19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਅਜੀਬ ਘਟਨਾ

ਅਜੀਤ ਡੈਸਕ 31-08-2025

ਉਹ ਮੇਰਾ ਪੰਜਤਾਲੀ ਸਾਲ ਪੁਰਾਣਾ ਦੋਸਤ ਹੈ। ਜਦੋਂ ਮੈਂ ਵਕਾਲਤ ਸ਼ੁਰੂ ਕੀਤੀ ਤਾਂ ਮੇਰੇ ਕੋਲ ਕਿਤਾਬਾਂ ਨਹੀਂ ਸਨ। ਉਹ ਕਾਨੂੰਨ ਦੀਆਂ ਕਿਤਾਬਾਂ ਵੇਚਣ ਵਾਲਾ ਬੁੱਕ ਸੈਲਰ ਹੈ ਜਿਸ ਨੇ ਸੰਨ 1979 ਤੋਂ ਲੈ ਕੇ ਹੁਣ ਤੱਕ ਚੰਡੀਗੜ੍ਹ, ਦਿੱਲੀ, ਨਾਗਪੁਰ ਅਤੇ ਮੁੰਬਈ ਤੋਂ ਲਿਆ ਕੇ ਮੈਨੂੰ ਲੱਖਾਂ ਰੁਪਈਆਂ ਦੀਆਂ ਹਜ਼ਾਰਾਂ ਕਿਤਾਬਾਂ ਦਿੱਤੀਆਂ ਤੇ ਮੇਰੀ ਪਰਸਨਲ ਲਾਇਬਰੇਰੀ ਭਰ ਦਿੱਤੀ। ਹੁਣ ਮੇਰੇ ਘਰ ਦੀਆਂ ਕੰਧਾਂ ਉੱਤੇ ਕਿਤਾਬਾਂ ਹੀ ਕਿਤਾਬਾਂ ਹਨ ਪਰ ਉਹ ਅਜੇ ਵੀ ਕਿਤਾਬਾਂ ਦੇਣ ਆਉਂਦਾ ਹੈ ਤਾਂ ਮੇਰੇ ਨਾਲ ਏਧਰ-ਉਧਰ ਦੀਆਂ ਗੱਲਾਂ ਵੀ ਕਰ ਜਾਂਦਾ ਤੇ ਅਗਲੇ ਪਿਛਲੇ ਕਿਤਾਬਾਂ ਦੇ ਪੈਸੇ ਵੀ ਲੈ ਜਾਂਦਾ। ਉਸ ਨਾਲ ਕਈ ਦਹਾਕਿਆਂ ਤੋਂ ਮੇਰੀ ਪੱਕੀ ਦੋਸਤੀ ਹੈ।
ਹਰ ਵਾਰ ਉਹ ਖੁਸ਼-ਖੁਸ਼ ਆਉਂਦਾ ਤੇ ਚਾਹ ਪੀਂਦੇ ਵਕਤ ਵਕੀਲਾਂ ਦੀਆਂ ਕਈ ਗੱਲਾਂ ਵੀ ਸੁਣਾ ਜਾਂਦਾ। ਅੱਜ ਉਸ ਨਾਲ ਮੇਰਾ ਮੇਲ ਹੋਇਆ ਤਾਂ ਉਹ ਰੋ ਹੀ ਪਿਆ।
ਮੈਂ ਹਮਦਰਦੀ ਨਾਲ ਪੁੱਛਿਆ ਕਿ ਕੀ ਗੱਲ ਹੋਈ ਤਾਂ ਉਹ ਆਪਣੀ ਹੱਡ ਬੀਤੀ ਦਰਦ ਭਰੀ ਅਵਾਜ਼ ਵਿਚ ਅਜੀਬ ਕਹਾਣੀ ਦੱਸਣ ਲੱਗਾ ਕਿ ਜੋ ਮੇਰੇ ਨਾਲ ਉਹ ਹੋਇਆ ਸ਼ਾਇਦ ਹੀ ਕਿਸੇ ਨਾਲ ਨਾ ਹੋਇਆ ਹੋਵੇ।
ਉਸ ਦੱਸਿਆ ਕਿ ਐਤਵਾਰ ਦਾ ਦਿਨ ਸੀ। ਮੈਂ ਗੱਡੀ ਦੀ ਸਰਵਿਸ ਕਰਵਾਉਣ ਗਿਆ ਸਾਂ। ਜਦ ਵਾਪਸ ਘਰ ਪਰਤਿਆ ਤਾਂ ਗੇਟ ਅੰਦਰੋਂ ਬੰਦ ਸੀ। ਬੜੀਆਂ ਘੰਟੀਆਂ ਵਜਾਈਆਂ, ਫੋਨ ਵੀ ਕੀਤੇ ਪਰ ਨਾ ਕਿਸੇ ਘਰ ਦੇ ਜੀਅ ਨੇ ਮੇਰਾ ਫੋਨ ਚੁੱਕਿਆ ਤੇ ਨਾ ਗੇਟ ਖੋਲ੍ਹਿਆ।
ਕੰਧ ਟੱਪ ਕੇ ਅੰਦਰ ਗਿਆ ਤਾਂ ਮੇਰੇ ਘਰ ਵਾਲੀ ਬੈੱਡ ਰੂਮ ਵਿਚ ਬੇਹੋਸ਼ ਡਿੱਗੀ ਪਈ ਸੀ। ਮੇਰਾ ਮੁੰਡਾ, ਮੇਰੀ ਨੂੰਹ ਤੇ ਮੇਰਾ ਸੱਤ ਕੁ ਸਾਲ ਦਾ ਮਾਸੂਮ ਜਿਹਾ ਪੋਤਾ ਵੱਖ ਵੱਖ ਕਮਰਿਆਂ ਵਿਚ ਬੇਹੋਸ਼ ਪਏ ਸਨ, ਸਾਰਿਆਂ ਦੇ ਮੂੰਹ ਵਿਚੋਂ ਝੱਗ ਨਿਕਲ ਰਹੀ ਸੀ। ਕੋਈ ਵੀ ਬੋਲ ਨਹੀਂ ਰਿਹਾ ਸੀ। ਮੈਂ ਇਕ ਦਮ ਘਬਰਾ ਗਿਆ। ਕੁਝ ਸਮਝ ਨਾ ਆਵੇ ਕੀ ਕਰਾਂ? ਕੋਈ ਵਾਕਫ਼ਕਾਰ ਚੇਤੇ ਨਾ ਆਵੇ। ਪਰ ਅਚਾਨਕ ਇਕ ਵਕੀਲ ਤੋਂ ਜੱਜ ਬਣੇ ਮਿੱਤਰ ਦਾ ਫੋਨ ਨੰਬਰ ਅੱਖਾਂ ਮੁਹਰੇ ਆ ਗਿਆ। ਉਸ ਨੂੰ ਫੋਨ ਉੱਤੇ ਦੱਸਿਆ ਕਿ ਮੈਂ ਤਾਂ ਲੁੱਟਿਆ ਗਿਆ। ਜਦ ਉਸ ਨੂੰ ਦੱਸਿਆ ਤਾਂ ਉਸ ਨੇ ਕਿਹਾ ਕਿ ਹੁਣੇ ਸਾਰਾ ਟੱਬਰ ਚੁੱਕ ਚੰਡੀਗੜ੍ਹ ਦੇ ਪੀ ਜੀ ਆਈ ਲੈ ਆ। ਮੈਂ ਗੱਡੀ ਦਾ ਇੰਤਜ਼ਾਮ ਕਰਕੇ ਬੜੀ ਮੁਸ਼ਕਲ ਪੀ. ਜੀ. ਆਈ. ਪਹੁੰਚਿਆ ਪਰ ਉੱਥੇ ਮਰੀਜ਼ ਹੀ ਏਨੇ ਹੁੰਦੇ ਹਨ ਕਿ ਡਾਕਟਰ ਵੀ ਬੇਵੱਸ ਹੋ ਜਾਂਦੇ ਹਨ ਪਰ। ਭਲਾ ਹੋਵੇ ਉਸ ਸ਼ਖਸ ਦਾ ਜਿਸ ਨੂੰ ਮੈਂ ਕਾਨੂੰਨ ਦੀਆਂ ਕਿਤਾਬਾਂ ਲਿਆ ਲਿਆ ਕੇ ਦਿੰਦਾ ਰਿਹਾਂ ਸਾਂ ਤੇ ਜੋ ਹੁਣ ਮਾਣਯੋਗ ਹਾਈਕੋਰਟ ਦਾ ਜੱਜ ਬਣ ਚੁੱਕਾ ਸੀ। ਉਸ ਪ੍ਰਭਾਵਸ਼ਾਲੀ ਸ਼ਖ਼ਸ ਦੀ ਮੌਜੂਦਗੀ ਕਰਕੇ ਪੀ ਜੀ ਆਈ ਦੇ ਡਾਕਟਰ ਮੇਰੇ ਟੱਬਰ ਨੂੰ ਬਚਾਉਣ ਲਈ ਨੱਠ। ਭੱਜ ਕਰ ਰਹੇ ਸਨ। ਇਕ ਇਕ ਜੀਅ ਦੇ 65-65 ਹਜ਼ਾਰ ਦਾ ਟੀਕਾ ਲੱਗ ਰਿਹਾ ਸੀ। ਮੈ ਮਾਯੂਸ ਸਾਂ। ਡਾਕਟਰ ਖੋਜ ਵੀ ਕਰ ਰਹੇ ਸਨ ਕਿ ਮੇਰੇ ਪੂਰੇ ਟੱਬਰ ਨੇ ਆਖ਼ਰ ਕੀ ਖਾ ਲਿਆ ਹੋਵੇਗਾ ? ਡਾਕਟਰਾਂ ਨੇ ਕਿਹਾ ਕਿ ਘਰੋਂ ਖਾਣ ਵਾਲੀਆਂ ਚੀਜ਼ਾਂ ਚੁੱਕ ਕੇ ਲਿਆਓ। ਘਰ ਗਿਆ ਤਾਂ ਪਰੇ ਘਰ ਦਾ ਕੁੱਤਾ ਵੀ ਮਰਿਆ ਪਿਆ ਸੀ। ਘਰੋਂ ਆਟਾ ਮੰਗਵਾ ਕੇ ਟੈਸਟ ਕਰਵਾਇਆ ਪਰ ਆਟਾ ਠੀਕ ਸੀ। ਟੱਬਰ ਦੇ ਜੀਅ ਪਹਿਲਾਂ ਵੀ ਉਹੀ ਆਟਾ ਖਾਂਦੇ ਆ ਰਹੇ ਸਨ। ਮੈਂ ਖੁਦ ਰਸੋਈ ਵਿਚ ਪਈ ਆਲੂ ਮਟਰ ਦੀ ਸਬਜ਼ੀ ਵਿਚ ਕੜਛੀ ਫੇਰ ਕੇ ਵੇਖੀ ਉਸ ਵਿਚ ਮੈਨੂੰ ਇਕ ਕਿਸੇ ਚੀਜ਼ ਦਾ ਨਹੁੰ ਜਿਹਾ ਨਜ਼ਰ ਆਇਆ ਤਾਂ ਡਾਕਟਰ ਇਸ ਨਤੀਜੇ ਉੱਤੇ ਪਹੁੰਚੇ ਕਿ ਸਬਜ਼ੀ ਬਣਾਉਂਦੇ ਵਕਤ ਪਤੀਲੇ ਉੱਤੇ ਢੱਕਣ ਨਹੀਂ ਦੇ ਹੋਇਆ ਹੋਣਾ ਤੇ ਛੱਤ ਤੋ ਕਿਰਲੀ ਸਿੱਧੀ ਸਬਜ਼ੀ ਦੇ ਪਤੀਲੇ ਵਿਚ ਡਿੱਗੀ ਤੇ ਸਬਜ਼ੀ ਵਿਚ ਹੀ ਰਿੱਝ ਕੇ ਸਬਜ਼ੀ ਵਿਚ ਹੀ ਗਈ ਹੋਣੀ ਕਿਉਂਕਿ ਕਿਰਲੀ ਦੀ ਪੂਛ ਵਿਚ ਬਹੁਤ ਖ਼ਤਰਨਾਕ ਜ਼ਹਿਰ ਭਰਿਆ ਹੁੰਦਾ ਤੇ ਜਿਸ ਜਿਸ ਨੇ ਵੀ ਜਿੱਥੇ ਜਿੱਥੇ ਬੈਠ ਕੇ ਰੋਟੀ ਖਾਧੀ ਉਹ ਉੱਥੇ ਉੱਥੇ ਹੀ ਬੇਹੋਸ਼ ਹੋਈ ਗਿਆ ਤੇ ਮੁੜ ਕੇ ਨਾ ਬੋਲ ਸਕਿਆ ਨਾ ਹਿੱਲ ਸਕਿਆ।
ਡਾਕਟਰ ਦੱਸ ਰਹੇ ਸਨ ਕਿ ਜੇ ਇਹ ਮਰੀਜ਼ ਹਸਪਤਾਲ ਇਕ ਘੰਟਾ ਪਹਿਲਾਂ ਨਾ ਪਹੁੰਚਦੇ ਤਾਂ ਇਹ ਕਿਸੇ ਕੀਮਤ ਉੱਤੇ ਨਹੀਂ ਸੀ ਬਚਣੇ। ਲਗਪਗ ਇਕ ਹਫ਼ਤਾ ਪੀ ਜੀ ਆਈ ਦੇ ਡਾਕਟਰਾਂ ਦੀ ਜੱਦੋ-ਜਹਿਦ ਨਾਲ ਮਰੀਜ਼ ਠੀਕ ਹੋ ਗਏ ਤੇ ਇਕ ਤਰ੍ਹਾਂ ਉਨ੍ਹਾਂ ਦਾ ਨਵਾਂ ਜਨਮ ਹੀ ਹੋਇਆ ਤੇ ਇੰਝ ਇਕ ਟੱਬਰ ਪੂਰੀ ਤਰ੍ਹਾਂ ਬਰਬਾਦ ਹੋਣੋਂ ਬੱਚ ਗਿਆ। ਇਸ ਸੱਚੀ ਘਟਨਾ ਦੀ ਖਬਰ ਸੁਣ ਕੇ ਮੈਂ ਇਕ ਵਾਰ ਤਾਂ ਸੁੰਨ ਜਿਹਾ ਹੀ ਹੋ ਗਿਆ ਕਿ ਹੈਂ ਕੀ ਇਸ ਤਰ੍ਹਾਂ ਵੀ ਹੋ ਸਕਦਾ ਹੈ !!

-ਐਡਵੋਕੇਟ, ਚੈਂਬਰ ਨੰਬਰ 32, ਡਿਸਟ੍ਰਿਕਟ ਕੋਰਟਸ -ਹੁਸ਼ਿਆਰਪੁਰ
ਮੋਬਾਈਲ : 98141-73402

ਪਿਛਲੀ ਖ਼ਬਰ ਕਿਰਤੀਆਂ ਦਾ ਦਰਦਮੰਦ ਕਲਮਕਾਰ : ਪ੍ਰੋਫ਼ੈਸਰ ਗੁਰਦਿਆਲ ਸਿੰਘ ਅਗਲੀ ਖ਼ਬਰ ਮਸਨੂਈ ਸਿਆਣਪ : ਕੀ ਹੈ ਭਵਿੱਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।