19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਹੰਝੂ

ਅਜੀਤ ਡੈਸਕ 31-08-2025

ਤੈਨੂੰ ਦਿਆਂ ਹੰਝੂਆਂ ਦਾ ਭਾੜਾ,
ਨੀ ਪੀੜਾਂ ਦਾ ਪਰਾਗਾ ਭੁੰਨ ਦੇ....
ਸ਼ਿਵ ਕੁਮਾਰ ਬਟਾਲਵੀ ਦੀ ਇਹ ਰਚਨਾ ਹਰ ਕਿਸੇ ਦੇ ਮਨ ਨੂੰ ਭਾਉਂਦੀ ਹੈ। ਜਦੋਂ ਦਿਲ ਦਾ ਦਰਦ ਸੈਲਾਬ ਬਣ ਜਾਂਦਾ ਹੈ ਤਾਂ ਇਨਸਾਨ ਉਸ ਤੋਂ ਛੁਟਕਾਰਾ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ, ਕਈ ਵਾਰ ਤਾਂ ਉਹ ਕੁਦਰਤ ਅੱਗੇ, ਉਸਦੇ ਇਨਸਾਨਾਂ ਅੱਗੇ ਵੀ ਵਾਸਤੇ ਪਾਉਂਦਾ ਹੈ ਕਿ ਕੋਈ ਕੀਮਤ ਲਗਾ ਕੇ ਮੇਰਾ ਦਰਦ ਖਰੀਦ ਲਵੇ। ਪਰ ਦਰਦਾਂ ਦਾ ਇੱਥੇ ਕੋਈ ਨਾ ਬੇਲੀ, ਇਹੀ ਸੱਚ ਹੈ। ਹਾਸਿਆਂ ਦੇ ਵਣਜ ਕਰਨ ਵਾਲੇ ਬਥੇਰੇ। ਕਿਉਂਕਿ ਦਰਦ ਵਿਚ ਸਭ ਤੋਂ ਕੀਮਤੀ ਵਸਤੂ ਤੁਹਾਡੀਆਂ ਅੱਖਾਂ ਦੇ ਅੱਥਰੂ ਹੀ ਹੁੰਦੇ ਹਨ, ਜੋ ਵੈਰਾਗ ਬਣ ਕੇ ਵਹਿੰਦੇ ਹਨ। ਇਨਸਾਨ ਦਾ ਮੁੱਖ ਹੰਝੂਆਂ ਨਾਲ ਧੋ ਕੇ ਉਸ ਨੂੰ ਨਿਖਾਰ ਦਿੰਦੇ ਹਨ। ਇਨਸਾਨ ਦੀਆਂ ਅੱਖਾਂ ਵਿਚੋਂ ਜਦ ਇਹ ਤ੍ਰਿਪ-ਤ੍ਰਿਪ ਕਰਕੇ ਵਹਿੰਦੇ ਹਨ ਤਾਂ ਇਨ੍ਹਾਂ ਦਾ ਪਤਾ ਨਹੀਂ ਸਾਡੇ ਹੱਥਾਂ ਨਾਲ ਕੀ ਨਾਤਾ ਹੈ ਕਿ ਇਨ੍ਹਾਂ ਨੂੰ ਵਹਿੰਦਿਆਂ ਨੂੰ ਸਾਡੇ ਹੱਥ ਆਪ-ਮੁਹਾਰੇ ਹੀ ਪੂੰਝਦੇ ਹਨ। ਸ਼ਾਇਦ ਇਨ੍ਹਾਂ ਨੂੰ ਅਸੀਂ ਅਜਾਈਂ ਨਹੀਂ ਗੁਵਾਉਣਾ ਚਾਹੁੰਦੇ, ਪਤਾ ਨਹੀਂ ਇਹ ਹੰਝੂ ਅੱਖਾਂ ਵਿਚ ਡੱਕੇ ਕਿਉਂ ਨਹੀਂ ਰਹਿੰਦੇ? ਬੇਕਾਬੂ ਨਦੀ ਵਾਂਗਰਾਂ ਇਹ ਨਿਰੰਤਰ ਵਹਿੰਦੇ ਹਨ। ਅਕਸਰ ਸੋਚਦੀ ਹਾਂ ਕਿ ਵਾਕਿਆ ਹੀ ਇਹ ਕੁਦਰਤ ਨੇ ਇਨਸਾਨ ਨੂੰ ਬਹੁਤ ਹੀ ਅਨਮੋਲ ਦਾਤ ਦਿੱਤੀ ਹੈ, ਜਿਸ ਦਰਦ, ਤਕਲੀਫ਼ ਨੂੰ ਬੋਲ ਕੇ ਬਿਆਨ ਕਰਨਾ ਔਖਾ ਹੋ ਜਾਵੇ, ਤੇ ਗਲਾ ਦਰਦ ਦੇ ਭਾਰ ਨਾਲ ਭਾਰਾ ਹੋ ਜਾਵੇ, ਉਦੋਂ ਇਹ ਹੰਝੂਆਂ ਦਾ ਰੂਪ ਬਣ ਕੇ ਇਨਸਾਨ ਦੇ ਮਨ ਦਾ ਭਾਰ ਹੌਲਾ ਕਰਦੇ ਹਨ।
ਖਾਰਾ-ਖਾਰਾ ਲਗਦਾ ਏ,
ਜਦ ਤੱਕ ਅੱਖਾਂ ਵਿਚੋਂ ਬਾਹਰ ਨਾ ਨਿਕਲੇ
ਬੜਾ ਭਾਰਾ-ਭਾਰਾ ਲਗਦਾ ਏ....।
ਸ਼ਾਇਦ ਇਸੇ ਲਈ ਡਾਕਟਰ ਵੀ ਹੰਝੂਆਂ ਦਾ ਵਗਣਾ ਇਕ ਥੈਰੇਪੀ, ਇਕ ਕੁਦਰਤੀ ਇਲਾਜ ਮੰਨਦੇ ਹਨ, ਜੋ ਇਨਸਾਨ ਨੂੰ ਗਹਿਰੇ ਸਦਮੇਂ ਵਿਚੋਂ ਬਾਹਰ ਨਿਕਲਣ ਵਿਚ ਮਦਦ ਕਰਦੇ ਹਨ। ਮਨੋਵਿਗਿਆਨੀ ਵੀ ਇਹੀ ਕਹਿੰਦੇ ਹਨ ਕਿ ਮਰੀਜ਼ ਨੂੰ ਰੁਆਓ, ਇਸ ਨੂੰ ਕਹੋ ਕਿ ਇਹ ਚੀਕ-ਚੀਕ ਕੇ ਆਪਣਾ ਦਰਦ ਬਾਹਰ ਕੱਢਣ ਦੀ ਕੋਸ਼ਿਸ਼ ਕਰੇ। ਉਸ ਸਮੇਂ ਅੱਖਾਂ ਵਿਚੋਂ ਡੱਕੇ ਹੰਝੂ ਹੜ੍ਹ ਵਾਂਗਰਾਂ ਬਹੁਤ ਕੁਝ ਜੋ ਉਸ ਇਨਸਾਨ ਦੇ ਅੰਦਰ ਦੱਬਿਆ ਹੁੰਦਾ, ਆਪਣੇ ਨਾਲ ਵਹਾਅ ਕੇ ਲੈ ਜਾਂਦੇ ਹਨ ਤੇ ਮਾਨਸਿਕ ਰੋਗੀ ਨੂੰ ਜ਼ਿੰਦਗੀ ਵਿਚ ਵਾਪਸੀ ਕਰਨ ਦਾ ਇਕ ਸੁਖਦ ਸੁਨੇਹਾ ਦਿੰਦੇ ਹਨ।
ਅੱਥਰੂ ਇਨਸਾਨ ਦਾ ਸੱਚਾ ਸਾਥੀ
ਖੁਸ਼ੀ ਵਿਚ ਵੀ ਵਹਿੰਦੇ
ਦੁੱਖ ਵਿਚ ਵੀ ਸੰਗ ਰਹਿੰਦੇ....।
ਹੰਝੂਆਂ ਦੀ ਤਾਸੀਰ ਤਾਂ ਖਾਰੀ ਹੈ, ਪਰ ਇਨ੍ਹਾਂ ਦਾ ਮਨੁੱਖੀ ਮਨ ਦੇ ਉੱਪਰ ਸੁੱਖ-ਦੁੱਖ ਦੇ ਅਨੁਸਾਰ ਪ੍ਰਤੀਕਰਮ ਵੱਖਰਾ ਹੈ। ਖੁਸ਼ੀ ਦੇ ਹੰਝੂ ਵੀ ਕਈ ਵਾਰ ਸਬਰ ਦੀ ਪਰਖ ਹੋਣ 'ਤੇ ਮਿਲੇ ਸੁੱਖ ਦਾ ਪ੍ਰਗਟਾਅ ਹੁੰਦੇ ਹਨ ਤੇ ਉਸ ਸਮੇਂ ਹੰਝੂ ਵੀ ਸਾਡੀ ਖੁਸ਼ੀ ਵਿਚ ਸ਼ਾਮਲ ਹੋ ਕੇ ਕੁਦਰਤ ਅਤੇ ਕਾਦਰ ਦੋਵਾਂ ਦੇ ਧੰਨਵਾਦੀ ਹੁੰਦੇ ਹਨ ਕਿ ਸ਼ੁਕਰ ਏ ਦਾਤਾ। ਪਰ ਦੁੱਖ ਸਮੇਂ ਤਾਂ ਇਹ ਕੌੜੇ ਘੁੱਟਾਂ ਦੀ ਤਰ੍ਹਾਂ ਲਗਦੇ ਹਨ, ਪਰ ਰੋਣਾ ਇਕ ਸਹਿਜ ਪ੍ਰਕਿਰਿਆ ਹੈ ਜਿਸ ਦਾ ਵਰਣਨ ਹੰਝੂਆਂ ਦੀ ਸ਼ੈਲੀ ਰਾਹੀਂ ਹੀ ਹੁੰਦਾ ਹੈ। ਸੋ, ਹੰਝੂ ਤੰਦਰੁਸਤ ਦੀ ਨਿਸ਼ਾਨੀ ਹਨ। ਇਹ ਕਿਸੇ ਦੇ ਡੱਕਿਆਂ, ਰੁਕਦੇ ਨਹੀਂ। ਕਿਸੇ ਦੇ ਕਹਿਣ 'ਤੇ ਵਹਿੰਦੇ ਨਹੀਂ। ਇਹ ਸਾਡੀ ਮਾਨਸਿਕ ਅਵਸਥਾ ਦੇ ਅਨੁਸਾਰ ਆਪਣਾ ਰੋਲ ਨਿਭਾਉਂਦੇ ਹਨ। ਹੰਝੂ ਇਨਸਾਨ ਨੂੰ ਆਕਸੀਜਨ ਪ੍ਰਦਾਨ ਕਰਦੇ ਹਨ, ਕਿਉਂਕਿ ਇਹ ਨਾ ਨਿਕਲਣ ਬਾਹਰ ਤਾਂ ਸਾਹ ਲੈਣ ਵਿਚ ਵੀ ਤਕਲੀਫ਼ ਹੁੰਦੀ ਹੈ ਤੇ ਗਲਾ ਜਕੜਿਆ ਜਾਂਦਾ ਹੈ, ਜਦ ਅਸੀਂ ਅੱਖਾਂ ਰਾਹੀਂ ਹੰਝੂ ਵਗਾਉਣ ਦੀ ਬਜਾਇ ਗਲੇ ਵਿਚ ਦਰਦਾਂ ਦੇ ਘੁੱਟ ਭਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਇਹ ਪੈਮਾਨਾ ਹੰਝੂਆਂ ਰਾਹੀਂ ਹੀ ਛਲਕਦਾ ਹੈ। ਜਦ ਦੁੱਖ ਤੇ ਦਰਦ ਸਮੇਂ ਤੁਸੀਂ ਇਕੱਲਾਪਨ ਮਹਿਸੂਸ ਕਰੋ, ਕੋਈ ਕੋਲ ਨਾ ਹੋਵੇ, ਜਦ ਖੁਸ਼ੀ ਅਚਨਚੇਤ ਮਿਲੇ ਤੇ ਦੱਸਣ ਵਾਲਾ ਵੀ ਕੋਲ ਨਾ ਹੋਵੇ ਤਾਂ ਉਸ ਸਮੇਂ ਸਭ ਤੋਂ ਪਹਿਲਾਂ ਇਹ ਸਾਡੇ ਸੱਚੇ ਸਾਥੀ ਬਣ ਕੇ ਸਾਨੂੰ ਮਿਲਣ ਆਉਂਦੇ। ਉਹ ਅਹਿਸਾਸ ਵੀ ਇਕ ਅਲੌਕਿਕ ਵਸਤੂ ਦੀ ਤਰ੍ਹਾਂ ਹੁੰਦਾ ਹੈ।
ਉਹ ਅੱਖ 'ਚੋਂ ਡਿਗਿਆ, ਇਕ ਤੁਪਕਾ ਸੀ....
ਮੇਰੀ ਤਲੀ 'ਤੇ ਆ ਕੇ ਉਹ ਕੀਮਤੀ ਮੋਤੀ ਹੋ ਗਿਆ...
ਪਰਮਾਤਮਾ ਦੇ ਭਗਤ ਉਸ ਦੀ ਯਾਦ ਵਿਚ ਹੰਝੂ ਵਹਾਉਂਦੇ ਹਨ, ਉਸ ਦੇ ਮਿਲਾਪ ਦੀ ਤਾਂਘ ਵਿਚ ਵਿਰਲਾਪ ਕਰਦੇ ਹਨ। ਕਹਿਣ ਤੋਂ ਭਾਵ ਕਿ ਪਿਆਰ ਦਰਸਾਉਣ ਦੀ ਪਰਿਭਾਸ਼ਾ ਹੰਝੂ ਹੀ ਹਨ, ਜਿੱਥੇ ਸ਼ਬਦ ਅਸਰ ਨਾ ਕਰਨ, ਉਥੇ ਹੰਝੂ ਬੋਲਦੇ ਹਨ। ਸ਼ਾਇਦ ਗੁਰਬਾਣੀ ਦੀ ਇਹ ਪੰਕਤੀ ਵੀ ਭਗਤਾਂ ਨੂੰ ਧਰਵਾਸ ਦਿੰਦਿਆਂ ਸਮਝਾ ਰਹੀ ਹੈ-
ਮਨ ਕਿਉ ਬੈਰਾਗੁ ਕਰਹਿਗਾ...
ਸਤਿਗੁਰੁ ਮੇਰਾ ਪੂਰਾ...
ਕਈ ਵਾਰ ਅਸੀਂ ਆਪਣੇ ਕਿਸੇ ਪਿਆਰੇ ਨੂੰ ਯਾਦ ਕਰਕੇ ਹੰਝੂ ਵਹਾਉਂਦੇ ਹਾਂ, ਜੋ ਉਸ ਦੀ ਸਾਡੀ ਜ਼ਿੰਦਗੀ ਵਿਚ ਅਹਿਮੀਅਤ ਦਾ ਅਹਿਸਾਸ ਕਰਵਾਉਂਦੇ ਹਨ, ਕਿਉਂਕਿ ਹੰਝੂ ਵਹਾਏ ਹੀ ਆਪਣਿਆਂ ਲਈ ਜਾਂਦੇ ਹਨ ਜਾਂ ਫਿਰ ਇਨਸਾਨੀਅਤ ਲਈ। ਬੇਗਾਨਿਆਂ ਲਈ ਕੌਣ ਹੰਝੂ ਵਹਾਉਂਦਾ ਹੈ? ਸੋ ਜਦ ਕੋਈ ਤੁਹਾਡਾ ਆਪਣਾ ਤੁਹਾਡੇ ਸਾਹਮਣੇ ਬੈਠ ਕੇ ਰੋਂਦਾ ਹੈ, ਤਾਂ ਉਸਦੇ ਹੰਝੂਆਂ ਨੂੰ ਖੁਦ ਪੂੰਝਣ ਦੀ ਕੋਸ਼ਿਸ਼ ਕਰੋ, ਉਸ ਦੇ ਹੰਝੂਆਂ ਦੀ ਕਦਰ ਕਰੋ, ਕਿਉਂਕਿ ਤੁਸੀਂ ਕਿਸੇ ਲਈ ਬਹੁਤ ਖਾਸ ਹੋ, ਤਾਂ ਹੀ ਤੁਹਾਡੇ ਲਈ ਕੋਈ ਹੰਝੂ ਵਗਾ ਰਿਹਾ ਹੈ। ਆਪਣਿਆਂ ਤੋਂ ਵਿਛੜ ਕੇ ਤਾਂ ਪੰਛੀ-ਪਸ਼ੂ, ਜੀਵ-ਜੰਤੂ ਵੀ ਅੱਖਾਂ ਭਰਦੇ ਹਨ, ਫਿਰ ਇਨਸਾਨ ਕਿਵੇਂ ਹੰਝੂ ਰੋਕ ਸਕਦਾ। ਸੋ, ਮਨ 'ਤੇ ਬੋਝ ਚੁੱਕ ਕੇ ਤੁਰੇ-ਫਿਰਨ ਨਾਲੋਂ ਚੰਗਾ ਹੈ, ਹੰਝੂ ਵਹਾ ਦੇਵੋ, ਤੁਹਾਨੂੰ ਮਨ ਧੋਤਾ-ਧੋਤਾ, ਤਰੋ-ਤਾਜ਼ਾ ਲੱਗੇਗਾ ਅਤੇ ਤੁਸੀਂ ਹਲਕਾ ਮਹਿਸੂਸ ਕਰੋਗੇ। ਅੱਥਰੂ ਦਾ ਅਰਥ ਹੈ-ਅਥਾਹ ਰੂਹ 'ਚੋਂ ਨਿਕਲਿਆ ਵੈਰਾਗ ਜੋ ਸਾਡੇ ਅੰਦਰ ਇਨ੍ਹਾਂ ਹੰਝੂਆਂ ਦੀ ਮੌਜੂਦਗੀ ਨੂੰ ਦਰਸਾਉਂਦਾ ਹੈ। ਕਹਿਣ ਤੋਂ ਭਾਵ ਹੈ ਕਿ ਇਹ ਸਾਡੀ ਰੂਹ ਦਾ ਬਿਆਨ ਹੋਇਆ ਦਰਦ ਹੈ ਜੋ ਇਹ ਸਮਝਾਉਂਦਾ ਹੈ ਕਿ ਅਥਾਹ-ਬਹੁਤ ਜ਼ਿਆਦਾ ਰੂਹ ਦਾ ਦਰਦ। ਸੋ, ਅੱਗੇ ਤੋਂ ਜਦੋਂ ਵੀ ਕਦੇ ਤੁਸੀਂ ਇਕੱਲਾ ਮਹਿਸੂਸ ਕਰੋ ਤਾਂ ਆਪਣੀ ਰੂਹ ਦੇ ਅੰਦਰ ਬੈਠੇ ਅੱਥਰੂ ਨੂੰ ਪੁਕਾਰਨਾ, ਉਹ ਹੰਝੂ ਦੇ ਰੂਪ ਵਿਚ ਤੁਹਾਨੂੰ ਆ ਕੇ ਮਿਲੇਗਾ, ਇਕ ਸੱਚੇ ਹਮਦਰਦ ਤੇ ਦੋਸਤ ਦੇ ਰੂਪ ਵਿਚ। ਸੱਚ ਜਾਣਿਉਂ, ਤੁਹਾਨੂੰ ਤੁਹਾਡਾ ਹੰਝੂ ਬਹੁਤ ਪਿਆਰਾ ਲੱਗੇਗਾ।

-ਮੋਬਾਈਲ : 90568-07600

ਪਿਛਲੀ ਖ਼ਬਰ ਬਿਨਾਂ ਦਿਮਾਗ਼, ਖ਼ੂਨ ਅਤੇ ਸਰੀਰ ਵਾਲੀ ਮੱਛੀ-ਸਟਾਰ ਫਿਸ਼ ਅਗਲੀ ਖ਼ਬਰ 3 ਸਤੰਬਰ ਨੂੰ 114ਵੇਂ ਜਨਮ ਦਿਵਸ 'ਤੇ ਵਿਸ਼ੇਸ਼ ਸਾਂਝੇ ਪੰਜਾਬ ਦਾ ਅਣਖੀਲਾ ਲੋਕ ਕਵੀ : ਚਿਰਾਗ ਦੀਨ ਦਾਮਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।