ਦੁਨੀਆ ਵਿਚ ਮੱਛੀਆਂ ਦੀਆਂ ਲਗਭਗ 35,000 ਕਿਸਮਾਂ ਪਾਈਆਂ ਜਾਂਦੀਆਂ ਹਨ। ਇਕ ਖੋਜ ਅਨੁਸਾਰ ਹਰੇਕ ਸਾਲ ਕਰੀਬ 250 ਨਵੀਆਂ ਪ੍ਰਜਾਤੀਆਂ ਲੱਭਦੀਆਂ ਹਨ। ਹਰੇਕ ਕਿਸਮ ਦੀ ਆਪਣੀ ਆਪਣੀ ਵਿਲੱਖਣ ਪਛਾਣ ਅਤੇ ਜੀਵਨ ਜਾਚ ਹੈ। ਇਨ੍ਹਾਂ ਸਾਰੀਆਂ ਕਿਸਮਾਂ ਵਿਚੋਂ ਇਕ ਬਹੁਤ ਹੀ ਵਿਚਿੱਤਰ ਕਿਸਮ ਹੈ 'ਸਟਾਰਫਿਸ਼'। ਇਸ ਮੱਛੀ ਨੂੰ 'ਤਾਰਾ ਮੱਛੀ' ਦੇ ਤੌਰ ਉੱਤੇ ਵੀ ਜਾਣਿਆ ਜਾਂਦਾ ਹੈ।
ਇਸ ਦੀ ਵਿਲੱਖਣਤਾ ਹੈ ਕਿ ਇਸ ਮੱਛੀ ਦਾ ਨਾ ਤਾਂ ਸਰੀਰ ਹੈ, ਨਾ ਦਿਮਾਗ ਹੈ ਅਤੇ ਨਾ ਹੀ ਖੂਨ ਹੈ। ਤੁਹਾਨੂੰ ਇਹ ਪੜ੍ਹ ਕੇ ਬਹੁਤ ਹੀ ਅਜੀਬ ਲੱਗਿਆ ਹੋਵੇਗਾ, ਪਰ ਇਹ ਬਿਲਕੁਲ ਸੱਚ ਹੈ। ਇਸ ਮੱਛੀ ਦੇ ਰਹੱਸਾਂ ਨੂੰ ਜਾਣਨ ਲਈ ਖੋਜੀਆਂ ਵਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ।
ਪਿੱਛੇ ਜਿਹੇ ਹੋਈ ਇਕ ਖੋਜ ਵਿਚ ਪਤਾ ਲੱਗਾ ਕਿ ਇਸ ਤਾਰਾ ਨੁਮਾ ਆਕਾਰ ਵਾਲੀ ਮੱਛੀ ਦੀਆਂ ਪੰਜ ਭੁਜਾਵਾਂ ਨੂੰ ਹੁਣ ਤੱਕ ਉਸਦਾ ਸਰੀਰ ਮੰਨਿਆ ਜਾਂਦਾ ਰਿਹਾ, ਪਰ ਅਧਿਐਨ ਤੋਂ ਸਾਹਮਣੇ ਆਇਆ ਹੈ ਕਿ ਇਹ ਸਾਰਾ ਸਿਰ ਹੀ ਹੈ, ਇਸ ਨੂੰ ਸਰੀਰ ਨਹੀਂ ਕਿਹਾ ਜਾ ਸਕਦਾ। ਦੇਖਣ ਨੂੰ ਲੱਗਣ ਵਾਲਾ ਇਹ ਸਾਰਾ ਸਰੀਰ ਸਿਰਫ ਸਿਰ ਵਜੋਂ ਹੀ ਕੰਮ ਕਰਦਾ ਹੈ। ਇਸ ਦਾ ਸਿਰ ਇਕੋ ਜਿਹੇ ਪੰਜ ਹਿੱਸਿਆਂ ਵਿਚ ਵੰਡਿਆ ਹੁੰਦਾ ਹੈ। ਕਈ ਖੋਜਕਰਤਾ ਤਾਂ ਇਸ ਨੂੰ ਮੱਛੀ ਹੀ ਨਹੀਂ ਮੰਨਦੇ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਮੱਛੀ ਦੀ ਰੀੜ੍ਹ ਦੀ ਹੱਡੀ ਹੀ ਨਹੀਂ ਹੈ ਉਸਨੂੰ ਮੱਛੀ ਦੀ ਪ੍ਰਜਾਤੀ ਨਹੀਂ ਮੰਨਿਆ ਜਾ ਸਕਦਾ ਹੈ।
ਇਸ ਮੱਛੀ ਦਾ ਆਪਣਾ ਕੋਈ ਦਿਮਾਗ ਵੀ ਨਹੀਂ ਹੁੰਦਾ, ਦਿਮਾਗ ਦੀ ਥਾਂ, ਉਸਦੇ ਮੂੰਹ ਦੇ ਚਾਰੇ ਪਾਸੇ 'ਨਰਵ ਰਿੰਗ' ਹੁੰਦੀ ਹੈ, ਜਿਸ ਵਿਚੋਂ ਹਰ ਭੁਜਾ ਵਿਚ ਨਰਵ ਤਾਰਾਂ ਜਾਂਦੀਆਂ ਹਨ। ਇਹ ਉਸ ਦੀਆਂ ਹਰਕਤਾਂ ਅਤੇ ਸਰੀਰਕ ਪ੍ਰਤੀਕਿਰਿਆ ਨੂੰ ਸੰਯੋਜਿਤ ਕਰਦੀਆਂ ਹਨ।
ਸਟਾਰਫਿਸ਼ ਕੋਲ ਖੂਨ ਦੀ ਥਾਂ, ਆਪਣਾ 'ਵਾਟਰ ਵੈਸਕੁਲਰ ਸਿਸਟਮ' ਹੁੰਦਾ ਹੈ, ਜੋ ਸਮੁੰਦਰ ਦਾ ਪਾਣੀ ਸਰੀਰ 'ਚ ਘੁਮਾਉਂਦਾ ਹੈ ਅਤੇ ਇਹੀ ਉਸ ਦੀ ਚਾਲ, ਖੁਰਾਕ ਅਤੇ ਸਾਹ ਲੈਣ ਵਿਚ ਮਦਦ ਕਰਦਾ ਹੈ। ਸਮੁੰਦਰੀ ਪਾਣੀ ਨੂੰ ਖੂਨ ਦੇ ਬਦਲ ਵਜੋਂ ਉਨ੍ਹਾਂ ਦੇ ਸਰੀਰ ਵਿਚ ਪੰਪ ਕੀਤਾ ਜਾਂਦਾ ਹੈ, ਜਿਸ ਨਾਲ ਪਾਣੀ ਸਟਾਰਫਿਸ਼ ਨੂੰ ਮੁੱਖ ਪੌਸ਼ਟਿਕ ਤੱਤ ਪਹੁੰਚਾਉਂਦਾ ਹੈ, ਜਿਸ ਨਾਲ ਉਨ੍ਹਾਂ ਦੇ ਅੰਗ ਸਹੀ ਢੰਗ ਨਾਲ ਕੰਮ ਕਰ ਸਕਦੇ ਹਨ।
ਇਸ ਵਿਚ ਆਪਣੇ ਆਪ ਨੂੰ ਪੁਨਰ-ਜਨਮ ਦੇਣ ਦੀ ਯੋਗਤਾ ਵੀ ਹੈ। ਸਟਾਰਫਿਸ਼ ਕੋਲ ਟੁੱਟੀਆਂ ਬਾਹਾਂ ਨੂੰ ਮੁੜ ਪੈਦਾ/ਤਿਆਰ ਕਰਨ ਦੀ ਅਦਭੁੱਤ ਯੋਗਤਾ ਹੈ। ਕੁਝ ਮਾਮਲਿਆਂ ਵਿਚ ਤਾਂ ਉਹ ਇਕ ਸਾਰੀ ਬਾਂਹ ਅਤੇ ਕੇਂਦਰੀ ਡਿਸਕ ਦਾ ਹਿੱਸਾ ਤੱਕ ਇਕ ਪੂਰੇ ਸਰੀਰ ਨੂੰ ਦੁਬਾਰਾ ਅਪਡੇਟ ਕਰ ਸਕਦੀ ਹੈ। ਮੰਨ ਲਓ ਕਿ ਕਿਸੇ ਹਾਦਸੇ ਜਾਂ ਸਮੁੰਦਰ ਦੀ ਕਿਸੇ ਅੰਦਰੂਨੀ ਪ੍ਰਕਿਰਿਆ ਕਾਰਨ ਉਸਦੀ ਬਾਂਹ ਨੁਕਸਾਨੀ ਜਾਂਦੀ ਹੈ ਜਾਂ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ ਤਾਂ ਇਹ ਉਸ ਨੂੰ ਦੁਬਾਰਾ ਪੈਦਾ ਕਰ ਲੈਂਦੀ ਹੈ।
ਆਪਣੇ ਸਰੀਰ (ਹਕੀਕਤ ਵਿਚ ਸਿਰ ਹੀ) ਦੇ ਹੇਠਲੇ ਪਾਸੇ ਆਪਣੇ ਛੋਟੇ ਮੂੰਹ ਦੇ ਕਾਰਨ, ਸਟਾਰਫਿਸ਼ ਨੇ ਖਾਣ ਦਾ ਇਕ ਸ਼ਾਨਦਾਰ ਤਰੀਕਾ ਅਪਣਾਇਆ ਹੈ। ਉਹ ਆਪਣੇ ਸਰੀਰ ਦੇ ਪੇਟ ਨੂੰ ਆਪਣੇ ਸਰੀਰ ਤੋਂ ਬਾਹਰ ਪੈਦਾ ਕਰਕੇ ਭੋਜਨ ਨੂੰ ਬਾਹਰੀ ਤੌਰ 'ਤੇ ਹਜ਼ਮ ਕਰਨ ਦੀ ਸਮਰੱਥਾ ਰੱਖਦੀ ਹੈ।
-ਮੋਬਾਈਲ : 94639-91401