ਪੰਜਾਬ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇੱਥੇ ਨਸ਼ਾ ਬਹੁਤ ਹੈ | ਲੋਕ ਉਂਗਲਾਂ ਚੁੱਕਦੇ ਹਨ, ਅਖ਼ਬਾਰਾਂ ਵਿਚ ਸੁਰਖੀਆਂ ਬਣਦੀਆਂ ਹਨ, ਪਰ ਸ਼ਾਇਦ ਉਨ੍ਹਾਂ ਨੂੰ ਪੰਜਾਬ ਦੀ ਅਸਲੀ ਤਸਵੀਰ ਜਾਂ ਪੰਜਾਬ ਦੀ ਧੜਕਣ ਨਹੀਂ ਸੁਣਾਈ ਦਿੰਦੀ |
ਹਾਂ, ਪੰਜਾਬ ਵਿਚ ਨਸ਼ਾ ਹੈ ਐ ਪਰ ਇਹ ਉਹ ਨਸ਼ਾ ਨਹੀਂ, ਜੋ ਨੌਜਵਾਨਾਂ ਨੂੰ ਗ਼ਲਤ ਰਾਹਾਂ 'ਤੇ ਲੈ ਜਾਵੇ |
ਇਹ ਨਸ਼ਾ ਹੈ ਹੌਸਲੇ ਦਾ, ਹਿੰਮਤ ਦਾ, ਜਜ਼ਬੇ ਦਾ |
ਇਹ ਨਸ਼ਾ ਹੈ ਪਿਆਰ, ਸੇਵਾ ਤੇ ਸਮਰਪਣ ਦਾ |
ਹੜ੍ਹ ਦੇ ਔਖੇ ਵੇਲੇ ਨੂੰ ਹੀ ਵੇਖ ਲਓ |
ਜਦੋਂ ਪਾਣੀ ਆਪਣੀ ਰਫ਼ਤਾਰ ਨਾਲ ਸਭ ਕੁਝ ਰੋੜ੍ਹ ਲਿਜਾਣ ਨੂੰ ਤਿਆਰ ਸੀ, ਤਦੋਂ ਪੰਜਾਬ ਦੀ ਨੌਜਵਾਨੀ ਹੜ੍ਹਾਂ ਦੇ ਮੂਹਰੇ ਛਾਤੀ ਤਾਣ ਕੇ ਖੜ੍ਹ ਗਈ ਤੇ ਆਪਣੇ ਘਰ-ਪਰਿਵਾਰ ਛੱਡ ਕੇ ਆਪਣੇ-ਆਪਣੇ ਮੋਰਚਿਆਂ 'ਤੇ ਜਾ ਉੱਤਰੀ |
ਕਿਸੇ ਨੇ ਬੰਨ੍ਹਾਂ 'ਤੇ ਖੜ੍ਹ ਕੇ ਸੀਨਾ ਤਾਣਿਆ, ਕਿਸੇ ਨੇ ਰਸਦ ਪਾਣੀ-ਪੀੜਤ ਇਲਾਕਿਆਂ ਤੱਕ ਪਹੁੰਚਾਈ ਤੇ ਕਿਸੇ ਨੇ ਰਾਤਾਂ ਜਾਗ ਕੇ ਅਜਨਬੀਆਂ ਨੂੰ ਆਪਣੀ ਥਾਂ ਵਿਚ ਠਿਕਾਣਾ ਦਿੱਤਾ |
ਇਹ ਨੌਜਵਾਨ ਜਦੋਂ ਕਿਸ਼ਤੀਆਂ ਚਲਾ ਕੇ ਲੋਕਾਂ ਨੂੰ ਬਚਾਉਂਦੇ ਹਨ, ਜਦੋਂ ਖ਼ੁਦ ਗਿੱਲੇ ਹੋ ਕੇ ਕਿਸੇ ਬੱਚੇ ਨੂੰ ਸੁੱਕਾ ਰੱਖਦੇ ਹਨ, ਉਥੇ ਹੀ ਸਾਨੂੰ ਸਮਝ ਆਉਂਦਾ ਹੈ ਕਿ ਅਸਲ ਨਸ਼ਾ ਕੀ ਹੁੰਦਾ ਹੈ |
ਸਾਨੂੰ ਨਸ਼ਾ ਹੈ ਗੁਰੂ ਨਾਨਕ ਦੇ ਲੰਗਰ ਦਾ, ਜਿੱਥੇ ਭੁੱਖੇ ਨੂੰ ਰੋਟੀ ਮਿਲਦੀ ਹੈ |
ਸਾਨੂੰ ਨਸ਼ਾ ਹੈ ਗੁਰੂਆਂ ਦੇ ਦੱਸੇ ਦਸਵੰਧ ਦਾ, ਜਿੱਥੇ ਆਪਣਾ ਹਿੱਸਾ ਕੱਢ ਕੇ ਦੂਜਿਆਂ ਦੀਆਂ ਝੋਲੀਆਂ ਭਰੀਆਂ ਜਾਂਦੀਆਂ ਹਨ |
ਨਾ ਅਹੁਦੇ ਦੀ ਲਾਲਸਾ, ਨਾ ਸਿਆਸਤ ਦੀ ਭੁੱਖ |
ਸਿਰਫ਼ ਲੋਕਾਂ ਲਈ, ਬਿਨਾਂ ਕਿਸੇ ਗਿਣਤੀ-ਮਿਣਤੀ ਦੀ ਸੋਚ ਦੇ, ਕਰਮ ਕਰਨ ਦਾ ਨਸ਼ਾ |
ਸ਼ਾਇਦ ਅਜਿਹੀਆਂ ਆਫ਼ਤਾਂ ਹੀ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਅਸੀਂ ਕੌਣ ਹਾਂ ਅਤੇ ਕਿਹੜੀ ਧਰਤੀ ਦੇ ਵਾਰਸ ਹਾਂ |
ਅੱਜ ਪੰਜਾਬ ਦੇ 2000 ਤੋਂ ਵੱਧ ਨੌਜਵਾਨ ਹੜ੍ਹ-ਪੀੜਤ ਇਲਾਕਿਆਂ ਵਿਚ ਸੇਵਾ ਕਰ ਰਹੇ ਹਨ |
ਉਹ ਸਿਰਫ਼ ਮਿੱਟੀ ਦੇ ਪੁੱਤ ਨਹੀਂ ਉਹ ਪੰਜਾਬ ਦੀ ਰੂਹ ਹਨ | ਜੋ ਆਫ਼ਤਾਂ ਵਿਚ ਚਾਨਣ ਵਾਂਗ ਖੜ੍ਹੇ ਰਹਿੰਦੇ ਹਨ |
ਪੰਜਾਬ ਵਿਚ ਕੁਝ ਮੁਸ਼ਕਿਲਾਂ ਹਨ, ਜਿਨ੍ਹਾਂ 'ਤੇ ਸਾਨੂੰ ਕੰਮ ਕਰਨਾ ਪਵੇਗਾ |
ਪਰ ਦੱਸੋ, ਇਹੋ ਜਿਹੀ ਕਿਹੜੀ ਸੁਸਾਇਟੀ ਹੈ, ਜਿੱਥੇ ਕੋਈ ਸਮੱਸਿਆ ਨਾ ਹੋਵੇ?
ਪੰਜਾਬ ਨੂੰ ਬਦਨਾਮ ਵੱਧ ਕੀਤਾ ਜਾ ਰਿਹਾ ਹੈ |
ਜਿਸ ਤਰ੍ਹਾਂ ਦਾ ਪੰਜਾਬ ਅਸੀਂ ਬਾਹਰਲੇ ਲੋਕਾਂ ਦੀ ਜ਼ਬਾਨੀ ਸੁਣਦੇ ਹਾਂ, ਉਹ ਤਾਂ ਐਵੇਂ ਲੱਗਦਾ ਜਿਵੇਂ ਇਹ ਅਫ਼ਗਾਨਿਸਤਾਨ ਹੋਵੇ, ਜਿੱਥੇ ਚੌਵੀ ਘੰਟੇ ਗੋਲੀਆਂ ਚਲਦੀਆਂ ਰਹਿੰਦੀਆਂ ਹੋਣ |
ਪਰ ਅਸਲ ਹਕੀਕਤ ਵੇਖੋ, ਇਸ ਔਖੀ ਘੜੀ ਵਿਚ ਕਿਹੜਾ ਵਰਗ ਹੈ ਜੋ ਸੇਵਾ ਵਿਚ ਨਹੀਂ ਜੁਟਿਆ?
ਗਾਇਕ, ਗੀਤਕਾਰ, ਐਕਟਰ, ਸਮਾਜ ਸੇਵੀ, ਨੌਜਵਾਨ, ਬਜ਼ੁਰਗ, ਲੇਖਕ, ਡਾਕਟਰ, ਮੁਲਾਜ਼ਮ ਵੀਰ, ਸਾਡੀਆਂ ਬੀਬੀਆਂ, ਮਾਵਾਂ, ਭੈਣਾਂ ਸਾਰੇ ਡਟ ਕੇ ਖੜ੍ਹੇ ਹਨ | ਸ੍ਰੀ ਅੰਮਿ੍ਤਸਰ ਸਾਹਿਬ ਦੀ ਡੀ.ਸੀ. ਮੈਡਮ, ਫ਼ਾਜ਼ਿਲਕਾ ਦੀ ਡੀ.ਸੀ. ਮੈਡਮ, ਤੇ ਏ.ਡੀ.ਸੀ. ਮੈਡਮ ਖੁਦ ਅੱਗੇ ਲੱਗ ਕੇ ਇਸ ਔਖੇ ਤੇ ਵੱਡੇ ਕਾਰਜ ਵਿਚ ਹਿੱਸਾ ਪਾ ਰਹੀਆਂ ਹਨ |
ਇਹੀ ਹੈ ਪੰਜਾਬ ਦੀ ਅਸਲੀ ਤਸਵੀਰ |
ਤੁਸੀਂ ਸੱਚੀ ਏਕਤਾ ਦਾ ਨਾਅਰਾ ਲਾ ਰਹੇ ਹੋ |
ਪਰਮਾਤਮਾ ਤੁਹਾਡੀ ਚੜ੍ਹਦੀ ਕਲਾ ਬਣਾਈ ਰੱਖੇ |
ਤੁਸੀਂ ਦਿਨ-ਦੁੱਗਣੀ, ਰਾਤ-ਚੌਗੁਣੀ ਤਰੱਕੀ ਕਰੋ |
-ਮੋਬਾਈਲ : 98178-00013