ਤਲਵੰਡੀ ਨੌਂ-ਆਬਾਦ ਸਤਲੁਜ ਦੇ ਬੰਨ੍ਹ 'ਤੇ ਸਥਿਤੀ ਕੰਟਰੋਲ ਹੇਠ-ਠੇਕੇਦਾਰ ਹਰਮੋਹਣ ਸਿੰਘ
ਅਜੀਤ ਡੈਸਕ
31-08-2025
ਹੰਬੜਾਂ, 30 ਅਗਸਤ (ਮੇਜਰ ਹੰਬੜਾਂ)-ਵਗਦੇ ਦਰਿਆ 'ਚ ਬੰਨ੍ਹ ਮਾਰਨ ਵਾਲੇ ਤਜਰਬੇਕਾਰ ਠੇਕੇਦਾਰ ਹਰਮੋਹਣ ਸਿੰਘ ਨੇ ਪਿੰਡ ਤਲਵੰਡੀ ਨੌ-ਅਬਾਦ ਨੇੜੇ ਲੰਘਦੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਲੱਗੀ ਢਾਹ ਨੂੰ ਰੋਕਣ ਲਈ ਚੱਲ ਰਹੇ ਕੰਮਾਂ ਤੇ ਬੰਨ੍ਹ ਦੀ ਮਜ਼ਬੂਤੀ 'ਤੇ ਤਸੱਲੀ ਪ੍ਰਗਟਾਈ ਤੇ ਕਿਹਾ ਕਿ ਖਤਰੇ ਵਾਲੀ ਕੋਈ ਗੱਲ ਨਹੀਂ ਤੇ ਪ੍ਰਸ਼ਾਸਨ ਅਧਿਕਾਰੀ ਐੱਸ.ਡੀ.ਓ, ਜੇ.ਈ ਤੇ ਹੋਰ ਕਰਮਚਾਰੀ ਸਤਲੁਜ ਦਰਿਆ ਦੇ ਬੰਨ੍ਹ 'ਤੇ ਚੱਲ ਰਹੇ ਕੰਮਾਂ 'ਤੇ ਪੂਰੀ ਨਜ਼ਰ ਰੱਖ ਰਹੇ ਹਨ | ਠੇਕੇਦਾਰ ਹਰਮੋਹਣ ਸਿੰਘ ਨੇ ਕਿਹਾ ਕਿ ਭਾਵੇਂ ਕਿ ਸਰਕਾਰ ਦੀਆਂ ਹਦਾਇਤਾਂ ਤੇ ਮਹਿਕਮੇਂ ਦੀ ਨਿਗਰਾਨੀ ਹੇਠ ਕੰਮ ਪੂਰੇ ਤੇਜ਼ੀ ਨਾਲ ਚੱਲ ਰਹੇ ਹਨ ਤੇ ਮੇਰੇ ਵਲੋਂ ਵੀ ਦਿਨ-ਰਾਤ ਕੰਮਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਇਲਾਕੇ ਦੇ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਤੇ ਹੁਣ ਤਾਂ ਮੌਸਮ ਵੀ ਠੀਕ ਹੋਣ ਲੱਗਾ ਹੈ ਤੇ ਪਾਣੀ ਦਾ ਪੱਧਰ ਵੀ ਸੀਮਤ ਰੂਪ 'ਚ ਚੱਲ ਰਿਹਾ ਹੈ | ਐੱਸ.ਡੀ.ਓ ਸਾਫਿਲ ਵਿਰਕ ਨੇ ਕਿਹਾ ਕਿ ਸੂਬਾ ਸਰਕਾਰ ਤੇ ਡਿਪਟੀ ਕਮਿਸ਼ਨਰ ਲੁਧਿਆਣਾ ਦੀਆਂ ਹਦਾਇਤਾਂ 'ਤੇ ਪ੍ਰਸ਼ਾਸਨ ਬੰਨ੍ਹ ਦੀ ਮਜ਼ਬੂਤੀ ਅਤੇ ਲੱਗੀ ਢਾਹ ਦਾ ਰੁੱਖ ਬਦਲਣ ਲਈ ਵਿਸ਼ੇਸ਼ ਕਦਮ ਚੁੱਕ ਰਿਹਾ ਹੈ ਤੇ ਹੁਣ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ, ਸਥਿਤੀ ਪੂਰੀ ਤਰ੍ਹਾਂ ਨਾਲ ਕੰਟਰੋਲ ਹੇਠ ਹੈ | ਜੇ.ਈ. ਕੋਮਲਪ੍ਰੀਤ ਸਿੰਘ, ਜੇ.ਈ. ਸੰਦੀਪ ਸਿੰਘ ਨੇ ਦੱਸਿਆ ਕਿ ਜਿੱਥੇ ਪ੍ਰਸ਼ਾਸਨ ਵਲੋਂ ਨਾਜ਼ੁਕ ਥਾਵਾਂ 'ਤੇ ਪਹਿਲਾਂ ਹੀ ਸਟੱਡ ਬਣਾਏ ਗਏ ਸਨ, ਜਿਸ ਕਾਰਨ ਪਿੱਛੇ ਤੋਂ ਆਏ ਓਵਰਫਲੋਅ ਪਾਣੀ ਵੀ ਕੋਈ ਨੁਕਸਾਨ ਨਹੀਂ ਕਰ ਸਕਿਆ ਤੇ ਜੋ ਹੁਣ ਪਾਣੀ ਵਲੋਂ ਢਾਹ ਲਗਾਈ ਗਈ ਸੀ, ਉਸ ਨੂੰ ਵੀ ਠੇਕੇਦਾਰ ਹਰਮੋਹਣ ਸਿੰਘ ਦੀ ਮੱਦਦ ਨਾਲ ਰੋਕਣ 'ਚ ਅਸੀਂ ਸਫ਼ਲ ਰਹੇ ਹਾਂ ਤੇ ਹੁਣ ਕੋਈ ਖ਼ਤਰੇ ਵਾਲੀ ਗੱਲ ਨਹੀਂ ਤੇ ਬੰਨ੍ਹ ਅੰਦਰ ਕਿਸਾਨਾਂ ਦੇ ਪਾਪੂਲਰ ਤੇ ਝੋਨੇ ਦੀਆਂ ਫ਼ਸਲਾਂ ਦਾ ਵੀ ਬਚਾਅ ਰਿਹਾ ਹੈ |