼ਪੁਰ ਸ਼ਹਿਰ ਦੀ ਮੁੱਖ ਦਾਣਾ ਮੰਡੀ ਵਿਚ ਕਿਸਾਨਾਂ ਵਲੋਂ 8-10 ਟਰਾਲੀਆਂ ਝੋਨਾ ਲਿਆਂਦਾ ਗਿਆ | ਇਸ ਵਾਰ ਭਾਰੀ ਬਰਸਾਤਾਂ ਦੇ ਬਾਵਜੂਦ, ਝੋਨੇ ਦੀ ਆਮਦ ਪਿਛਲੇ ਸਾਲ ਨਾਲੋਂ ਕੁੱਝ ਪਹਿਲਾਂ ਹੋ ਰਹੀ ਹੈ | ਕਿਸਾਨਾਂ ਨੇ ਦੱਸਿਆ ਕਿ ਪੀ.ਆਰ. 111 ਅਤੇ ਪੀ.ਆਰ. 126 ਕਿਸਮਾਂ ਛੇਤੀ ਪੱਕਣ ਵਾਲੀਆਂ ਹਨ, ਜਿਸ ਕਾਰਨ ਇਹਨਾਂ ਕਿਸਮਾਂ ਦਾ ਝੋਨਾ ਮੰਡੀਆਂ ਵਿਚ ਆਉਣਾ ਸ਼ੁਰੂ ਹੋ ਗਿਆ ਹੈ ਪਰ ਮੰਡੀ ਵਿਚ ਪ੍ਰਬੰਧਾਂ ਦੀ ਹਾਲਤ ਨਿਰਾਸ਼ਾਜਨਕ ਨਜ਼ਰ ਆ ਰਹੀ ਹੈ | ਕਿਸਾਨਾਂ ਅਨੁਸਾਰ ਮੰਡੀ ਵਿਚ ਨਾ ਕੋਈ ਸਰਕਾਰੀ ਅਧਿਕਾਰੀ ਮੌਜੂਦ ਸੀ, ਨਾ ਮਾਰਕੀਟ ਕਮੇਟੀ ਤੇ ਨਾ ਹੀ ਕਿਸੇ ਖ਼ਰੀਦ ਏਜੰਸੀ ਵਲੋਂ ਕੋਈ ਨੁਮਾਇੰਦਾ | ਮੰਡੀ ਵਿਚ ਸਫ਼ਾਈ ਦੇ ਇੰਤਜ਼ਾਮ ਬਿਲਕੁਲ ਵੀ ਨਜ਼ਰ ਨਹੀਂ ਆਏ | ਪੀਣ ਵਾਲਾ ਪਾਣੀ ਵੀ ਉਪਲਬਧ ਨਹੀਂ ਤੇ ਬਿਜਲੀ ਪ੍ਰਬੰਧ ਵੀ ਅਧੂਰੇ ਹਨ | ਲਾਈਟਾਂ ਲਗਾਉਣ ਦਾ ਕੰਮ ਜਾਰੀ ਹੈ, ਰਾਤ ਸਮੇਂ ਲਾਈਟਾਂ ਦੀ ਕਮੀ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਮੁੱਖ ਦਾਣਾ ਮੰਡੀ ਵਿਚ ਇਕਲੌਤੇ ਬਾਥਰੂਮ ਤੋਂ ਇਲਾਵਾ ਨਾਲ ਲਗਦੀ ਸਬਜ਼ੀ ਮੰਡੀ ਵਿਚਲੇ ਬਾਥਰੂਮਾਂ ਦੀ ਹਾਲਤ ਗੰਦਗੀ ਦੇ ਢੇਰਾਂ ਕਾਰਨ ਬਦਤਰ ਬਣੀ ਹੋਈ ਹੈ, ਪੱਕੇ ਸ਼ੈੱਡ ਥੱਲੇ ਪਸ਼ੂਆਂ ਦੇ ਗੋਹੇ ਨਾਲ ਫ਼ਰਸ਼ ਭਰਿਆ ਹੋਇਆ ਹੈ | ਮੰਡੀਆਂ ਦੀ ਜ਼ਮੀਨੀ ਹਕੀਕਤ ਇਹ ਹੈ ਕਿ ਸਰਕਾਰੀ ਖ਼ਰੀਦ ਸ਼ੁਰੂ ਹੋਏ ਪੰਜ ਦਿਨ ਹੋ ਚੁੱਕੇ ਹਨ ਪਰ ਮੰਡੀ ਹਾਲੇ ਤੱਕ ਕਿਸਾਨਾਂ ਦੇ ਯੋਗ ਨਹੀਂ ਬਣੀ | ਸਰਕਾਰ ਤੇ ਮਾਰਕੀਟ ਕਮੇਟੀ ਦੇ ਦਾਅਵਿਆਂ ਦੇ ਉਲਟ ਕਿਸਾਨਾਂ ਨੂੰ ਅਜੇ ਹੋਰ ਬਿਨਾ ਸੁਵਿਧਾਵਾਂ ਦੇ ਆਪਣੇ ਝੋਨੇ ਦੀ ਵਿੱਕਰੀ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ |