ਸੈਕਰਾਮੈਂਟੋ, 30 ਅਗਸਤ (ਹੁਸਨ ਲੜੋਆ ਬੰਗਾ)-ਡੈਮੋਕਰੈਟਸ ਦੀ ਵਿਦੇਸ਼ ਮਾਮਲਿਆਂ ਬਾਰੇ ਸਦਨ ਕਮੇਟੀ ਨੇ ਭਾਰਤ ਵਲੋਂ ਰੂਸ ਤੋਂ ਤੇਲ ਦਰਾਮਦ ਕਰਨ ਕਾਰਨ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤੀ ਵਸਤਾਂ ਉਪਰ 50 ਫੀਸਦੀ ਟੈਰਿਫ਼ ਲਾਉਣ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ | ਸੋਸ਼ਲ ਮੀਡੀਆ 'ਐਕਸ' 'ਤੇ ਆਪਣੀ ਚਿੰਤਾ ਜਾਹਿਰ ਕਰਦਿਆਂ ਕਮੇਟੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਦਾ ਇਹ ਨਿਰਨਾ ਅਮਰੀਕੀਆਂ ਲਈ ਦੁੱਖਦਾਈ ਹੈ, ਜਿਸ ਕਾਰਨ ਅਮਰੀਕਾ ਦੇ ਭਾਰਤ ਨਾਲ ਸੰਬੰਧ ਖਰਾਬ ਹੋ ਰਹੇ ਹਨ | ਕਮੇਟੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਦੋਹਰੇ ਮਾਪਦੰਡ ਅਪਣਾ ਰਹੇ ਹਨ ਤੇ ਚੀਨ ਵਰਗੇ ਰੂਸੀ ਤੇਲ ਦੇ ਖਰੀਦਦਾਰਾਂ ਨਾਲ ਲਿਹਾਜ਼ ਕਰ ਰਹੇ ਹਨ | ਇਥੇ ਜ਼ਿਕਰਯੋਗ ਹੈ ਕਿ ਯੂ.ਐਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵਲੋਂ ਰਾਸ਼ਟਰਪਤੀ ਟਰੰਪ ਦੇ ਕਾਰਜਕਾਰੀ ਆਦੇਸ਼ਾਂ ਨੂੰ ਲਾਗੂ ਕਰਨ ਲਈ ਜਾਰੀ ਨੋਟਿਸ ਤੋਂ ਬਾਅਦ 27 ਅਗਸਤ ਤੋਂ ਭਾਰਤ ਤੋਂ ਕੀਤੀ ਜਾਂਦੀ ਦਰਾਮਦ 'ਤੇ 50 ਫੀਸਦੀ ਟੈਰਿਫ਼ ਲਾਗੂ ਹੋ ਗਿਆ ਹੈ | ਡੈਮੋਕਰੈਟਸ ਕਮੇਟੀ ਨੇ ਕਿਹਾ ਹੈ ਕਿ ਟਰੰਪ ਕੇਵਲ ਭਾਰਤ ਨੂੰ ਨਿਸ਼ਾਨਾ ਬਣਾ ਕੇ ਭੰਬਲਭੂਸਾ ਪੈਦਾ ਕਰ ਰਹੇ ਹਨ ਜਦਕਿ ਚੀਨ ਰੂਸ ਕੋਲੋਂ ਸਭ ਤੋਂ ਵਧ ਤੇਲ ਦਰਾਮਦ ਕਰਦਾ ਹੈ ਪਰੰਤੂ ਉਸ ਨੂੰ ਭਾਰਤ ਵਾਂਗ ਸਜ਼ਾ ਨਹੀਂ ਦਿੱਤੀ ਗਈ | ਕਮੇਟੀ ਨੇ ਟਰੰਪ ਪ੍ਰਸ਼ਾਸਨ ਦੇ ਇਰਾਦੇ 'ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਇਹ ਸਭ ਕੁਝ ਯੁਕਰੇਨ ਲਈ ਨਹੀਂ ਕੀਤਾ ਜਾ ਰਿਹਾ ਹੈ¢ ਇਸ ਪਿੱਛੇ ਹੋਰ ਕਾਰਨ ਹੋ ਸਕਦੇ ਹਨ |
ਡੈਮੋਕਰੇਟਸ ਵਲੋਂ ਟਰੰਪ 'ਤੇ ਰੂਸ ਤੋਂ ਤੇਲ ਦਰਾਮਦ ਕਰਨ ਦੇ ਮਾਮਲੇ 'ਚ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼
ਅਜੀਤ ਡੈਸਕ
31-08-2025