ਰਾਜਗੀਰ (ਬਿਹਾਰ), 30 ਅਗਸਤ (ਪੀ.ਟੀ.ਆਈ.)-ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਸਿੰਘ ਨੇ ਪੁਸ਼ਟੀ ਕੀਤੀ ਕਿ ਪਾਕਿਸਤਾਨ ਇਸ ਸਾਲ ਦੇ ਅੰਤ 'ਚ ਐਫ.ਆਈ.ਐਚ. ਜੂਨੀਅਰ ਵਿਸ਼ਵ ਕੱਪ 'ਚ ਹਿੱਸਾ ਲੈਣ ਲਈ ਭਾਰਤ ਆਵੇਗਾ | ਦੋਵਾਂ ਦੇਸ਼ਾਂ ਵਿਚਕਾਰ ਫੌਜੀ ਝੜਪ ਤੋਂ ਬਾਅਦ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ, ਪਾਕਿਸਤਾਨ ਨੇ ਬਿਹਾਰ 'ਚ ਚੱਲ ਰਹੇ ਏਸ਼ੀਆ ਕੱਪ ਤੋਂ ਹਟਣ ਦਾ ਫੈਸਲਾ ਕੀਤਾ ਸੀ, ਜਿਸ ਨਾਲ ਇਹ ਸ਼ੱਕ ਪੈਦਾ ਹੋ ਗਿਆ ਸੀ ਕਿ ਕੀ ਪਾਕਿਸਤਾਨ ਨਵੰਬਰ-ਦਸੰਬਰ 'ਚ ਚੇਨਈ ਤੇ ਮਦੁਰਾਈ 'ਚ ਹੋਣ ਵਾਲੇ ਜੂਨੀਅਰ ਵਿਸ਼ਵ ਕੱਪ 'ਚ ਹਿੱਸਾ ਲਵੇਗਾ? ਭੋਲਾ ਨਾਥ ਨੇ ਕਿਹਾ ਕਿ ਪਾਕਿਸਤਾਨੀ ਟੀਮ ਜੂਨੀਅਰ ਵਿਸ਼ਵ ਕੱਪ ਲਈ ਭਾਰਤ ਆ ਰਹੀ ਹੈ | ਉਨ੍ਹਾਂ ਨੇ ਕੱਲ੍ਹ ਰਾਤ ਸਾਨੂੰ ਇਸਦੀ ਪੁਸ਼ਟੀ ਕੀਤੀ | ਮੈਂ ਉਨ੍ਹਾਂ ਨੂੰ ਏਸ਼ੀਆ ਕੱਪ ਤੋਂ ਹਟਣ ਤੋਂ ਬਾਅਦ ਉਨ੍ਹਾਂ ਦੀ ਉਪਲਬਧਤਾ ਬਾਰੇ ਪੁੱਛਿਆ ਸੀ | ਉਨ੍ਹਾਂ ਕਿਹਾ ਕਿ ਟੂਰਨਾਮੈਂਟ ਦੀਆਂ ਤਿਆਰੀਆਂ ਆਖਰੀ ਪੜਾਅ 'ਚ ਹਨ | 24 ਦੇਸ਼ਾਂ 'ਚੋਂ, ਸਾਨੂੰ 23 ਦੇਸ਼ਾਂ ਦੀ ਸੂਚੀ ਮਿਲ ਗਈ ਹੈ | ਸਿਰਫ਼ ਪਾਕਿਸਤਾਨ ਬਚਿਆ ਹੈ, ਜਿਸਦੀ ਸੂਚੀ ਸਾਨੂੰ ਇਕ ਜਾਂ ਦੋ ਦਿਨਾਂ 'ਚ ਮਿਲਣ ਦੀ ਉਮੀਦ ਹੈ | ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਹਾਲ ਹੀ 'ਚ ਇਕ ਨੀਤੀ ਬਣਾਈ ਹੈ ਕਿ ਉਸਦੇ ਪਾਕਿਸਤਾਨ ਨਾਲ ਕੋਈ ਦੁਵੱਲੇ ਖੇਡ ਸਬੰਧ ਨਹੀਂ ਹੋਣਗੇ ਪਰ ਭਾਰਤੀ ਟੀਮਾਂ ਨੂੰ ਬਹੁ-ਰਾਸ਼ਟਰੀ ਮੁਕਾਬਲਿਆਂ 'ਚ ਪਾਕਿਸਤਾਨ ਵਿਰੁੱਧ ਮੁਕਾਬਲਾ ਕਰਨ ਤੋਂ ਨਹੀਂ ਰੋਕਿਆ ਜਾਵੇਗਾ |