ਅੰਮ੍ਰਿਤਸਰ, 30 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨੀ ਜਲ ਸੈਨਾ ਨੇ ਆਪਣੇ ਤਾਜ਼ਾ ਜੰਗੀ ਅਭਿਆਸਾਂ ਦੀ ਵੀਡੀਓ ਜਾਰੀ ਕੀਤੀ ਹੈ, ਜਿਸ ’ਚ ਜਲ ਸੈਨਾ ਦੀਆਂ ਫਲੀਟ ਮੁਹਿੰਮਾਂ, ਲੜਾਕੂ ਸਿਖਲਾਈ ਅਤੇ ਸੰਚਾਲਨ ਤਿਆਰੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਵੀਡੀਓ ’ਚ ਪਾਕਿਸਤਾਨੀ ਜਲ ਸੈਨਾ ਮੁਖੀ ਐਡਮਿਰਲ ਨਵੀਦ ਅਸ਼ਰਫ਼ ‘ਕਰਾਰ-ਦਿ ਰਿਲੇਂਟਲੈਸ ਸਟ੍ਰਾਈਕਰ’ ਅਭਿਆਸ ਤੇ ਬਹੁਕੌਮੀ ਡਰਿੱਲਾਂ ਦਾ ਜਾਇਜ਼ਾ ਲੈਂਦੇ ਹੋਏ ਵਿਖਾਈ ਦੇ ਰਹੇ ਹਨ। ਫੁਟੇਜ ’ਚ ਭਾਰਤੀ ਸਰਹੱਦ ਨਾਲ ਲਗਦੇ ਵਿਵਾਦਿਤ ‘ਸਰ ਕ੍ਰੀਕ’ ਖੇਤਰ ਦੇ ਦ੍ਰਿਸ਼ ਵੀ ਸ਼ਾਮਿਲ ਹਨ, ਜਿਸ ਨੂੰ ਰੱਖਿਆ ਮਾਹਿਰਾਂ ਵਲੋਂ ਭਾਰਤ ਲਈ ਇਕ ਸਿੱਧਾ ਸੰਦੇਸ਼ ਮੰਨਿਆ ਜਾ ਰਿਹਾ ਹੈ। ਸੁਰੱਖਿਆ ਅਧਿਕਾਰੀਆਂ ਮੁਤਾਬਿਕ ਇਹ ਜੰਗੀ ਅਭਿਆਸ ਸੂਬਾ ਬਲੋਚਿਸਤਾਨ ਅਤੇ ਸਿੰਧ ਦੇ ਤੱਟੀ ਇਲਾਕਿਆਂ ’ਚ ਕਈ ਥਾਵਾਂ ’ਤੇ ਕੀਤੇ ਗਏ। ਇਸ ਦੌਰਾਨ ਜਲ ਸੈਨਾ ਦੇ ਜੰਗੀ ਜਹਾਜ਼ਾਂ, ਜਵਾਨਾਂ ਤੇ ਮਰੀਨ ਕਮਾਂਡੋਜ਼ ਨੇ ਹਿੱਸਾ ਲਿਆ।
ਜਾਰੀ ਰਿਪੋਰਟਾਂ ਮੁਤਾਬਿਕ ਇਹ ਅਭਿਆਸ ਕਈ ਨੇਵਲ ਡਰਿੱਲਾਂ ਦਾ ਹਿੱਸਾ ਹੈ, ਜਿਸ ’ਚ ‘ਅਬਾਬੀਲ’ ਅਭਿਆਸ ਵੀ ਸ਼ਾਮਿਲ ਹੈ। ਅਧਿਕਾਰੀਆਂ ਅਨੁਸਾਰ ਇਸ ਦਾ ਮੁੱਖ ਮਕਸਦ ਅਰਬ ਸਾਗਰ ਅਤੇ ਹਿੰਦ ਮਹਾਸਾਗਰ ’ਚ ਸਮੁੰਦਰੀ ਖ਼ਤਰਿਆਂ ਨਾਲ ਨਜਿੱਠਣ ਲਈ ਪਾਕਿ ਦੀ ਤਿਆਰੀ ਨੂੰ ਦਰਸਾਉਣਾ ਹੈ। ਇਹ ਜੰਗੀ ਅਭਿਆਸ ਅਜਿਹੇ ਸਮੇਂ ਹੋਇਆ ਹੈ ਜਦੋਂ ਜਨਰਲ ਆਸਿਮ ਮੁਨੀਰ ਦੀ ਅਗਵਾਈ ਹੇਠ ਪਾਕਿਸਤਾਨ ਆਪਣੀ ਥਲ ਸੈਨਾ, ਜਲ ਸੈਨਾ, ਹਵਾਈ ਸੈਨਾ ਅਤੇ ਰਣਨੀਤਕ ਕਮਾਂਡ ਨੂੰ ਇਕ ਸਾਂਝੇ ਕਮਾਂਡ ਢਾਂਚੇ ਹੇਠ ਲਿਆਉਣ ’ਤੇ ਕੰਮ ਕਰ ਰਿਹਾ ਹੈ।
ਇਸੇ ਅਗਸਤ ਮਹੀਨੇ ਪਾਕਿ ਦੀ ਸੰਸਦ ਨੇ ਡਿਫੈਂਸ ਫੋਰਸਿਜ਼ ਆਫ਼ ਪਾਕਿਸਤਾਨ ਐਕਟ 2026 ਪਾਸ ਕੀਤਾ ਹੈ। ਇਸ ਨਵੇਂ ਕਾਨੂੰਨ ਤਹਿਤ ਨਵੇਂ ਬਣਾਏ ਗਏ ਅਹੁਦੇ ਚੀਫ਼ ਆਫ਼ ਡਿਫੈਂਸ ਫੋਰਸਿਜ਼ (ਸੀ. ਡੀ. ਐੱਫ਼.) ਦੇ ਅਧੀਨ ਕੇਂਦਰੀ ਰੱਖਿਆ ਹੈੱਡਕੁਆਰਟਰ ਸਥਾਪਤ ਕੀਤਾ ਗਿਆ ਹੈ, ਜਿਸ ਦਾ ਮਕਸਦ ਥੀਏਟਰ ਕਮਾਂਡ ਰਾਹੀਂ ਤਿੰਨਾਂ ਸੈਨਾਵਾਂ ਵਿਚਾਲੇ ਤਾਲਮੇਲ ਮਜ਼ਬੂਤ ਕਰਨਾ ਹੈ। ਇਸ ਤੋਂ ਇਲਾਵਾ ਚੇਅਰਮੈਨ ਜੁਆਇੰਟ ਚੀਫ਼ਸ ਆਫ਼ ਸਟਾਫ਼ ਕਮੇਟੀ ਦੀ ਪੁਰਾਣੀ ਭੂਮਿਕਾ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਹੈ। ਇਸ ਨਵੇਂ ਢਾਂਚੇ ਨਾਲ ਫ਼ੀਲਡ ਮਾਰਸ਼ਲ ਮੁਨੀਰ ਨੂੰ ਤਿੰਨਾਂ ਸੈਨਾਵਾਂ ’ਤੇ ਸਰਬਉੱਚ ਅਧਿਕਾਰ ਮਿਲ ਗਏ ਹਨ। ਸੀ. ਡੀ. ਐੱਫ਼. ਕੋਲ ਹਥਿਆਰਬੰਦ ਬਲਾਂ ਦੇ ਕਰਮਚਾਰੀਆਂ ਦੀ ਨਿਯੁਕਤੀ, ਸੇਵਾ ਜਾਰੀ ਰੱਖਣ ਜਾਂ ਹਟਾਉਣ ਦੇ ਨਾਲ-ਨਾਲ ਸੇਵਾਮੁਕਤੀ ਦੀ ਉਮਰ ਹੱਦ ’ਚ ਇਕਪਾਸੜ ਬਦਲਾਅ ਕਰਨ ਦਾ ਪੂਰਾ ਅਧਿਕਾਰ ਹੋਵੇਗਾ।