ਨਵੀਂ ਦਿੱਲੀ, 28 ਅਕਤੂਬਰ (ਇੰਟ) - ਭਾਰਤੀ ਮਹਿਲਾ ਪਹਿਲਵਾਨ ਕਾਜਲ ਢੋਚਕ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਮਹਿਜ਼ 18 ਸਾਲ ਦੀ ਉਮਰ ਵਿਚ ਉਹ ਵਿਸ਼ਵ ਚੈਂਪੀਅਨਸ਼ਿਪ ਵਿਚ ਤਗਮਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਹੈਵੀਵੇਟ ਪਹਿਲਵਾਨ ਬਣ ਗਈ ਹੈ। ਕਾਜਲ ਨੇ ਆਪਣੇ ਦੋ U-20 ਵਿਸ਼ਵ ਖਿਤਾਬਾਂ ਤੋਂ ਬਾਅਦ ਸੀਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ ਵੀ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ।
ਕਜ਼ਾਖਸਤਾਨ ਦੀ ਰਾਜਧਾਨੀ ਅਸਤਾਨਾ ਵਿਚ ਹੋਈ ਚੈਂਪੀਅਨਸ਼ਿਪ ਵਿਚ ਕਾਜਲ ਢੋਚਕ ਅਤੇ ਨੀਲਮ ਸਿਰੋਹੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਲਈ ਦੋ ਚਾਂਦੀ ਦੇ ਤਗਮੇ ਜਿੱਤੇ। ਹਾਲਾਂਕਿ ਦੋਵੇਂ ਪਹਿਲਵਾਨ ਆਪਣੇ-ਆਪਣੇ ਫਾਈਨਲ ਮੁਕਾਬਲੇ ਜਿੱਤਣ ਵਿਚ ਅਸਫਲ ਰਹੀਆਂ।
76 ਕਿਲੋਗ੍ਰਾਮ ਵਰਗ ਦੇ ਫਾਈਨਲ ਵਿਚ ਕਾਜਲ ਦਾ ਸਾਹਮਣਾ ਯੂਕਰੇਨ ਦੀ ਅਨਾਸਤਾਸੀਆ ਅਲਪੀਏਵਾ ਨਾਲ ਹੋਇਆ। ਆਪਣੀ ਪਹਿਲੀ ਸੀਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਰਹੀ ਕਾਜਲ ਨੇ ਵਿਰੋਧੀ ਪਹਿਲਵਾਨ ਨੂੰ ਸਖ਼ਤ ਟੱਕਰ ਦਿੱਤੀ। ਮੁਕਾਬਲੇ ਦੌਰਾਨ ਇਕ ਸਮੇਂ ਸਕੋਰ 4-4 ਨਾਲ ਬਰਾਬਰ ਸੀ, ਪਰ ਆਖਰੀ 30 ਸਕਿੰਟਾਂ ਵਿਚ ਯੂਕਰੇਨੀ ਪਹਿਲਵਾਨ ਨੇ ਚਾਰ ਅੰਕਾਂ ਦੀ ਬੜ੍ਹਤ ਹਾਸਲ ਕਰ ਲਈ।
ਇਸ ਤਰ੍ਹਾਂ ਕਾਜਲ ਨੂੰ 6-8 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਨੇ ਚਾਂਦੀ ਦੇ ਤਗਮੇ ਨਾਲ ਆਪਣੀ ਮੁਹਿੰਮ ਸਮਾਪਤ ਕੀਤੀ। ਦੂਜੇ ਪਾਸੇ 26 ਸਾਲਾ ਨੀਲਮ ਸਿਰੋਹੀ ਨੇ ਵੀ ਅੰਤਰਰਾਸ਼ਟਰੀ ਪੱਧਰ 'ਤੇ ਲੰਬੇ ਸਮੇਂ ਦੀ ਮਿਹਨਤ ਤੋਂ ਬਾਅਦ ਆਪਣਾ ਪਹਿਲਾ ਵਿਸ਼ਵ ਚੈਂਪੀਅਨਸ਼ਿਪ ਤਗਮਾ ਜਿੱਤਿਆ। ਦੋਵਾਂ ਭਾਰਤੀ ਪਹਿਲਵਾਨਾਂ ਦੀ ਇਹ ਪ੍ਰਾਪਤੀ ਦੇਸ਼ ਦੀ ਮਹਿਲਾ ਕੁਸ਼ਤੀ ਲਈ ਇਕ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ।
ਤਾਜ਼ਾ ਖ਼ਬਰਾਂ
Free
18 ਸਾਲਾ ਕਾਜਲ ਢੋਚਕ ਨੇ ਰਚਿਆ ਇਤਿਹਾਸ, ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਜਿੱਤਿਆ ਚਾਂਦੀ ਦਾ ਤਗਮਾ
ਅਸਤਾਨਾ (ਕਜ਼ਾਖਸਤਾਨ), 28 ਅਕਤੂਬਰ (ਇੰਟ)-ਭਾਰਤੀ ਮਹਿਲਾ ਪਹਿਲਵਾਨ ਕਾਜਲ ਢੋਚਕ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਮਹਿਜ਼ 18 ਸਾਲ ਦੀ ਉਮਰ ਵਿਚ ਉਹ ਵਿਸ਼ਵ ਚੈਂਪੀਅਨਸ਼ਿਪ ...
ਅਜੀਤ ਡੈਸਕ
28-10-2026