ਖੰਨਾ, 30 ਅਗਸਤ (ਹਰਜਿੰਦਰ ਸਿੰਘ ਲਾਲ)-ਲੜਕੀਆਂ ਨੂੰ ਪਰਿਵਾਰ ਦੇ ਸਹਿਯੋਗ ਨਾਲ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਦਾ ਹਮੇਸ਼ਾ ਯਤਨ ਕਰਨਾ ਚਾਹੀਦਾ ਹੈ | ਆਪਣੇ ਖ਼ੁਦ ਦੇ ਕੰਮ ਨਾਲ ਜਿੱਥੇ ਲੜਕੀਆਂ ਆਤਮਨਿਰਭਰ ਹੋ ਸਕਦੀਆਂ ਹਨ, ਉੱਥੇ ਹੀ ਇਹ ਸਮਾਜਿਕ ਵਿਕਾਸ 'ਚ ਯੋਗਦਾਨ ਪਾਉਣ ਦਾ ਪ੍ਰਮੁੱਖ ਸਾਧਨ ਸਾਬਤ ਹੁੰਦਾ ਹੈ | ਇਹ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਇਥੇ ਇਕ ਸਟੂਡੀਓ ਦੇ ਉਦਘਾਟਨ ਸਮੇਂ ਕੀਤਾ | ਯਾਦੂ ਨੇ ਕਿਹਾ ਕਿ ਕਈ ਲੜਕੀਆਂ ਪੜ੍ਹਾਈ ਦੌਰਾਨ ਹੀ ਤੈਅ ਕਰ ਲੈਂਦੀਆਂ ਹਨ ਕਿ ਉਹ ਕਿਹੜਾ ਪੇਸ਼ਾ ਅਪਣਾਉਣ ਜਾ ਰਹੀਆਂ ਹਨ | ਕਈ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਰੁਚੀ ਰੱਖਦੀਆਂ ਹਨ ਪਰ ਕਈ ਇਸ ਗੱਲ ਨੂੰ ਲੈ ਕੇ ਉਲਝਣ 'ਚ ਰਹਿੰਦੀਆਂ ਹਨ ਕਿ ਨੌਕਰੀ ਕਰਨ ਜਾਂ ਅੱਗੇ ਪੜ੍ਹਾਈ ਕਰਨ ਜਾਂ ਕਿਸੇ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਕਰਨ | ਇਸ ਲਈ ਜੇਕਰ ਕਿਸੇ ਲੜਕੀ ਨੂੰ ਅੱਗੇ ਅਜਿਹਾ ਕੁੱਝ ਕਰਨ ਦਾ ਮੌਕਾ ਨਹੀਂ ਮਿਲਦਾ ਤਾਂ ਉਨ੍ਹਾਂ ਨੂੰ ਉੱਦਮੀ ਬਣਨ ਦਾ ਰਾਹ ਚੁਣਨਾ ਚਾਹੀਦਾ ਹੈ ਤੇ ਖ਼ੁਦ ਦਾ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਹੈ | ਇਹ ਫ਼ੈਸਲਾ ਉਨ੍ਹਾਂ ਦੇ ਜੀਵਨ ਦੀ ਦਿਸ਼ਾ ਤੈਅ ਕਰੇਗਾ | ਯਾਦੂ ਨੇ ਕਿਹਾ ਕਿ ਅੱਜ ਦੇ ਸਮੇਂ ਦੇ ਹਿਸਾਬ ਨਾਲ ਲੜਕੀਆਂ ਨੂੰ ਆਤਮਨਿਰਭਰ ਬਣਨ ਲਈ ਕਿੱਤਾ ਮੁਖੀ ਕੋਰਸ ਕਰਨੇ ਚਾਹੀਦੇ ਹਨ | ਇਸ ਮੌਕੇ ਤੇਜਿੰਦਰ ਸਿੰਘ ਇਕੋਲਾਹਾ, ਮਨਜੋਤ ਸਿੰਘ ਮੋਨੂੰ ਨਵਾਂ ਪਿੰਡ, ਬੱਲੀ ਖੰਨਾ, ਜਸਵੀਰ ਸਿੰਘ ਇਕੋਲਾਹਾ, ਸਵਰਨਜੀਤ ਕੌਰ, ਇਕਬਾਲ ਕੌਰ, ਸੰਜੀਤ ਕੌਰ ਖੱਟੜਾ, ਤਨਵੀਰ ਸਿੰਘ ਖੱਟੜਾ, ਮਨਪ੍ਰੀਤ ਸਿੰਘ ਪੂਨੀਆਂ, ਰਮਨਦੀਪ ਸਿੰਘ ਪੂਨੀਆ, ਸਮਨਜੀਤ ਸਿੰਘ, ਹਰਦੀਪ ਸਿੰਘ ਖੈਰਾ ਆਦਿ ਹਾਜ਼ਰ ਸਨ |