19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

3 ਸਤੰਬਰ ਨੂੰ 114ਵੇਂ ਜਨਮ ਦਿਵਸ 'ਤੇ ਵਿਸ਼ੇਸ਼ ਸਾਂਝੇ ਪੰਜਾਬ ਦਾ ਅਣਖੀਲਾ ਲੋਕ ਕਵੀ : ਚਿਰਾਗ ਦੀਨ ਦਾਮਨ

ਅਜੀਤ ਡੈਸਕ 31-08-2025

20ਵੀਂ ਸਦੀ ਦਾ ਚਿਰਾਗ ਦੀਨ ਦਾਮਨ ਜੋ ਕਿ ਬਾਅਦ ਵਿਚ ਉਸਤਾਦ ਦਾਮਨ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ, ਸ਼ਾਹ ਹੁਸੈਨ, ਬੁੱਲੇਸ਼ਾਹ ਅਤੇ ਵਾਰਿਸ ਸ਼ਾਹ ਤੋਂ ਬਾਅਦ ਪੰਜਾਬੀ ਦਾ ਪਹਿਲਾ ਸੱਚਾ-ਸੁੱਚਾ ਤੇ ਅਣਖੀਲਾ ਸ਼ਾਇਰ ਸੀ, ਜਿਸਨੇ ਸਮੁੱਚਾ ਜੀਵਨ ਤੰਗੀਆਂ ਤੁਰਸ਼ੀਆਂ, ਤਲਖੀਆਂ ਤੇ ਲੁੱਟ-ਖਸੁੱਟ ਹੁੰਦਿਆਂ ਹੰਢਾਇਆ। ਉਹ ਹਕੂਮਤ ਦੀ ਤਾਨਾਸ਼ਾਹੀ, ਜ਼ਬਰ ਜ਼ੁਲਮ, ਅਣਮਨੁੱਖੀ ਵਿਹਾਰ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਲੜਨ ਵਾਲਾ ਯੋਧਾ ਸੀ। ਸਾਂਝੇ ਪੰਜਾਬ ਨੇ ਪੰਜਾਬੀ ਦੇ ਅਨੇਕਾਂ ਕਵੀ, ਲੇਖਕ, ਗ਼ਜ਼ਲਗੋ ਤੇ ਸ਼ਾਇਰ ਪੈਦਾ ਕੀਤੇ ਹਨ, ਜਿਨ੍ਹਾਂ ਨੇ ਪੰਜਾਬੀ ਬੋਲੀ ਦੀ ਤਰੱਕੀ ਤੇ ਨਿਖ਼ਾਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਸਾਂਝੇ ਪੰਜਾਬ ਦਾ ਚਿਰਾਗ ਦੀਨ ਦਾਮਨ ਅਜਿਹਾ ਸ਼ਾਇਰ ਹੈ, ਜਿਹੜਾ ਲੋਕਾਂ ਦੀ ਭਾਸ਼ਾ ਪੰਜਾਬੀ ਵਿਚ ਲੋਕ ਮਸਲਿਆਂ ਤੇ ਬੜੀ ਸਰਲ ਸ਼ਬਦਾਵਲੀ ਵਿਚ ਲਿਖਦਾ ਸੀ, ਜੋ ਲੋਕਾਂ ਦੇ ਮਨਾਂ 'ਤੇ ਸਿੱਧਾ ਅਸਰ ਕਰਦੀ ਸੀ। ਉਸ ਨੇ ਆਪਣੀ ਸ਼ਾਇਰੀ ਅਣਖ ਨਾਲ ਕੀਤੀ। ਕਦੇ ਕਿਸੇ ਹਕੂਮਤ ਦੇ ਰਹਿਮੋ-ਕਰਮ 'ਤੇ ਨਹੀਂ ਰਿਹਾ। ਸਗੋਂ ਹਕੂਮਤਾਂ ਦੀਆਂ ਜ਼ੋਰ-ਜ਼ਬਰਦਸਤੀਆਂ ਤੇ ਧੱਕੇਸ਼ਾਹੀ ਦੇ ਖਿਲਾਫ਼ ਹਮੇਸ਼ਾ ਆਵਾਜ਼ ਬੁਲੰਦ ਕਰਦਾ ਰਿਹਾ। ਫ਼ੌਜ ਦੀਆਂ ਜ਼ਿਆਦਤੀਆਂ ਬਾਰੇ ਲਿਖਦਾ ਹੈ:
ਸਾਡੇ ਮੁਲਕ ਦੀਆਂ ਮੌਜਾਂ ਹੀ ਮੌਜਾਂ,
ਜਿਧਰ ਦੇਖੋ ਫ਼ੌਜਾਂ ਹੀ ਫ਼ੌਜਾਂ।
ਇਹ ਕੀ ਕਰੀ ਜਾਨਾ, ਇਹ ਕੀ ਕਰੀ ਜਾਨਾ।
ਕਦੀ ਚੀਨ ਜਾਨਾ, ਕਦੀ ਰੂਸ ਜਾਨਾ,
ਕਦੀ ਸ਼ਿਮਲੇ ਜਾਨਾ, ਕਦੀ ਮਰੀ ਜਾਨਾ।
ਜਿਧਰ ਜਾਨਾ ਬਣਕੇ ਜਲੂਸ ਜਾਨਾ,
ਉਡਾਈ ਕੌਮ ਦਾ ਫਲੂਸ ਜਾਨਾ।
ਲਈ ਖੇਸ ਜਾਨਾ, ਖਿੱਚੀ ਦਰੀ ਜਾਨਾ,
ਇਹ ਕੀ ਕਰੀ ਜਾਨਾ . . . . . . .।
ਉਸਤਾਦ ਦਾਮਨ ਦੇਸ਼ ਦੀ ਵੰਡ ਤੋਂ ਪਹਿਲਾਂ ਅਤੇ ਬਾਅਦ ਵਿਚ ਉਹ ਲਾਹੌਰ ਵਿਚ ਰਹਿੰਦਾ ਰਿਹਾ। ਉਸ ਨੂੰ ਅਨੇਕਾਂ ਵਾਰ ਪੰਜਾਬੀ ਵਿਚ ਕਵਿਤਾਵਾਂ ਲਿਖਣ ਤੋਂ ਵਰਜਿਆ ਗਿਆ, ਪ੍ਰੰਤੂ ਉਹ ਸਿਰਫ਼ ਤੇ ਸਿਰਫ਼ ਪੰਜਾਬੀ ਵਿਚ ਹੀ ਕਵਿਤਾਵਾਂ ਲਿਖਦਾ ਰਿਹਾ। ਪਾਕਿਸਤਾਨ ਵਿਚ ਬਹੁਤੀ ਉਰਦੂ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਸੀ, ਪ੍ਰੰਤੂ ਉਹ ਪੰਜਾਬੀ ਬੋਲੀ ਦਾ ਏਡਾ ਵੱਡਾ ਮੁੱਦਈ ਸੀ ਕਿ ਜਦੋਂ ਉਸ ਨੂੰ ਪੰਜਾਬੀ ਬੋਲਣ ਤੇ ਲਿਖਣ ਤੋਂ ਰੋਕਿਆ ਗਿਆ ਤਾਂ ਉਸ ਨੇ ਲਿਖਿਆ:
ਇੱਥੇ ਬੋਲੀ ਪੰਜਾਬੀ ਹੀ ਬੋਲੀ ਜਾਵੇਗੀ,
ਉਰਦੂ ਵਿਚ ਕਿਤਾਬਾਂ ਤੇ ਠਣਦੀ ਰਹੇਗੀ।
ਇਹਦਾ ਪੁੱਤਰ ਹਾਂ ਇਹਦੇ ਤੋਂ ਦੁੱਧ ਮੰਗਨਾ,
ਮੇਰੀ ਭੁੱਖ ਇਹੀ ਛਾਤੀ ਤਣਦੀ ਰਹੇਗੀ।
ਇਹਦੇ ਲੱਖ ਹਰੀਫ਼ ਪਏ ਹੋਣ ਪੈਦਾ,
ਦਿਨ-ਬ-ਦਿਨ ਇਹਦੀ ਸ਼ਕਲ ਬਣਦੀ ਰਹੇਗੀ।
ਉਦੋਂ ਤੀਕ ਪੰਜਾਬੀ ਤੇ ਨਹੀਂ ਮਰਦੀ,
ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ।
ਕਈ ਵਾਰੀ ਉਸਤਾਦ ਦਾਮਨ ਨੂੰ ਕਿਹਾ ਗਿਆ ਕਿ ਇਸ ਭਾਸ਼ਾ ਵਿਚ ਲਿਖਣ ਦਾ ਕੀ ਫ਼ਾਇਦਾ ਹੈ। ਜੇਕਰ ਉਹ ਪੰਜਾਬੀ ਬੋਲਣੋਂ ਤੇ ਲਿਖਣੋਂ ਨਹੀਂ ਹਟਦਾ ਤਾਂ ਉਸ ਨੂੰ ਪਾਕਿਸਤਾਨ ਛੱਡ ਕੇ ਜਾਣ ਲਈ ਕਿਹਾ ਗਿਆ ਤਾਂ ਉਸ ਨੇ ਲਿਖਿਆ:
ਮੈਨੂੰ ਕਈਆਂ ਨੇ ਆਖਿਆ ਕਈ ਵਾਰ,
ਤੂੰ ਲੈਣਾ ਪੰਜਾਬੀ ਦਾ ਨਾਂ ਛੱਡਦੇ।
ਗੋਦੀ ਜਿਹਦੀ ਵਿਚ ਪਲ ਕੇ ਜਵਾਨ ਹੋਇਓਂ,
ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ।
ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਉਸਤਾਦ ਦਾਮਨ ਨੂੰ ਭਾਰਤ ਦੀ ਆਜ਼ਾਦੀ ਦੇ ਜਸ਼ਨਾਂ ਸਬੰਧੀ ਲਾਲ ਕਿਲ੍ਹੇ ਵਿਚ ਕਰਵਾਏ ਗਏ ਮੁਸ਼ਾਇਰੇ ਵਿਚ ਬੁਲਵਾਇਆ ਗਿਆ। ਉਸ ਮੁਸ਼ਾਇਰੇ ਵਿਚ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਜਿੰਦਰ ਪ੍ਰਸ਼ਾਦ ਅਤੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵੀ ਬਿਰਾਜਮਾਨ ਸਨ। ਇਸ ਮੌਕੇ 'ਤੇ ਉਸਤਾਦ ਦਾਮਨ ਵਲੋਂ ਪੜ੍ਹੀ ਗਈ ਕਵਿਤਾ ਇੰਜ ਹੈ-
ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋ ਵਿਚੀ,
ਖੋਏ ਤੁਸੀਂ ਵੀ ਓ ਤੇ ਖੋਏ ਅਸੀਂ ਵੀ ਆਂ।
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ,
ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ।
ਕੁੱਝ ਉਮੀਦ ਏ ਜ਼ਿੰਦਗੀ ਮਿਲ ਜਾਵੇਗੀ,
ਮੋਏ ਤੁਸੀਂ ਵੀ ਓ, ਮੋਏ ਅਸੀਂ ਵੀ ਆਂ।
ਜਿਊਂਦੀ ਜਾਨ ਵੀ ਮੌਤ ਦੇ ਮੂੰਹ ਅੰਦਰ,
ਢੋਏ ਤੁਸੀਂ ਵੀ ਓ, ਢੋਏ ਅਸੀਂ ਵੀ ਆਂ।
ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ,
ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ।
ਲਾਲੀ ਅੱਖੀਆਂ ਦੀ ਪਈ ਦੱਸਦੀ ਏ,
ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।
ਇਸ ਕਵਿਤਾ ਦਾ ਭਾਵ ਅਰਥ ਇਹ ਸੀ ਕਿ ਦੇਸ਼ ਦੀ ਵੰਡ ਤੋਂ ਦੋਵੇਂ ਦੇਸ਼ਾਂ ਦੇ ਲੋਕ ਦੁਖੀ ਹਨ, ਭਾਵੇਂ ਉਹ ਇਸ ਨੂੰ ਆਪੋ-ਆਪਣੇ ਦੇਸ਼ ਦੀ ਆਜ਼ਾਦੀ ਦਾ ਨਾਂਅ ਦੇ ਰਹੇ ਹਨ, ਪੰਡਿਤ ਜਵਾਹਰ ਲਾਲ ਨਹਿਰੂ ਇਹ ਕਵਿਤਾ ਸੁਣ ਕੇ ਏਨੇ ਭਾਵੁਕ ਹੋ ਗਏ ਕਿ ਵੇਖਣ ਵਾਲੇ ਕਹਿੰਦੇ ਹਨ ਕਿ ਉਹ ਭੁੱਬਾਂ ਮਾਰ ਕੇ ਰੋ ਪਏ ਤੇ ਉਸਤਾਦ ਦਾਮਨ ਨੂੰ ਘੁੱਟ ਕੇ ਜੱਫ਼ੀ ਪਾ ਲਈ। ਉਨ੍ਹਾਂ ਉਸਤਾਦ ਦਾਮਨ ਨੂੰ ਭਾਰਤ ਵਿਚ ਆ ਕੇ ਰਹਿਣ ਲਈ ਵੀ ਕਿਹਾ, ਪ੍ਰੰਤੂ ਦਾਮਨ ਨੇ ਇਨਕਾਰ ਕਰਦਿਆਂ ਕਿਹਾ ਕਿ ਉਹ ਰਹੇਗਾ ਤਾਂ ਪਾਕਿਸਤਾਨ ਵਿਚ ਹੀ ਭਾਵੇਂ ਉਸ ਨੂੰ ਜੇਲ੍ਹ ਵਿਚ ਹੀ ਰਹਿਣਾ ਪਵੇ। ਫ਼ੌਜੀ ਹਕੂਮਤ ਨੇ ਅਜਿਹੀਆਂ ਕਵਿਤਾਵਾਂ ਲਿਖਣ ਕਰਕੇ ਉਸ ਉਪਰ ਬੰਬ ਰੱਖਣ ਦੇ ਕੇਸ ਪਾ ਦਿੱਤੇ ਤਾਂ ਉਸਤਾਦ ਦਾਮਨ ਨੇ ਕਿਹਾ ਕਿ ਜੇਕਰ ਮੇਰਾ ਘਰ ਵੱਡਾ ਹੁੰਦਾ ਤਾਂ ਟੈਂਕ ਰੱਖਣ ਦਾ ਕੇਸ ਪਾ ਦਿੱਤਾ ਜਾਂਦਾ। ਇਸੇ ਕਰਕੇ ਉਹ ਲਿਖਦਾ ਹੈ:
ਸਟੇਜਾਂ 'ਤੇ ਆਈਏ ਸਿਕੰਦਰ ਹੋਈਦਾ,
ਸਟੇਜਾਂ ਤੋਂ ਉੱਤਰ ਕੇ ਕਲੰਦਰ ਹੋਈਦਾ।
ਉਲਝੇ ਜੇ ਦਾਮਨ ਹਕੂਮਤ ਕਿਸੇ ਨਾਲ,
ਬਸ ਏਨਾ ਹੀ ਹੁੰਦਾ ਕਿ ਅੰਦਰ ਹੋਈਦਾ।
ਫ਼ੌਜੀ ਜਰਨੈਲਾਂ ਦੀਆਂ ਆਪ ਹੁਦਰੀਆਂ ਦਾ ਜ਼ਿਕਰ ਕਰਦਾ ਦਾਮਨ ਲਿਖਦਾ ਹੈ:
ਸਾਡੇ ਮੁਲਕ ਦੇ ਦੋ ਖੁਦਾ, ਲਾ ਇਲਾ ਤੇ ਮਾਰਸ਼ਲ ਲਾਅ,
ਇਕ ਰਹਿੰਦਾ ਅਰਸ਼ਾਂ ਉਪਰ, ਦੂਜਾ ਰਹਿੰਦਾ ਫਰਸ਼ਾਂ ਉਤੇ।
ਉਸ ਦਾ ਨਾਂਅ ਹੈ ਅੱਲਾ ਮੀਆਂ, ਇਸਦਾ ਨਾਂ ਹੈ ਜਨਰਲ ਜੀਆ।
ਉਸਤਾਦ ਦਾਮਨ ਦੀ ਸ਼ਬਦਾਵਲੀ ਅਤੇ ਤਸ਼ਬੀਹਾਂ ਕਮਾਲ ਦੀਆਂ ਹਨ। ਇਹ ਸਾਰੀਆਂ ਤਸ਼ਬੀਹਾਂ ਆਮ ਬੰਦੇ ਦੀ ਸਮਝ ਆਉਣ ਵਾਲੀਆਂ ਹਨ।
ਉਹ ਦਲੇਰ ਕਿਸਮ ਦਾ ਨਿਡਰ ਸ਼ਾਇਰ ਸੀ, ਜਿਹੜਾ ਸਰਕਾਰਾਂ ਤੋਂ ਨਹੀਂ ਸੀ ਡਰਦਾ। ਬੇਬਾਕ ਹੋ ਕੇ ਕਵਿਤਾਵਾਂ ਲਿਖਦਾ ਸੀ। ਰਾਜਨੀਤਕ ਲੋਕਾਂ ਵੱਲੋਂ ਲੋਕਾਂ ਨੂੰ ਆਪਣੇ ਸਿਆਸੀ ਹਿੱਤਾਂ ਲਈ ਫ਼ਿਰਕੂ ਵੰਡੀਆਂ ਪਾ ਕੇ ਲੜਾਉਣ ਬਾਰੇ ਆਪਣੀ ਇਕ ਕਵਿਤਾ ਵਿਚ ਉਹ ਲਿਖਦਾ ਹੈ:
ਛੁਰੀਆਂ ਸਾਡਿਆਂ ਹੱਥਾਂ ਦੇ ਵਿਚ ਦੇ ਕੇ,
ਰਲ ਆਪ ਮਾਂਡੇ ਹਲਵੇ ਖਾ ਰਹੇ ਨੇ।
ਸਾਰੇ ਚੱਕਰ ਚਲਾ ਕੇ ਫ਼ਿਰਕਿਆਂ ਦੇ,
ਪਿਆਰੇ ਦੇਸ਼ ਨੂੰ ਲੁੱਟ ਕੇ ਖਾ ਰਹੇ ਨੇ।
ਦਾਮਨ ਇਨ੍ਹਾਂ ਦਾ ਕਰਨਾ ਏ ਚਾਕ ਇਕ ਦਿਨ,
ਪੱਗਾਂ ਸਾਡੀਆਂ ਨੂੰ ਹੱਥ ਪਾ ਰਹੇ ਨੇ।
ਉਸਤਾਦ ਦਾਮਨ ਨੂੰ ਸਰਵਪੱਖੀ ਲੇਖਕ ਕਿਹਾ ਜਾ ਸਕਦਾ ਹੈ। ਉਸ ਨੇ ਫ਼ਿਲਮਾਂ ਦੇ ਗੀਤ ਵੀ ਲਿਖੇ। ਉਸ ਦਾ ਸਭ ਤੋਂ ਹਰਮਨ ਪਿਆਰਾ ਗੀਤ ਲੋਕਾਂ ਦੀ ਜ਼ੁਬਾਨ 'ਤੇ ਚੜ੍ਹਿਆ ਹੋਇਆ ਹੈ:
ਮੈਨੂੰ ਧਰਤੀ ਕਲੀ ਕਰਾ ਦੇ, ਮੈਂ ਨੱਚਾਂਗੀ ਸਾਰੀ ਰਾਤ।
ਉਸਤਾਦ ਦਾਮਨ ਸਹੀ ਮਾਅਨਿਆਂ ਵਿਚ ਸਟੇਜੀ ਕਵੀ ਸੀ। ਜੇ ਉਸ ਨੂੰ ਦੇਸ਼ ਭਗਤ ਕਵੀ ਕਹਿ ਲਿਆ ਜਾਵੇ ਤਾਂ ਵੀ ਕੋਈ ਅਤਕਥਨੀ ਨਹੀਂ, ਕਿਉਂਕਿ ਉਸ ਨੇ ਆਜ਼ਾਦੀ ਦੇ ਸੰਗਰਾਮ ਸਮੇਂ ਭਾਰਤ ਦੇ ਲੋਕਾਂ ਵਿਚ ਦੇਸ਼ ਭਗਤੀ ਅਤੇ ਲੋਕਾਂ ਵਿਚ ਅੰਗਰੇਜ਼ਾਂ ਦੀ ਹਕੂਮਤ ਦੇ ਖ਼ਿਲਾਫ਼ ਵਿਦਰੋਹ ਪੈਦਾ ਕਰਨ ਵਾਲੀ ਕਵਿਤਾ ਲਿਖੀ ਅਤੇ ਸਟੇਜਾਂ 'ਤੇ ਗਾਈ। ਦਾਮਨ ਦੀ ਕਵਿਤਾ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਆਪਸ ਵਿਚ ਜੋੜ ਕੇ ਰੱਖਣ ਵਾਲੀ ਹੁੰਦੀ ਸੀ। ਅਸਲ ਵਿਚ ਉਸਤਾਦ ਦਾਮਨ ਦੇਸ਼ ਦੀ ਵੰਡ ਦੇ ਵਿਰੁੱਧ ਸੀ। ਉਸ ਦੀਆਂ ਬਹੁਤ ਸਾਰੀਆਂ ਅਜਿਹੀਆਂ ਕਵਿਤਾਵਾਂ ਮਿਲਦੀਆਂ ਹਨ, ਜਿਹੜੀਆਂ ਦੇਸ਼ ਦੀ ਵੰਡ ਦੇ ਵਿਰੁਧ ਲੱਗਦੀਆਂ ਹਨ। ਜਿਵੇਂ:
ਵਾਹਗੇ ਨਾਲ ਅਟਾਰੀ ਦੀ ਨਹੀਂ ਟੱਕਰ,
ਨਾ ਗੀਤਾ ਨਾਲ ਕੁਰਾਨ ਦੀ ਹੈ।
ਨਹੀਂ ਕੁਫ਼ਰ ਇਸਲਾਮ ਦਾ ਕੋਈ ਝਗੜਾ,
ਸਾਰੀ ਗੱਲ ਨਫ਼ੇ ਨੁਕਸਾਨ ਦੀ ਹੈ।
ਪਾਕਿਸਤਾਨ ਦੀ ਅਜਬ ਏ ਵੰਡ ਹੋਈ,
ਥੋਹੜਾ ਏਸ ਪਾਸੇ, ਥੋੜਾ ਓਸ ਪਾਸੇ।
ਕੀ ਇਹਨਾ ਜਰਾਹਾਂ ਇਲਾਜ ਕਰਨਾ,
ਮਰਹਮ ਏਸ ਪਾਸੇ, ਫੋੜਾ ਓਸ ਪਾਸੇ।
ਚਿਰਾਗ ਦੀਨ ਦਾਮਨ ਦਾ ਜਨਮ 3 ਸਤੰਬਰ 1911 ਨੂੰ ਪਿਤਾ ਮੀਰ ਬਖ਼ਸ਼ ਤੇ ਮਾਤਾ ਕਰੀਮ ਬੀਬੀ ਦੇ ਘਰ ਹੋਇਆ। ਉਸ ਦਾ ਪਿਤਾ ਦਰਜੀ ਦਾ ਕੰਮ ਕਰਦਾ ਸੀ ਅਤੇ ਉਸ ਦੀ ਮਾਤਾ ਲੋਕਾਂ ਦੇ ਘਰਾਂ ਵਿਚ ਭਾਂਡੇ ਮਾਂਜਣ ਦਾ ਕੰਮ ਕਰਦੀ ਸੀ।

-ਮੋਬਾਈਲ : 94178-13072

ਪਿਛਲੀ ਖ਼ਬਰ ਹੰਝੂ ਅਗਲੀ ਖ਼ਬਰ ਮੇਲਾ ਤਾਂ ਛਪਾਰ ਲੱਗਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।