22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਗੋਇੰਦਵਾਲ ਸਾਹਿਬ ਦੇ ਪੁਲ ਤੋਂ ਪਿੰਡ ਖਿਜਰਪੁਰ ਤੱਕ ਬਣਾਏ ਆਰਜ਼ੀ ਬੰਨ੍ਹ ਨੂੰ ਬਚਾਉਣ ਲਈ ਕਿਸਾਨ ਲੱਕ ਬੰਨ੍ਹ ਕੇ ਜੁਟੇ

ਅਜੀਤ ਡੈਸਕ 30-08-2025

4200 ਏਕੜ 'ਚ ਬੀਜੀ ਫ਼ਸਲ ਨੂੰ ਸੁਰੱਖਿਅਤ ਰੱਖਣ ਲਈ ਕੀਤੀ ਜਾ ਰਹੀ 24 ਘੰਟੇ ਬੰਨ੍ਹ ਦੀ ਨਿਗਰਾਨੀ
ਕਪੂਰਥਲਾ, 29 ਅਗਸਤ (ਅਮਰਜੀਤ ਕੋਮਲ)-ਕਪੂਰਥਲਾ ਜ਼ਿਲ੍ਹੇ ਦੇ ਮੰਡ ਖੇਤਰ ਦੇ ਟਾਪੂਨੁਮਾ ਪਿੰਡ ਬਾਊਪੁਰ ਤੇ ਪਿੰਡ ਆਹਲੀ ਖ਼ੁਰਦ ਨੇੜੇ ਇਲਾਕੇ ਦੇ ਕਿਸਾਨਾਂ ਵਲੋਂ ਆਪਣੀਆਂ ਫ਼ਸਲਾਂ ਬਚਾਉਣ ਲਈ ਲਗਾਏ ਗਏ ਆਰਜੀ ਐਡਵਾਂਸ ਬੰਨ੍ਹਾਂ ਦੇ ਕੁੱਝ ਦਿਨ ਪਹਿਲਾਂ ਟੁੱਟ ਜਾਣ ਤੋਂ ਬਾਅਦ ਹੁਣ ਗੋਇੰਦਵਾਲ ਸਾਹਿਬ ਦੇ ਪੁਲ ਤੋਂ ਪਿੰਡ ਖਿਜਰਪੁਰ ਤੱਕ ਇਸ ਖੇਤਰ ਦੇ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਵਲੋਂ 4200 ਏਕੜ ਰਕਬੇ ਵਿਚ ਬੀਜੀ ਆਪਣੀ ਫ਼ਸਲ ਬਚਾਉਣ ਲਈ 24 ਘੰਟੇ ਬੰਨ੍ਹ ਦੀ ਨਿਗਰਾਨੀ ਕੀਤੀ ਜਾ ਰਹੀ ਹੈ | ਜੇਕਰ ਇਹ ਬੰਨ੍ਹ ਟੁੱਟ ਜਾਂਦਾ ਹੈ ਤਾਂ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਦੇ ਬਹੁਤ ਸਾਰੇ ਪਿੰਡ ਹੜ੍ਹ ਦੀ ਲਪੇਟ ਵਿਚ ਆ ਸਕਦੇ ਹਨ | ਬਿਨ੍ਹਾਂ ਕਿਸੇ ਮਾਡਲ ਸਟੱਡੀ ਤੇ ਤਕਨੀਕੀ ਪ੍ਰਵਾਨਗੀ ਦੇ ਪਿੰਡ ਬਾਜਾ, ਮਹਿਰਵਾਲਾ, ਨੱਥੂਪੁਰ, ਬੂਹ, ਮੰਗੂਪੁਰ, ਨੂਰੋਵਾਲ, ਸੂਜੋਕਾਲੀਆ, ਅੰਮਿ੍ਤਪੁਰ, ਰਾਜੇਵਾਲ, ਖਿਜਰਪੁਰ ਆਦਿ ਪਿੰਡਾਂ ਦੇ ਲੋਕਾਂ ਨੇ 1995 ਵਿਚ ਗੋਇੰਦਵਾਲ ਸਾਹਿਬ ਤੇ ਪੁਲ ਤੋਂ 4 ਕਿੱਲੋਮੀਟਰ ਲੰਬਾ ਬੰਨ੍ਹ ਬਣਾਇਆ ਸੀ, ਉਸ ਤੋਂ ਬਾਅਦ 2011 ਤੇ 2023 ਵਿਚ 5 ਕਿੱਲੋਮੀਟਰ ਲੰਬਾ ਹੋਰ ਬੰਨ੍ਹ ਬਣਾ ਕੇ ਆਪਣੀ ਜ਼ਮੀਨ ਬਚਾਉਣ ਦੀ ਕੋਸ਼ਿਸ਼ ਕੀਤੀ | ਹੁਣ ਜਦੋਂ ਪਿਛਲੇ ਇਕ ਮਹੀਨੇ ਤੋਂ ਦਰਿਆ ਬਿਆਸ ਵਿਚ ਪਾਣੀ ਦਾ ਨਿਰੰਤਰ ਵਹਾਅ ਚੱਲ ਰਿਹਾ ਹੈ ਤਾਂ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ ਤੇ ਉਹ ਇਸ ਬੰਨ੍ਹ 'ਤੇ ਮਿੱਟੀ ਪਾ ਕੇ ਇਸ ਨੂੰ ਉੱਚਾ ਕਰਨ ਦੇ ਨਾਲ-ਨਾਲ ਇਸ ਦੇ ਅੰਦਰਲੇ ਹਿੱਸੇ ਵੱਲ ਬੋਰਿਆਂ ਦੇ ਕਰੇਟ ਲਗਾ ਰਹੇ ਹਨ | ਕਿਸਾਨਾਂ ਨੇ ਬੰਨ੍ਹ ਦੇ ਅੰਦਰਲੇ ਹਿੱਸੇ 'ਤੇ ਮਿੱਟੀ ਦੇ ਬੋਰੇ ਲਗਾਉਣ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਹੈ | ਮਹਿਰਵਾਲਾ ਦੇ ਕਿਸਾਨ ਰਘਬੀਰ ਸਿੰਘ ਨੇ ਦੱਸਿਆ ਕਿ ਆਰਜੀ ਬੰਨ੍ਹ ਨੇੜੇ ਲਗਭਗ 13 ਫੁੱਟ ਪਾਣੀ ਚੱਲ ਰਿਹਾ ਹੈ ਤੇ ਇਸ ਬੰਨ੍ਹ ਨੂੰ ਬਚਾਉਣ ਲਈ ਜਿੱਥੇ ਕਿਸਾਨ ਆਪਣੇ ਕੋਲੋਂ ਲੱਖਾਂ ਰੁਪਏ ਖ਼ਰਚ ਚੁੱਕੇ ਹਨ, ਉੱਥੇ ਉਨ੍ਹਾਂ ਨੂੰ ਇਸ ਹਲਕੇ ਦੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵਲੋਂ ਮੂੰਹੋਂ ਮੰਗੀ ਮਦਦ ਦਿੱਤੀ ਜਾ ਰਹੀ ਹੈ | ਉਹ ਲੋਕਾਂ ਦੀ ਹੌਸਲਾ ਅਫਜ਼ਾਈ ਵੀ ਕਰ ਰਹੇ ਹਨ ਤੇ ਪਿਛਲੇ ਸਾਲ ਉਨ੍ਹਾਂ ਬੰਨ੍ਹ ਦੀ ਮਜ਼ਬੂਤੀ ਲਈ ਕਿਸਾਨਾਂ ਨੂੰ ਇਕ ਅਰਥ ਮੂਵਿੰਗ ਮਸ਼ੀਨ ਵੀ ਆਪਣੇ ਖ਼ਰਚੇ 'ਤੇ ਮੁਹੱਈਆ ਕਰਵਾਈ ਸੀ | ਇਸ ਕਾਰਜ ਵਿਚ ਸੰਤ ਬਾਬਾ ਜੈ ਸਿੰਘ ਡੇਰਾ ਬਾਬਾ ਸ੍ਰੀਚੰਦ ਮਹਿਮਦਵਾਲ ਵਾਲੇ, ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਵਾਲੇ ਠੱਟੇ ਵਾਲੇ ਤੇ ਬਾਬਾ ਨਿਰਮਲ ਦਾਸ ਨਿਰਮਲ ਕੁਟੀਆ ਬੂੜੇਵਾਲ ਵਾਲੇ ਆਪਣੇ ਸੇਵਾਦਾਰਾਂ ਸਮੇਤ ਪੂਰਾ ਸਹਿਯੋਗ ਦੇ ਰਹੇ ਹਨ | ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇੱਥੇ ਕੰਮ ਕਰ ਰਹੀਆਂ ਸੰਗਤਾਂ ਲਈ ਰੋਜ਼ਾਨਾ ਲੰਗਰ ਪਹੁੰਚਾਇਆ ਜਾ ਰਿਹਾ ਹੈ | ਸ਼ੋ੍ਰਮਣੀ ਅਕਾਲੀ ਦਲ ਦੇ ਸੂਬਾਈ ਆਗੂ ਤਜਿੰਦਰ ਸਿੰਘ ਮਿੱਢੂਖੇੜਾ, ਸ਼ੋ੍ਰਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਤੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇ. ਜਰਨੈਲ ਸਿੰਘ ਡੋਗਰਾਂਵਾਲਾ ਵਲੋਂ ਵੀ ਕਿਸਾਨਾਂ ਨੂੰ ਇਸ ਕਾਰਜ ਲਈ 1 ਹਜ਼ਾਰ ਲੀਟਰ ਡੀਜ਼ਲ ਦੀਆਂ ਪਰਚੀਆਂ ਦਿੱਤੀਆਂ ਜਾ ਚੁੱਕੀਆਂ ਹਨ | ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਹਲਕੇ ਦੇ ਇੰਚਾਰਜ ਸੱਜਣ ਸਿੰਘ ਚੀਮਾ ਵਲੋਂ 3 ਡਰੰਮ ਡੀਜ਼ਲ, 'ਆਪ' ਦੇ ਕਿਸਾਨ ਆਗੂ ਸੁਖਵੰਤ ਸਿੰਘ ਪੱਡਾ ਵਲੋਂ 1 ਡਰੰਮ ਡੀਜ਼ਲ ਦੇਣ ਤੋਂ ਇਲਾਵਾ ਹੋਰ ਦਾਨੀ ਸੱਜਣਾਂ ਵਲੋਂ ਵੀ ਇਸ ਕਾਰਜ ਵਿਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ | ਰੋਜ਼ਾਨਾ ਬੰਨ੍ਹ ਦੀ ਮਜ਼ਬੂਤੀ ਲਈ ਬਾਬਾ ਜੈ ਸਿੰਘ ਦੇ ਸੇਵਾਦਾਰਾਂ ਸਮੇਤ 150 ਤੋਂ ਲੈ ਕੇ 200 ਦੇ ਕਰੀਬ ਲੋਕ ਕਾਰ ਸੇਵਾਕਾਂ ਵਾਂਗ ਸ਼ਰਧਾ ਭਾਵਨਾ ਨਾਲ ਕੰਮ ਕਰ ਰਹੇ ਹਨ | ਪਿੰਡ ਮੰਗੂਪੁਰ ਦੇ ਕਿਸਾਨ ਤੇ ਖੇਤੀਬਾੜੀ ਵਿਭਾਗ ਦੇ ਸੇਵਾ ਮੁਕਤ ਅੰਕੜਾ ਅਧਿਕਾਰੀ ਰੇਸ਼ਮ ਸਿੰਘ ਤੇ ਹਾਕਮ ਸਿੰਘ ਨੂਰੋਵਾਲ ਨੇ ਦੱਸਿਆ ਕਿ ਜੀ.ਪੀ.ਐਸ. ਦੀ ਮਦਦ ਨਾਲ ਇਸ ਖੇਤਰ ਨੂੰ ਮਾਪੇ ਜਾਣ 'ਤੇ 4200 ਏਕੜ ਵਾਹੀ ਯੋਗ ਰਕਬੇ ਦੀ ਸ਼ਨਾਖ਼ਤ ਕੀਤੀ ਗਈ ਸੀ, ਜੇਕਰ ਇਹ ਬੰਨ੍ਹ ਬਰਕਰਾਰ ਰਹਿੰਦਾ ਹੈ ਤਾਂ ਹਰ ਸਾਲ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਖ਼ਰਾਬੇ ਤੋਂ ਬਚਾਈ ਜਾ ਸਕਦੀ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਹ ਬੰਨ੍ਹ ਆਪਣੇ ਹੱਥ ਵਿਚ ਲੈ ਕੇ ਇਸ ਦੀ ਦੂਜੇ ਬੰਨ੍ਹਾਂ ਵਾਂਗ ਮਜ਼ਬੂਤੀ ਕੀਤੀ ਜਾਵੇ |

ਪਿਛਲੀ ਖ਼ਬਰ ਪਿੰਡ ਮਕਸੂਦਪੁਰ ਦੀ ਮਹਿਲਾ ਸਾਬਕਾ ਪੰਚ ਨੇ ਬਿਆਸ ਦਰਿਆ 'ਚ ਮਾਰੀ ਛਾਲ ਅਗਲੀ ਖ਼ਬਰ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਹੋਇਆ ਘੱਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।