ਖੰਨਾ, 20 ਸਤੰਬਰ (ਹਰਜਿੰਦਰ ਸਿੰਘ ਲਾਲ)-ਲੋਕ ਸੰਘਰਸ਼ ਕਮੇਟੀ ਇਲਾਕਾ ਖੰਨਾ ਦੀ ਮੀਟਿੰਗ ਵਿਚ ਹੜ੍ਹਾਂ ਤੇ ਭਾਰੀ ਬਰਸਾਤ ਕਾਰਨ ਮਾਰੇ ਗਏ ਲੋਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਪੀੜਤ ਪਰਿਵਾਰਾਂ ਨਾਲ ਗਹਿਰੀ ਹਮਦਰਦੀ ਪ੍ਰਗਟ ਕੀਤੀ ਗਈ | ਲੋਕ ਸੰਘਰਸ਼ ਕਮੇਟੀ ਇਲਾਕਾ ਖੰਨਾ ਦੇ ਕਨਵੀਨਰ ਮਲਕੀਤ ਸਿੰਘ, ਕੋ ਕਨਵੀਨਰ ਗੁਰਸੇਵਕ ਸਿੰਘ ਮੋਹੀ, ਕੋ ਕਨਵੀਨਰ ਐਡਵੋਕੇਟ ਪਰਮਜੀਤ ਸਿੰਘ ਅਤੇ ਸਕੱਤਰ ਜਗਦੇਵ ਸਿੰਘ ਨੇ ਕਿਹਾ, ਕਿ ਪੰਜਾਬ ਅੰਦਰ ਕੇਂਦਰੀ ਤੇ ਸੂਬਾ ਸਰਕਾਰ ਦੀਆਂ ਲਾਪਰਵਾਹੀ ਅਤੇ ਨਲਾਇਕੀਆਂ ਕਾਰਨ ਆਏ ਹੜ੍ਹਾਂ ਕਾਰਨ ਜਾਨੀ ਤੇ ਮਾਲੀ ਨੁਕਸਾਨ ਦੀ ਭਰਪਾਈ ਕਿਸੇ ਵੀ ਕੀਮਤ 'ਤੇ ਨਹੀਂ ਕੀਤੀ ਜਾ ਸਕਦੀ | ਪਰ ਸਰਕਾਰਾਂ ਦੀ ਹੜ੍ਹ ਪੀੜਤਾਂ ਪ੍ਰਤੀ ਬੇਰੁਖ਼ੀ ਅੱਜ ਵੀ ਜੱਗ ਜ਼ਾਹਿਰ ਹੋ ਰਹੀ ਹੈ, ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਹੜ੍ਹਾਂ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਯੋਗ ਮੁਆਵਜ਼ੇ ਦੀ ਰਾਸ਼ੀ, ਫ਼ਸਲਾਂ, ਪਸ਼ੂਆਂ ਅਤੇ ਘਰਾਂ ਸਮੇਤ ਰੁੜ੍ਹੇ ਕੀਮਤੀ ਸਮਾਨ ਸਬੰਧੀ ਕੋਈ ਯੋਗ ਮੁਆਵਜ਼ੇ ਦੀ ਰਾਸ਼ੀ ਦਾ ਐਲਾਨ ਨਹੀਂ ਕੀਤਾ | ਉਨ੍ਹਾਂ ਹੜ੍ਹ ਪੀੜਤਾਂ ਦੀ ਮਦਦ 'ਤੇ ਆਏ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉਤਰ ਪ੍ਰਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਕਲਾਕਾਰਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਲੋਕ ਸੰਘਰਸ਼ ਕਮੇਟੀ ਇਲਾਕਾ ਖੰਨਾ ਵੀ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਰਾਹੀਂ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਤੱਕ ਹਰ ਸੰਭਵ ਮਦਦ ਕਰਨ ਲਈ ਤਿਆਰ ਰਹੇਗੀ | ਉਨ੍ਹਾਂ ਕੇਂਦਰ ਤੇ ਸੂਬਾ ਸਰਕਾਰ ਨੂੰ ਵੀ ਲੋਕਾਂ ਦੇ ਜਾਨੀ ਤੇ ਮਾਲੀ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ | ਲੋਕ ਸੰਘਰਸ਼ ਕਮੇਟੀ ਇਲਾਕਾ ਖੰਨਾ ਵੱਲੋਂ ਸੂਬੇ ਅੰਦਰ ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਹਿੰਸਾ ਤੇ ਨਫ਼ਰਤ ਫੈਲਾਉਣ ਖ਼ਿਲਾਫ਼ ਵੀ ਗਹਿਰੀ ਚਿੰਤਾ ਪ੍ਰਗਟ ਕੀਤੀ ਗਈ | ਮੀਟਿੰਗ ਬਲਵੀਰ ਚੰਦ, ਮੋਹਨ ਸਿੰਘ, ਮਨੀ ਰਾਮ, ਕਰਤਾਰ ਚੰਦ, ਬਲਜਿੰਦਰ ਸਿੰਘ, ਗੁਰਮੀਤ ਸਿੰਘ, ਅਵਤਾਰ ਸਿੰਘ ਭੱਟੀਆਂ, ਮੋਹਨ ਘਈ,ਇਕਬਾਲ ਸਿੰਘ, ਜਸਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ |