19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਕਿਰਤੀਆਂ ਦਾ ਦਰਦਮੰਦ ਕਲਮਕਾਰ : ਪ੍ਰੋਫ਼ੈਸਰ ਗੁਰਦਿਆਲ ਸਿੰਘ

ਅਜੀਤ ਡੈਸਕ 31-08-2025

ਪ੍ਰੋ. ਗੁਰਦਿਆਲ ਸਿੰਘ ਪੰਜਾਬੀ ਸਾਹਿਤ ਦਾ ਮਾਨਤਾ ਪ੍ਰਾਪਤ ਲੇਖਕ ਹੈ, ਜੋ ਜੀਵਨ ਦੇ ਅੰਤਲੇ ਛਿਣਾਂ ਤੱਕ ਕਿਰਤੀਆਂ ਦਾ ਕਲਮਕਾਰ ਬਣਿਆ ਰਿਹਾ ਹੈ। ਉਸ ਦੀ ਰਚਨਾਤਮਕ ਸ਼ਕਤੀ ਨੇ ਪੰਜਾਬੀ ਅਦਬ ਨੂੰ ਸਮਾਜਿਕ ਹਕੀਕਤਾਂ ਨਾਲ ਜੋੜ ਕੇ ਨਵੇਂ ਆਯਾਮ ਦਿੱਤੇ ਹਨ। ਪਿਤਾ ਸ. ਜਗਤ ਸਿੰਘ ਅਤੇ ਮਾਤਾ ਨਿਹਾਲ ਕੌਰ ਦੇ ਇਸ ਫ਼ਰਜ਼ੰਦ ਦੀ ਪੈਦਾਇਸ਼ 10 ਜਨਵਰੀ, 1933 ਨੂੰ ਨਾਨਕੇ ਪਿੰਡ ਭੈਣੀ ਫੱਤਾ (ਜ਼ਿਲ੍ਹਾ ਬਰਨਾਲਾ) ਵਿਖੇ ਹੋਈ। ਦਾਦਕੇ ਪਿੰਡ ਜੈਤੋ ਕਰਕੇ ਉਸ ਦੀ ਪਛਾਣ ਗੁਰਦਿਆਲ ਸਿੰਘ ਜੈਤੋ ਵਜੋਂ ਬਣੀ। ਆਮ ਕਿਸਾਨ ਪਰਿਵਾਰ ਨਾਲ ਸੰਬੰਧਤ ਪ੍ਰੋ. ਗੁਰਦਿਆਲ ਸਿੰਘ ਨੇ ਆਪਣੇ ਜੀਵਨ ਦੀ ਸ਼ੁਰੂਆਤ ਸਕੂਲ ਅਧਿਆਪਕ ਵਜੋਂ ਕੀਤੀ ਅਤੇ ਫਿਰ ਕਾਲਜ-ਲੈਕਚਰਾਰ ਵਜੋਂ ਸੇਵਾਵਾਂ ਦਿੱਤੀਆਂ। ਉਪਰੰਤ ਉਹ ਪੰਜਾਬੀ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਬਠਿੰਡਾ ਵਿਖੇ ਅਧਿਐਨ, ਅਧਿਆਪਨ ਅਤੇ ਖੋਜ ਕਾਰਜ ਦੇ ਖੇਤਰ ਵਿਚ ਯੋਗਦਾਨ ਪਾਉਂਦੇ ਹੋਏ ਮੁਖੀ ਵਜੋਂ ਸੇਵਾ-ਮੁਕਤ ਹੋਏ। ਗ੍ਰਹਿਸਥੀ-ਜੀਵਨ ਵਿਚ ਪ੍ਰਵੇਸ਼ ਕਰਨ ਉਪਰੰਤ ਉਸ ਦੀ ਸ਼ਰੀਕ-ਏ-ਹਯਾਤ ਬਲਵੰਤ ਕੌਰ ਦੀ ਕੁੱਖੋਂ ਇਕ ਬੇਟੇ ਅਤੇ ਦੋ ਬੇਟੀਆਂ ਦੀ ਪੈਦਾਇਸ਼ ਹੋਈ। ਦੋਵਾਂ ਨੇ ਰਲ-ਮਿਲ ਕੇ ਸੰਤਾਨ ਨੂੰ ਸੰਸਕਾਰੀ ਬਣਾਇਆ। ਉਸ ਦੇ ਪਰਿਵਾਰਕ ਜੀਵਨ ਵਿੱਚ ਨੈਤਿਕਤਾ, ਵਿੱਦਿਆ ਅਤੇ ਕਲਾ ਪ੍ਰਧਾਨ ਰਹੀ।
ਪ੍ਰੋਫੈਸਰ ਗੁਰਦਿਆਲ ਸਿਘ ਨੇ ਸੰਨ 1957 ਵਿਚ ਕਹਾਣੀਕਾਰ ਵਜੋਂ ਅਦਬੀ ਸਫ਼ਰ ਦਾ ਆਗਾਜ਼ ਕੀਤਾ ਸੀ। ਉਸ ਨੂੰ ਭਾਰਤੀ ਸਾਹਿਤ ਅਕਾਦਮੀ ਵਲੋਂ 'ਅੱਧ ਚਾਨਣੀ ਰਾਤ' (1975) ਨਾਵਲ ਉੱਪਰ ਪੁਰਸਕਾਰ ਪ੍ਰਾਪਤ ਹੋਇਆ। ਉਸ ਨੂੰ ਭਾਰਤ ਸਰਕਾਰ ਵਲੋਂ ਰਾਸ਼ਟਰਪਤੀ ਦੁਆਰਾ 1998 ਵਿਚ 'ਪਦਮਸ੍ਰੀ' ਦੀ ਉਪਾਧੀ ਨਾਲ ਨਿਵਾਜਿਆ ਗਿਆ। ਸੰਨ 2000 ਵਿਚ 'ਗਿਆਨਪੀਠ ਐਵਾਰਡ' ਪ੍ਰਾਪਤ ਕਰਨਾ ਨਾਲ ਉਸ ਦੀ ਕੀਰਤੀ ਵਿਚ ਹੋਰ ਇਜ਼ਾਫ਼ਾ ਹੋਇਆ।
ਪ੍ਰੋ. ਗੁਰਦਿਆਲ ਸਿੰਘ ਨੇ ਅਨੇਕ ਯਾਦਗਾਰੀ ਨਾਵਲਾਂ ਦੀ ਰਚਨਾ ਕੀਤੀ ਜਿਨ੍ਹਾਂ ਵਿਚੋਂ 'ਮੜ੍ਹੀ ਦਾ ਦੀਵਾ', 'ਅਣਹੋਏ', 'ਰੇਤੇ ਦੀ ਇਕ ਮੁੱਠੀ', 'ਕੁਵੇਲਾ', 'ਅੱਧ ਚਾਨਣੀ ਰਾਤ', 'ਆਥਣ-ਉੱਗਣ', 'ਅੰਨ੍ਹੇ ਘੋੜੇ ਦਾ ਦਾਨ', 'ਪਹੁ ਫੁਟਾਲੇ ਤੋਂ ਪਹਿਲਾਂ', 'ਪਰਸਾ' ਅਤੇ 'ਆਹਣ' ਆਦਿ ਵਿਚ ਪਾਠਕ ਆਪਣੇ ਆਪ ਨੂੰ ਇਕਮਿਕ ਕਰ ਕੇ ਵੇਖਦੇ ਹਨ। ਉਸ ਦੇ ਕਹਾਣੀ ਸੰਗ੍ਰਹਿਆਂ ਦੇ ਸੰਦਰਭ ਵਿਚ ਗੱਲ ਕੀਤੀ ਜਾਵੇ ਤਾਂ 'ਸੱਗੀ-ਫੁੱਲ' ਆਪਣੀ ਪਤਨੀ ਨੂੰ ਸਮਰਪਿਤ ਕਰਦਿਆਂ ਉਸ ਨੇ ਲਿਖਿਆ ਸੀ, 'ਓਸ ਸੱਗੀ-ਫੁੱਲਾਂ ਵਾਲ਼ੀ ਨੂੰ ਜਿਸ ਨੇ ਮੇਰਾ ਸਿਰ ਉੱਚਾ ਕਰਨ ਲਈ ਆਪਣੀ ਸਿਰ ਨੀਵਾਂ ਕਰ ਲਿਆ।' ਇਸ ਵਾਕ ਦੀ ਅਹਿਮੀਅਤ ਉਸ ਦੀ ਪਤਨੀ ਦੀ ਫ਼ਰਾਖ਼ਦਿਲੀ ਨੂੰ ਦਰਸਾਉਂਦੀ ਹੈ ਜਿਸ ਨੇ ਆਪਣੇ ਜੀਵਨ-ਸਾਥੀ ਦੇ ਪਹਿਲੇ ਕਹਾਣੀ ਸੰਗ੍ਰਹਿ 'ਸੱਗੀ-ਫੁੱਲ' ਨੂੰ ਛਪਾਉਣ ਲਈ ਆਪਣਾ ਸੱਗੀ ਵੇਚ ਦਿੱਤੀ ਸੀ, ਕਿਉਂਕਿ ਪ੍ਰੋ. ਗੁਰਦਿਆਲ ਸਿੰਘ ਦੀ ਮਾਲੀ ਹਾਲਤ ਪੁਸਤਕ ਛਪਵਾਉਣ ਦੇ ਸਮਰੱਥ ਨਹੀਂ ਸੀ। 'ਚੰਨ ਦਾ ਬੂਟਾ', 'ਓਪਰਾ ਘਰ', 'ਕੁੱਤਾ ਤੇ ਆਦਮੀ', 'ਮਸਤੀ ਬੋਤਾ', 'ਰੁੱਖੇ ਮਿੱਸੇ ਬੰਦੇ', 'ਪੱਕਾ ਟਿਕਾਣਾ', 'ਬਿਗਾਨਾ ਪਿੰਡ' ਅਤੇ 'ਕਰੀਰ ਦੀ ਢਿੰਗਰੀ' ਆਦਿ ਕਹਾਣੀ-ਪਰਾਗਿਆਂ ਵਿਚੋਂ ਉਸ ਦੀ ਪੇਂਡੂ ਰਹਿਤਲ ਪ੍ਰਤੀ ਸਮਝ ਅਤੇ ਅਨੁਭਵ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਉਸ ਨੇ ਵਾਰਤਕ ਨੂੰ ਸਾਧਾਰਨ ਲੋਕਾਂ ਨਾਲ ਜੋੜਦਿਆਂ ਇਨਕਲਾਬੀ ਵਿਚਾਰਧਾਰਾ ਦਾ ਫੈਲਾਓ ਕੀਤਾ। ਇਸੇ ਤਰ੍ਹਾਂ ਉਸ ਦਾ ਬਾਲ ਸਾਹਿਤ ਜਿੱਥੇ ਬੱਚਿਆਂ ਨੂੰ ਪੰਜਾਬ ਦੀ ਮੁੱਲਵਾਨ ਰਹਿਤਲ ਅਤੇ ਜੀਵਨ-ਮੁੱਲਾਂ ਨਾਲ ਜੋੜਦਾ ਹੈ, ਉਥੇ ਨਾਟ-ਕ੍ਰਿਤਾਂ ਦੇ ਮਾਧਿਅਮ ਦੁਆਰਾ ਪੰਜਾਬੀ ਜਨ-ਜੀਵਨ ਨੂੰ ਸਾਕਾਰ ਰੂਪ ਵਿਚ ਚਿਤਰਿਆ ਹੈ। ਜਗਤ ਪ੍ਰਸਿੱਧ ਲੇਖਕ ਗੋਰਕੀ ਦੀ ਪੁਸਤਕ ਮੇਰਾ ਬਚਪਨ ਅਤੇ ਕ੍ਰਿਸ਼ਨਾ ਸੋਬਤੀ ਦੀ 'ਜ਼ਿੰਦਗੀਨਾਮਾ' ਦਾ ਉਸ ਨੇ ਅਨੁਵਾਦ ਕੀਤਾ। ਸੰਪਾਦਨ ਦੇ ਪਿੜ ਵਿਚ ਵੀ ਉਸ ਨੇ ਮਹੱਤਵਪੂਰਨ ਕਾਰਜ ਕੀਤਾ ਹੈ।
ਪ੍ਰੋ. ਗੁਰਦਿਆਲ ਸਿੰਘ ਦੀਆਂ ਲਿਖਤਾਂ ਆਰਥਿਕ-ਸਮਾਜਿਕ ਤਣਾਅ ਤੇ ਮਾਨਵੀ ਵਿਡੰਬਨਾਵਾਂ ਦੀ ਬਾਤ ਪਾਉਂਦੀਆਂ ਹਨ। ਉਹ ਵਿਸ਼ੇਸ਼ ਤੌਰ 'ਤੇ ਲੋੜਵੰਦ, ਪਛੜੇ ਅਤੇ ਅਣਸੁਣੇ ਲੋਕਾਂ ਦੀ ਜ਼ਿੰਦਗੀ ਨੂੰ ਸਾਹਿਤਕ-ਰੂਪ ਦੇਣ ਵਾਲਾ ਸਾਖੀਕਾਰ ਸੀ। ਉਸ ਨੇ ਆਪਣੇ ਗਲਪ ਦੇ ਜ਼ਰੀਏ ਕਿਸਾਨੀ ਜੀਵਨ, ਪਿੰਡ ਦੀ ਵਾਸਤਵਿਕਤਾ, ਸਾਂਝੀ ਵਿਰਾਸਤ, ਆਰਥਿਕ ਪਛੜੇਪਨ ਯਾਨੀ ਗ਼ੁਰਬਤ ਦੀਆਂ ਮਜਬੂਰੀਆਂ, ਜਾਤੀ-ਸੰਘਰਸ਼, ਲੋਕ-ਧਰਮ ਅਤੇ ਸਮਕਾਲੀ ਸਮਾਜ ਵਿਚ ਵਾਪਰ ਰਹੀਆਂ ਅਜੋਕੀਆਂ ਤਬਦੀਲੀਆਂ ਨੂੰ ਕੇਂਦਰ ਵਿੱਚ ਰੱਖ ਕੇ ਪੰਜਾਬੀ ਸਾਹਿਤ ਨੂੰ ਆਧੁਨਿਕ ਚੇਤਨਾ ਨਾਲ ਰੰਗਿਆ ਅਤੇ ਨਵੀਂ ਦਿਸ਼ਾ ਵੀ ਪ੍ਰਦਾਨ ਕੀਤੀ। ਪ੍ਰਸਿੱਧ ਆਲੋਚਕ ਟੀ.ਆਰ.ਵਿਨੋਦ ਦਾ ਗੁਰਦਿਆਲ ਸਿੰਘ ਦੀ ਕਲਾ ਦੇ ਪ੍ਰੇਰਨਾ-ਸੋਮ ਬਾਰੇ ਮਤ ਹੈ, 'ਉਹ ਆਪ ਇਕ ਕਾਰੀਗਰ ਕਾਮਾ ਸੀ, ਜਿਸ ਕਰਕੇ ਉਹ ਕਾਮਿਆਂ ਦੇ ਨੇੜੇ ਹੁੰਦਾ ਗਿਆ। ਕਾਰੀਗਰਾਂ ਅਤੇ ਕਾਮਿਆਂ ਦੇ ਸਾਦ-ਮੁਰਾਦੇ, ਮਿਹਨਤੀ ਜੀਵਨ ਦੇ ਸੁਹਜਕਾਰੀ ਤੱਤਾਂ ਵਿੱਚੋਂ ਉਸ ਨੂੰ ਖੁਸ਼ਬੋ ਆਉਂਦੀ ਪਰ ਉਨ੍ਹਾਂ ਦੀ ਥੁੜ੍ਹਾਂ ਨਾਲ ਭਰਪੂਰ ਨਾ-ਮੁਰਾਦ ਜ਼ਿੰਦਗੀ ਉਸ ਨੂੰ ਬੇਚੈਨ ਕਰ ਦਿੰਦੀ। ਪੇਂਡੂ ਕਾਰੀਗਰਾਂ ਅਤੇ ਕਾਮਿਆਂ ਦੇ ਜੀਵਨ ਦਾ ਇਹੀ ਦੁਖਾਂਤ-ਅਨੁਭਵ ਸਮਾਂ ਪਾ ਕੇ ਉਸ ਦੀ ਸਾਹਿਤ ਸਿਰਜਣਾ ਦਾ ਪ੍ਰੇਰਨਾ-ਸੋਮਾ ਬਣ ਗਿਆ।' ('ਸਲਾਮ', ਅੰਕ-8, ਮੁੱਖ ਸੰਪਾਦਕ ਜਸਪਾਲ ਜੱਸੀ) ਉਸ ਦੀਆਂ ਸਮੁੱਚੀਆਂ ਕ੍ਰਿਤਾਂ ਦਾ ਲੇਖਾ-ਜੋਖਾ ਕੀਤਾ ਜਾਵੇ, ਤਾਂ ਕਿਹਾ ਜਾ ਸਕਦਾ ਹੈ ਕਿ ਇਹ ਲਿਖਤਾਂ ਸਿੱਧੀਆਂ-ਸਾਦੀਆਂ ਪਰੰਤੂ ਭਾਵਨਾਤਮਕ ਤੇ ਸਮਾਜਿਕ ਸੱਚਾਈ ਦੀ ਡੂੰਘੀ-ਪੜਤਾਲ ਕਰਦੀਆਂ ਹਨ।
ਪ੍ਰੋ. ਗੁਰਦਿਆਲ ਸਿੰਘ ਦੀਆਂ ਗੱਲਾਂ ਕਿਰਦਾਰਾਂ ਰਾਹੀਂ ਨਹੀਂ, ਜੀਵਨ ਰਾਹੀਂ ਬੋਲਦੀਆਂ ਹਨ। ਉਸ ਦੇ ਪਾਤਰ ਦਰਦ ਸਹਿ ਕੇ ਚੁੱਪ ਨਹੀਂ ਰਹਿੰਦੇ, ਸਗੋਂ ਅੰਦਰੋਂ ਸਾਡੀ ਆਵਾਜ਼ ਬਣ ਜਾਂਦੇ ਹਨ। ਪ੍ਰੋ. ਗੁਰਦਿਆਲ ਸਿੰਘ ਦੀ ਲਿਖਤ ਵਿਚ ਨਿਮਨ ਵਰਗ ਦੇ ਪਾਤਰ ਜਾਤੀ ਪ੍ਰਥਾ, ਆਰਥਿਕ ਸੰਘਰਸ਼ ਅਤੇ ਸਮਾਜਿਕ ਤ੍ਰਿਸਕਾਰ ਦਾ ਸ਼ਿਕਾਰ ਹੋ ਕੇ ਵੀ ਮੌਨ ਵਿਚ ਬੋਲਦੇ ਹਨ। ਉਨ੍ਹਾਂ ਦੀ ਚੁੱਪ ਇਨਸਾਫ਼, ਬਗ਼ਾਵਤ ਅਤੇ ਆਤਮ-ਸਨਮਾਨ ਦੀ ਪਿਆਸ ਨੂੰ ਜ਼ਾਹਿਰ ਕਰਦੀ ਹੈ, ਜਿਸ ਨਾਲ ਪਾਠਕ ਉਨ੍ਹਾਂ ਦੇ ਦਰਦ ਨੂੰ ਗਹਿਰਾਈ ਨਾਲ ਮਹਿਸੂਸਦਾ ਹੈ। ਲੇਖਕ ਦੀ ਪ੍ਰਗਤੀਵਾਦੀ ਦ੍ਰਿਸ਼ਟੀ ਰਾਹੀਂ ਇਹ ਪਾਤਰ ਸਮੂਹ ਪੀੜਤ ਵਰਗ ਦੀ ਆਵਾਜ਼ ਬਣਦੇ ਹਨ ਅਤੇ ਸਾਬਤ ਕਰਦੇ ਹਨ ਕਿ ਦਰਦਮੰਦ ਵੀ ਬੋਲਦੇ ਹਨ, ਸਿਰਫ਼ ਉਨ੍ਹਾਂ ਨੂੰ ਸੁਣਨ ਲਈ ਸੰਵੇਦਨਸ਼ੀਲਤਾ ਦੀ ਲੋੜ ਹੁੰਦੀ ਹੈ। ਨਾਇਕੀ ਗੁਣਾਂ ਵਾਲੇ ਕਿਰਦਾਰ ਉਸ ਦੀਆਂ ਲਿਖਤਾਂ ਵਿਚ ਇਖ਼ਲਾਕ ਪੱਖੋਂ ਜਿੱਤ ਹਾਸਲ ਕਰਦੇ ਹਨ। ਇਸ ਪ੍ਰਸੰਗ ਵਿਚ 'ਮੜ੍ਹੀ ਦਾ ਦੀਵਾ', 'ਅਣਹੋਏ' ਅਤੇ 'ਅੱਧ ਚਾਨਣੀ ਰਾਤ' ਦੇ ਮੁੱਖ ਪਾਤਰਾਂ ਦੇ ਸੰਘਰਸ਼ ਨੂੰ ਤੱਕਿਆ ਜਾ ਸਕਦਾ ਹੈ। ਉਸ ਦੇ ਸਿਰਜੇ ਕਿਰਦਾਰ ਕੇਵਲ ਕਹਾਣੀ ਦੀ ਲੋੜ ਨਹੀਂ ਬਲਕਿ ਸਮਾਜਿਕ ਸੰਵੇਦਨਾਵਾਂ ਦੇ ਜੀਵੰਤ ਪ੍ਰਤੀਕ ਹਨ। ਤਾਉਮਰ ਤਲਖ਼ ਹਕੀਕਤਾਂ ਨੂੰ ਨੰਗੀ ਅੱਖ ਨਾਲ ਵੇਖਣ ਦੇ ਹੱਕ ਵਿੱਚ ਰਹੇ ਪ੍ਰੋ. ਗੁਰਦਿਆਲ ਸਿੰਘ ਦਾ ਸਮੁੱਚਾ ਸਾਹਿਤ ਅਣਹੋਏ, ਨਿਤਾਣੇ, ਨਪੀੜੇ, ਮਜ਼ਲੂਮ ਅਤੇ ਪੈਰਾਂ ਦੀ ਧੂੜ ਸਮਝੇ ਜਾਣ ਵਾਲੇ ਨਿਮਨ ਵਰਗ ਦੇ ਪਾਤਰਾਂ ਦੇ ਹੱਕ ਵਿਚ ਭੁਗਤਦਾ ਹੋਇਆ ਸੱਤਾ 'ਤੇ ਕਾਬਜ਼ ਜਮਾਤਾਂ ਦਾ ਡਟ ਕੇ ਮੁਕਾਬਲਾ ਕਰਨ ਦੀ ਪ੍ਰੇਰਨਾ ਜਗਾਉਣ ਵਾਲਾ, ਇਹ ਮਹਾਨ ਅਦੀਬ 83 ਵਰ੍ਹੇ ਦੀ ਉਮਰ ਭੋਗਣ ਉਪਰੰਤ 16 ਅਗਸਤ, 2016 ਨੂੰ ਇਸ ਲੌਕਿਕ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਿਆ।
ਬੀਤੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪ੍ਰੋਫ਼ੈਸਰ ਗੁਰਦਿਆਲ ਸਿੰਘ ਚੇਅਰ ਵਿਚ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਦੀ ਪ੍ਰੇਰਨਾ ਸਦਕਾ ਪ੍ਰੋ. ਗੁਰਦਿਆਲ ਸਿੰਘ ਅਧਿਐਨ ਅਤੇ ਵਿਰਾਸਤ ਕੇਂਦਰ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ। ਪੰਜਾਬੀ ਵਿਭਾਗ ਅਤੇ ਪੰਜਾਬੀ ਪੀਡੀਆ ਕੇਂਦਰ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦਾ ਮੰਤਵ ਮਹਾਨ ਗਲਪਕਾਰ ਪ੍ਰੋ. ਗੁਰਦਿਆਲ ਸਿੰਘ ਦੀ ਸਾਹਿਤਕ ਵਿਰਾਸਤ ਨੂੰ ਨਮਨ ਕਰਨਾ ਅਤੇ ਨਵੀਂ ਪੀੜ੍ਹੀ ਨੂੰ ਗਿਆਨ ਦੇ ਸਰੋਤ ਨਾਲ ਜੋੜਨਾ ਹੈ। ਯਕੀਨਨ ਇਸ ਲਾਇਬ੍ਰੇਰੀ ਦੀ ਸਥਾਪਨਾ ਨਾਲ ਪੰਜਾਬੀ ਸਾਹਿਤ ਤੇ ਸਾਹਿਤਕਾਰਾਂ ਦਾ ਗੌਰਵ ਹੋਰ ਵਧੇਗਾ।

-ਕੋਆਰਡੀਨੇਟਰ, ਪ੍ਰੋਫੈਸਰ ਗੁਰਦਿਆਲ ਸਿੰਘ ਚੇਅਰ, ਪੰਜਾਬੀ ਯੂਨੀਵਰਸਿਟੀ ਪਟਿਆਲਾ- 147002
ਮੋਬਾਈਲ : 85678-86223

ਪਿਛਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ-38 * ਗੁਰਦਿਆਲ ਰੌਸ਼ਨ * ਅਗਲੀ ਖ਼ਬਰ ਅਜੀਬ ਘਟਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।