ਬਲਜੀਤ ਸੈਣੀ ਦੀ ਗ਼ਜ਼ਲ ਭਰ ਸਿਆਲ ਵਿਚ ਸੂਰਜ ਦੀ ਕੋਸੀ ਕੋਸੀ ਧੁੱਪ ਵਰਗੀ ਹੁੰਦੀ ਹੈ ਜੋ ਸੀਮਤ ਸਾਧਨਾਂ ਵਾਲੀ ਅਵਾਮ ਲਈ ਕਿਸੇ ਸੌਗ਼ਾਤ ਤੋਂ ਘੱਟ ਨਹੀਂ ਹੁੰਦੀ। ਸੈਣੀ ਦੀ ਇੱਛਾ ਹੈ ਕਿ ਇਹ ਧੁੱਪ ਵੱਡੀਆਂ ਇਮਾਰਤਾਂ ਦਾ ਸ਼ਿਕਾਰ ਨਾ ਹੋ ਕੇ ਸਭ ਨੂੰ ਬਰਾਬਰ ਮਿਲੇ। ਬਰਾਬਰਤਾ ਦੇ ਸੰਦੇਸ਼ ਦੇ ਨਾਲ ਨਾਲ ਉਸ ਦੇ ਸ਼ਿਅਰਾਂ ਵਿਚ ਆਪ ਬੀਤੀ ਦੀ ਪੀੜ ਵੀ ਹੈ ਜੋ ਹਮੇਸ਼ਾ ਉਸ ਦੀ ਪੈੜ ਨੱਪਦੀ ਰਹੀ ਹੈ। ਗ਼ਜ਼ਲ ਦੀਆਂ ਬਾਰੀਕੀਆਂ ਉਸ ਨੇ ਅਧਿਐਨ ਨਾਲ ਹਾਸਿਲ ਕੀਤੀਆਂ ਤੇ ਉਸ ਦੇ ਸਿਰ 'ਤੇ ਸਮਰੱਥ ਗ਼ਜ਼ਲਕਾਰਾਂ ਦਾ ਹੱਥ ਵੀ ਰਿਹਾ ਹੈ। ਮੁਕੇਰੀਆਂ ਦੇ ਲਾਗੇ ਪਿੰਡ ਚਨੌਰ ਵਿਖੇ ਰਹਿ ਰਹੀ, ਕਿੱਤੇ ਵਜੋਂ ਅਧਿਆਪਕਾ ਬਲਜੀਤ ਸੈਣੀ ਨੇ ਗ਼ਜ਼ਲ ਖ਼ੇਤਰ ਵਿਚ ਔਰਤਾਂ ਮਰਦਾਂ ਦੇ ਅਸਾਵੇਂਪਨ ਨੂੰ ਘੱਟ ਕਰਨ ਵਿਚ ਵੀ ਯੋਗਦਾਨ ਪਾਇਆ ਹੈ। ਕਿਸੇ ਵੇਲੇ ਔਰਤ ਗ਼ਜ਼ਲਕਾਰਾਂ ਦੀ ਗਿਣਤੀ ਨਾਮਾਤਰ ਸੀ ਪਰ ਹੁਣ ਇਹ ਸੰਤੁਸ਼ਟੀਜਨਕ ਕਹੀ ਜਾ ਸਕਦੀ ਹੈ। ਆਮ ਤੌਰ 'ਤੇ ਖ਼ਾਮੋਸ਼ ਰਹਿ ਕੇ ਸਿਰਜਣਾ ਕਰਨ ਵਾਲੀ ਬਲਜੀਤ ਸੈਣੀ ਦੇ ਇਕੋ ਇਕ ਗ਼ਜ਼ਲ ਸੰਗ੍ਰਹਿ ਦਾ ਨਾਮ ਵੀ 'ਖ਼ਾਮੋਸ਼ੀ ਦਾ ਤਰਜੁਮਾ' ਹੈ। ਪੇਸ਼ ਹਨ ਉਸ ਦੀਆਂ ਦੋ ਗ਼ਜ਼ਲਾਂ: -ਮੋਬਾਈਲ : 99884-44002
*
ਬਲਜੀਤ ਸੈਣੀ
*
ਮੇਰੇ ਖ਼ਾਬਾਂ ਨੂੰ ਜੇ ਮਿਲਿਆ ਘਰ ਨਹੀਂ ਤਾਂ ਫੇਰ ਕੀ।
ਸੁੱਕਿਆ ਨੈਣਾਂ ਦਾ ਜੇ ਸਾਗਰ ਨਹੀਂ ਤਾਂ ਫੇਰ ਕੀ।
ਤੇਰੀਆਂ ਯਾਦਾਂ ਦਾ ਸੂਰਜ ਜ਼ਿਹਨ ਵਿਚ ਮਹਿਫ਼ੂਜ਼ ਹੈ,
ਜ਼ਿੰਦਗੀ ਵਿਚ ਧੁੱਪ ਦੀ ਕਾਤਰ ਨਹੀਂ ਤਾਂ ਫੇਰ ਕੀ।
ਜਾਣ ਕੇ ਖ਼ੁਦ ਨੂੰ ਇਕੱਲਾ ਕਿਉਂ ਮਨਾ ਹੋਵੇਂ ਉਦਾਸ?
ਬਹੁਤ ਦੁਸ਼ਮਣ ਨਾਲ ਨੇ, ਮਿੱਤਰ ਨਹੀਂ ਤਾਂ ਫੇਰ ਕੀ।
ਬਹੁਤ ਨੇ ਦੋ ਅੱਥਰੂ ਹੀ ਮੇਰੀਆਂ ਤੇਹਾਂ ਲਈ,
ਰਸਤਿਆਂ ਵਿਚ ਜੇ ਕੋਈ ਸਰਵਰ ਨਹੀਂ ਤਾਂ ਫੇਰ ਕੀ।
ਕਰ ਲਿਆ ਤਬਦੀਲ ਖ਼ੁਦ ਨੂੰ ਮੌਸਮਾਂ ਦੇ ਨਾਲ ਮੈਂ,
ਦਿਲ ਨੂੰ ਜੇਕਰ ਕਰ ਸਕੀ ਪੱਥਰ ਨਹੀਂ ਤਾਂ ਫੇਰ ਕੀ।
ਕਰ ਸਕੇਂ ਤਾਂ ਮੇਰੀ ਖ਼ਾਮੋਸ਼ੀ ਦਾ ਕਰ ਲੈ ਤਰਜੁਮਾ,
ਕੋਲ ਮੇਰੇ ਬੋਲਦੇ ਅੱਖਰ ਨਹੀਂ ਤਾਂ ਫੇਰ ਕੀ।
*
ਦਿਲ ਅੰਦਰ ਚਾਨਣ ਦੀ ਲੋਚਾ, ਪਰ ਨੈਣਾਂ ਵਿਚ ਰਾਤ ਸਦਾ।
ਇਕ ਦੂਜੇ ਦੇ ਗਲ ਲੱਗ ਰੋਏ, ਮੈਂ ਤੇ ਇਹ ਹਾਲਾਤ ਸਦਾ।
ਜ਼ਹਿਰ ਪਿਆਲਾ ਅਪਣਾ-ਅਪਣਾ ਪੀਣਾ ਪੈਂਦਾ ਹੈ ਸਭ ਨੂੰ,
ਹਰ ਬੰਦੇ ਦੇ ਅੰਦਰ ਲੁਕਿਆ ਹੁੰਦੈ ਇਕ ਸੁਕਰਾਤ ਸਦਾ।
ਥਲ ਨੂੰ ਛੱਡ ਕੇ ਸਾਗਰ ਉੱਤੇ ਵਰ੍ਹ ਜਾਂਦਾ ਹੈ ਆਖ਼ਰ ਨੂੰ,
ਬੱਦਲ ਦੀ ਬਦਨੀਤੀ ਦੀ ਵੀ ਕੀ ਮੈਂ ਪਾਵਾਂ ਬਾਤ ਸਦਾ।
ਖੰਭਾਂ ਉੱਤੋਂ ਤੋੜ ਭਰੋਸਾ, ਚੂਰੀ ਉੱਤੇ ਰੀਝ ਗਏ,
ਭੋਲੇ ਪੰਛੀ ਏਦਾਂ ਵੀ ਕਰਦੇ ਨੇ ਆਤਮਘਾਤ ਸਦਾ।
ਵਿਰਲਾਂ ਵਿਚੋਂ ਝਾਕ ਰਿਹੋਂ, ਉਜਿਆਰੇ ਵੱਲ ਵੀ ਤੱਕਿਆ ਕਰ,
ਨੇਰ੍ਹੇ ਦੇ ਸਹਿਰਾ 'ਚੋਂ ਲੰਘ ਕੇ, ਆਉਂਦੀ ਹੈ ਪ੍ਰਭਾਤ ਸਦਾ।