19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਕਹਾਣੀ ਮਾਂ ਦੀ ਚਿੱਠੀ

ਅਜੀਤ ਡੈਸਕ 31-08-2025

ਦੇਖ ਧੀਏ ਮੈਂ ਤੇਰੀ ਚਿੱਠੀ ਦਾ ਜਵਾਬ ਲਿਖਦੀ ਹਾਂ, ਇਹ ਜਾਣਦੀ ਹੋਈ ਵੀ ਕਿ ਜਿੱਥੇ ਤੂੰ ਚਲੀ ਗਈ ਹੈਂ ਉੱਥੇ ਚਿੱਠੀਆਂ ਨਹੀਂ ਜਾਂਦੀਆਂ। ਉਸ ਦਿਨ ਤੇਰਾ ਆਖ਼ਰੀ ਪੇਪਰ ਸੀ। ਤੇਰੇ ਜਾਣ ਤੋਂ ਬਾਅਦ ਮੈਂ ਨਿੱਕੇ-ਮੋਟੇ ਕੰਮਾਂ ਤੋਂ ਵਿਹਲੀ ਹੋ ਕੇ ਤੇਰੇ ਪਸੰਦ ਦੀ ਸਬਜ਼ੀ ਫਲੀਆਂ ਸੁਆਰਨ ਬੈਠੀ ਹੀ ਸੀ ਕਿ ਗਲੀ 'ਚੋਂ ਕੁੱਝ ਅਜੀਬ ਜਿਹਾ ਰੌਲਾ ਮੇਰੇ ਕੰਨੀ ਪਿਆ। ਮੈਂ ਗਲੀ ਵਿਚ ਜਾ ਕੇ ਦੇਖਣ ਬਾਰੇ ਸੋਚ ਹੀ ਰਹੀ ਸੀ ਕਿ ਔਰਤਾਂ-ਮਰਦਾਂ ਦਾ ਇਕੱਠ ਆਪਣੇ ਦਰਵਾਜ਼ੇ ਅੱਗੇ ਹੀ ਆ ਗਿਆ। ਫੇਰ ਦਰਵਾਜ਼ਾ ਖੁੱਲ੍ਹਿਆ ਤੇ ਸਾਰਾ ਹਜੂਮ ਅੰਦਰ ਆ ਗਿਆ। ਬਹੁਤ ਮਾੜਾ ਹੋਇਆ, ਰੱਬ ਨੇ ਤਾਂ ਕਹਿਰ ਹੀ ਤੋੜ ਦਿੱਤਾ।
ਫੇਰ ਇਕ ਗੁਆਂਢਣ ਮੈਨੂੰ ਜੱਫੀ ਪਾ ਕੇ ਧਾਹਾਂ ਮਾਰਦੀ ਹੋਈ ਬੋਲੀ, 'ਨੀ ਤੂੰ ਲੁੱਟੀ ਗਈ ਭੈਣੇ ਤੇਰੀ ਧੀ ਨੇ ਮੁੰਡੇ ਦਾ ਹੱਥ ਫੜ ਕੇ ਚਲਦੀ ਰੇਲ ਗੱਡੀ ਅੱਗੇ ਛਾਲ ਮਾਰਤੀ।'
ਦੇਖਦੇ-ਦੇਖਦੇ ਘਰ 'ਚ ਦਰੀਆਂ ਵਿਛ ਗਈਆਂ, ਔਰਤਾਂ ਨੇ ਫੜ ਕੇ ਮੈਨੂੰ ਬਿਠਾ ਦਿੱਤਾ, ਧੀਏ ਮੈਂ ਸੁੰਨ ਹੋ ਗਈ ਸੀ, ਸ਼ਰੀਰ ਬੇ-ਜਾਨ ਹੋ ਗਿਆ ਸੀ ਅਤੇ ਫੇਰ ਮੈਂ ਦੇਖਿਆ ਤੇਰੇ ਪਿਓ ਨੂੰ ਚਾਰ-ਪੰਜ ਜਣੇ ਫੜੀ ਲਿਆਉਂਦੇ ਸਨ। ਉਸ ਦੇ ਸਿਰ ਤੋਂ ਪੱਗ ਲਹੀ ਹੋਈ ਸੀ ਜੂੜਾ ਖੁੱਲ੍ਹ ਕੇ ਇਕ ਪਾਸੇ ਲਮਕਿਆ ਪਿਆ ਸੀ। ਉਹ ਪੈਰ ਘਸੀਟ-ਘਸੀਟ ਕੇ ਡਿਗਦਾ-ਢਹਿੰਦਾ ਅੰਦਰ ਆ ਰਿਹਾ ਹੈ। ਤੇਰਾ ਭਰਾ ਕਿਤੇ ਨਜ਼ਰ ਨਹੀਂ ਆਇਆ।
ਐਨੇ ਨੂੰ ਪੁਲਿਸ ਦੀ ਗੱਡੀ ਆਈ ਤੇ ਤਿੰਨ-ਚਾਰ ਮਹਿਲਾ ਪੁਲਿਸ ਵਾਲੀਆਂ ਆਈਆਂ ਇਕ ਨੇ ਮੇਰੇ ਵਾਲ ਪੁੱਟ ਕੇ ਮੇਰੀ ਗੁੱਤ ਨੂੰ ਮਰੋੜਾ ਦਿੱਤਾ ਦੂਜੀਆਂ ਨੇ ਮੇਰੇ ਠੁੱਡੇ ਮਾਰੇ ਅਤੇ ਵੱਖੀ 'ਚ ਡੰਡੇ ਦੀ ਹੁੱਜ ਮਾਰ ਕੇ ਕਿਹਾ, 'ਚਲੋ ਸੁੱਟੋ ਧੀ ਦੀ ਕਾਤਲ ਨੂੰ ਜੀਪ 'ਚ।'
ਉਨਾਂ ਨੇ ਮੈਨੂੰ ਖਿੱਚ-ਧੂਹ ਕੇ ਜੀਪ 'ਚ ਧੱਕ ਦਿੱਤਾ। ਏਸੇ ਖਿੱਚ-ਧੂਹ 'ਚ ਮੇਰੀ ਚੁੰਨੀ ਲਹਿ ਗਈ ਜੋ ਲੋਕਾਂ ਦੇ ਪੈਰਾਂ ਥੱਲੇ ਰੁਲਦੀ ਪਈ ਸੀ, ਧੀਏ ਉਹ ਚੁੰਨੀ ਜਿਹੜੀ ਮੈਂ ਤੈਨੂੰ ਮੋਢੇ ਲਾ ਕੇ ਤੇਰੇ ਉੱਤੇ ਦਿੰਦੀ ਸੀ ਕਿ ਤੈਨੂੰ ਗਰਮੀ-ਸਰਦੀ ਨਾ ਲੱਗੇ।
ਜੇਲ੍ਹ 'ਚ ਤੇਰੀ ਲਿਖੀ ਚਿੱਠੀ ਪੜ੍ਹ ਕੇ ਸੁਣਾਈ, 'ਮੇਰੇ ਪਿਆਰ ਦੀ ਦੁਸ਼ਮਣ ਮੇਰੀ ਮਾਂ ਹੈ। ਜਿਸ ਕਰਕੇ ਮੈਂ ਆਤਮ-ਹੱਤਿਆ ਕਰ ਰਹੀ ਹਾਂ।'
ਪੁਲਿਸ ਦੀ ਮਾਰ ਦਾ ਪਤਾ ਹੀ ਹੈ। ਜੇਲ੍ਹ ਤੋਂ ਹੀ ਪੁਲਿਸ ਮੈਨੂੰ ਅੱਧ-ਮਰੀ ਨੂੰ ਸ਼ਮਸ਼ਾਨਘਾਟ ਲੈ ਕੇ ਆਈ। ਤੇਰੀ ਚਿਤਾ ਨੂੰ ਅੱਗ ਲਾਈ ਗਈ ਉਨ੍ਹਾਂ ਲਾਬੂੰਆਂ 'ਚ ਮੈਨੂੰ ਤੇਰੇ ਪਿਓ ਦੀ ਪੱਗ, ਆਵਦੀ ਚੁੰਨੀ ਅਤੇ ਤੇਰੇ ਵੀਰ ਦੀ ਰੱਖੜੀ ਮੱਚਦੀ ਨਜਰ ਆਈ।
'ਹਾਇ ! ਧੀਏ ਮੈਂ ਤੇਰੀ ਦੁਸ਼ਮਣ ?'
ਮੈਂ ਕਿੰਨੀਂ ਸੱਖਣੀ ਮਾਂ ਹਾਂ ਜਿਸ ਦੀ ਢਿੱਡੋਂ ਜਾਈ ਉਸ ਨੂੰ ਆਪਣਾ ਦੁਸ਼ਮਣ ਸਮਝਦੀ ਸੀ। ਪਿਆਰ 'ਚ ਅੰਨ੍ਹੇ ਹੋਏ ਜਵਾਨ ਮੁੰਡੇ-ਕੁੜੀਆਂ ਆਤਮ-ਹੱਤਿਆ ਕਰ ਲੈਂਦੇ ਹਨ, ਕੋਈ ਨਹਿਰ 'ਚ ਛਾਲ ਮਾਰਦਾ ਹੈ, ਕੋਈ ਰੇਲ-ਗੱਡੀ ਥੱਲੇ ਆ ਜਾਂਦਾ, ਕਈ ਫਾਹਾ ਲੈ ਲੈਂਦੇ ਹਨ ਅਤੇ ਕਈ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲੈਂਦੇ ਹਨ। ਮਾਂ-ਬਾਪ ਲਈ ਔਲਾਦ ਕੀ ਹੁੰਦੀ ਹੈ? ਉਹ ਨਹੀਂ ਜਾਣਦੇ। ਇਸ ਰਿਸ਼ਤੇ ਦਾ ਪਤਾ ਮਾਂ-ਬਾਪ ਬਣਨ ਤੋਂ ਬਾਅਦ ਹੀ ਲਗਦਾ ਹੈ। ਸਾਰੀ ਉਮਰ ਬੱਚਿਆਂ ਦੀ ਜ਼ਿੰਦਗੀ ਸੰਵਾਰਨ ਅਤੇ ਹਰ ਖ਼ੁਸ਼ੀ ਦੇਣ ਲਈ ਮਾਪੇ ਆਪਣਾ ਆਪ ਗੁਆ ਦਿੰਦੇ ਹਨ। ਜਿਸ ਦਿਨ ਤੇਰੇ ਭਰਾ ਨੂੰ ਉਸ ਦੇ ਖ਼ਾਸ ਦੋਸਤ ਨੇ ਤੇਰੇ ਅਤੇ ਉਸ ਮੁੰਡੇ ਬਾਰੇ ਦੱਸਿਆ ਸੀ, ਉਹ ਗੁੱਸੇ 'ਚ ਲਾਲ-ਪੀਲਾ ਹੋਇਆ ਘਰੇ ਆਇਆ ਸੀ। ਉਸੇ ਨੇ ਮੈਨੂੰ ਦੱਸਿਆ ਸੀ ਕਿ ਉਹ ਮੁੰਡਾ ਇਕ ਨੰਬਰ ਦਾ ਆਵਾਰਾ, ਨਿਕੰਮਾ ਅਤੇ ਸ਼ਰਾਬੀ ਹੈ। ਉਸ ਦਾ ਪਿਓ ਸੱਟੇ ਲਗਵਾਉਂਦਾ ਹੈ। ਕਈ ਵਾਰ ਜੇਲ੍ਹ ਗਿਆ ਹੋਇਆ।
'ਧੀਏ! ਤੂੰ ਹੀ ਦੱਸ ਤੈਨੂੰ ਖੂਹ 'ਚ ਕਿਵੇਂ ਧੱਕਾ ਦੇ ਦਿੰਦੇ? ਮੈਂ ਤੈਨੂੰ ਰੋਕਿਆ, ਪਿਆਰ ਨਾਲ ਸਮਝਾਇਆ ਤੈਨੂੰ ਵਾਸਤੇ ਪਾਏ ਕਿਉਂ? ਕਿਉਂਕਿ ਮੈਂ ਜਾਣਦੀ ਸੀ ਧੀਏ ਕਿ ਪਿਆਰ ਦੇ ਪਲੇਥਣ ਨਾਲ ਰੋਟੀਆਂ ਨਹੀਂ ਪੱਕਦੀਆਂ।'
ਅੱਜ ਤੇਰਾ ਪਿਓ ਸਾਬਕਾ ਸਰਪੰਚ ਜਿਸ ਨੂੰ ਦਸ ਪਿੰਡਾਂ ਦੇ ਲੋਕ ਫੈਸਲੇ ਕਰਵਾਉਣ ਲਈ ਅੱਗੇ ਲਾ ਕੇ ਲੈ ਕੇ ਜਾਂਦੇ ਸਨ, ਉਸ ਦਾ ਕਿਹਾ ਸਿਰ ਮੱਥੇ ਮੰਨਦੇ ਸਨ ਹੁਣ ਕੋਈ ਬੁਲਾਉਣ ਨਹੀਂ ਆਉਂਦਾ ਕਹਿੰਦੇ, 'ਜਿਸ ਤੋਂ ਆਪਣੀ ਧੀ ਨਹੀਂ ਸਮਝਾਈ ਗਈ ਲੋਕਾਂ ਨੂੰ ਖ਼ਾਕ ਸਮਝਾਊਗਾ।'
ਉਹ ਸੱਥ 'ਚ ਜਾ ਕੇ ਵੀ ਨਹੀਂ ਬੈਠਦਾ ਬਸ ਅੰਦਰ ਪਿਆ ਛੱਤ ਵੱਲ ਵੇਖਦਾ ਰਹਿੰਦਾ ਹੈ, ਕਈ ਵਾਰ ਮੋਟੇ-ਮੋਟੇ ਹੰਝੂ ਕੇਰੀ ਜਾਂਦਾ ਹੈ। ਜਿਸ ਦਿਨ ਤੂੰ ਜੰਮੀ ਸੀ ਤੇਰੀ ਦਾਦੀ ਰੋਣ ਲੱਗ ਪਈ ਸੀ ਕਿ ਕਿੱਥੋਂ ਪੱਥਰ ਆ ਗਿਆ। ਇਸ ਗੱਲ 'ਤੇ ਤੇਰਾ ਪਿਓ ਆਪਣੀ ਮਾਂ ਨਾਲ ਇਹ ਕਹਿੰਦਾ ਹੋਇਆ ਕਿ, 'ਇਸ ਨੂੰ ਤਾਂ ਮੈਂ ਪੁੱਤ ਨਾਲੋਂ ਵੀ ਅੱਗੇ ਰਖੂੰਗਾ।' ਲੜ ਪਿਆ ਸੀ।
ਇਕ ਵਾਰ ਧੀਏ ਤੂੰ ਬਿਮਾਰ ਹੋ ਗਈ ਸੀ, ਦੋ ਦਿਨ ਹਸਪਤਾਲ 'ਚ ਦਾਖ਼ਲ ਰਹੀ ਤੇਰੇ ਪਿਓ ਨੇ ਦੋ ਦਿਨ ਰੋਟੀ ਨਹੀਂ ਸੀ ਖਾਧੀ। ਤੇਰਾ ਭਰਾ ਵਿਦੇਸ਼ ਜਾਣ ਦੀ ਤਿਆਰੀ ਕਰਦਾ ਫਿਰਦਾ ਹੈ, ਜਿਸ ਦੇ ਵਿਚਾਰ ਸੀ ਕਿ,
'ਮੇਰਾ ਭਾਰਤ ਮਹਾਨ ਹੈ' ਵਿਦੇਸ਼ਾਂ 'ਚ ਕੀ ਪਿਆ ਹੈ।
ਉਸ ਦਾ ਰਿਸ਼ਤਾ ਟੁੱਟ ਗਿਆ ਹੈ ਕੁੜੀ ਵਾਲੇ ਕਹਿੰਦੇ, 'ਅਜਿਹੇ ਘਰ ਅਸੀਂ ਰਿਸ਼ਤਾ ਨਹੀਂ ਕਰਨਾ ਜਿਨ੍ਹਾਂ ਦੀ ਧੀ ਉਧੱਲ ਗਈ ਹੋਵੇ।'
ਪਿਆਰ ਕਰਨਾ ਕੋਈ ਪਾਪ ਨਹੀਂ। ਪਿਆਰ ਤਾਂ ਪੂਜਾ ਹੈ। ਤੁਸੀਂ ਪੜ੍ਹ-ਲਿਖ ਕੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ ਆਪਣੇ ਆਪ ਨੂੰ ਇਸ ਕਾਬਲ ਬਣਾਓ ਕਿ ਤੁਹਾਡੇ ਮਾਤਾ-ਪਿਤਾ ਨੂੰ ਕੋਈ ਇਤਰਾਜ਼ ਨਾ ਹੋਵੇ। ਜੇ ਕਿਸੇ ਅੜਚਨ ਕਰਕੇ ਵਿਆਹ ਨਹੀਂ ਹੁੰਦਾ ਤਾਂ ਕੋਈ ਗੱਲ ਨਹੀਂ, ਪਾ ਲੈਣਾ ਹੀ ਪਿਆਰ ਦੀ ਹੱਦ ਨਹੀਂ ਹੁੰਦੀ। ਪਿਆਰ ਤਾਂ ਦੋ ਰੂਹਾਂ ਦਾ ਮੇਲ ਹੁੰਦਾ ਹੈ ਨਾ ਕਿ ਦੋ ਸਰੀਰਾਂ ਦਾ ਮੁਹਤਾਜ ਹੈ। ਤੁਸੀਂ ਸਾਰੀ ਉਮਰ ਉਸ ਦੇ ਸ਼ੁੱਭ ਚਿੰਤਕ ਰਹੋ। ਆਪਣੇ ਪਿਆਰ ਪਿੱਛੇ ਆਪਣੀ ਜਾਨ ਦੇਣ ਵਾਲੇ ਇਹ ਨਹੀਂ ਸੋਚਦੇ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਜਾਨ ਨਾਲੋਂ ਵੱਧ ਪਿਆਰ ਕਰਦੇ ਹਨ। ਮੇਰੀ ਧੀ ਮੇਰਾ ਖਤ ਨਹੀਂ ਪੜ੍ਹ ਸਕਦੀ ਪਰ ਹਜ਼ਾਰਾਂ ਧੀਆਂ-ਪੁੱਤਰ ਮੇਰਾ ਇਹ ਖੁੱਲ੍ਹਾ ਖੱਤ ਪੜ੍ਹਨਗੇ ਤੇ ਉਨ੍ਹਾਂ ਵਿਚੋਂ ਕਿਸੇ ਇਕ ਨੇ ਵੀ ਮੇਰੀ ਧੀ ਵਰਗਾ ਫ਼ੈਸਲਾ ਲੈਣ ਤੋਂ ਆਪਣਾ ਇਰਾਦਾ ਬਦਲ ਦਿੱਤਾ ਤਾਂ ਮੈਨੂੰ ਲੱਗੂਗਾ ਕਿ ਮੇਰੀ ਧੀ ਮੈਨੂੰ ਸਮਝ ਗਈ ਕਿ ਮੈਂ ਉਸ ਦੀ ਦੁਸ਼ਮਣ ਨਹੀਂ ਸੀ।

-ਗਿੱਦੜਬਾਹਾ।
ਮੋਬਾਈਲ : 82888-42066

ਪਿਛਲੀ ਖ਼ਬਰ ਤੁਹਾਡੇ ਵਰਗੇ ਬੰਦਿਆਂ ਨਾਲ ਮੇਲ-ਮਿਲਾਪ ਅਗਲੀ ਖ਼ਬਰ ਲਘੂ ਕਹਾਣੀ ਰੋਜ਼ਾਨਾ ਡਾਇਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।