01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਪੰਜਾਬ ਕਾਂਗਰਸ ਵਿਵਾਦ ਸੰਬੰਧੀ ਹਾਈਕਮਾਨ ਖ਼ਾਮੋਸ਼

ਹਰਕਵਲਜੀਤ ਸਿੰਘ ਚੰਡੀਗੜ੍ਹ, 31 ਅਗਸਤ -ਪੰਜਾਬ ਕਾਂਗਰਸ ਵਿਚਲਾ ਕਾਟੋ-ਕਲੇਸ਼ ਜੋ ਪਾਰਟੀ ਹਾਈਕਮਾਨ ਦੀਆਂ ਹੁਣ ਤਕ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਬਾਵਜੂਦ ਲਗਾਤਾਰ ਤਿੱਖਾ ਹੁੰਦਾ ਨਜ਼ਰ ਆ ਰਿਹਾ ਹੈ, ਸੰਬੰਧੀ ਪਾਰਟੀ ...

ਅਜੀਤ ਡੈਸਕ 01-09-2026

ਹਰਕਵਲਜੀਤ ਸਿੰਘ
ਚੰਡੀਗੜ੍ਹ, 31 ਅਗਸਤ -ਪੰਜਾਬ ਕਾਂਗਰਸ ਵਿਚਲਾ ਕਾਟੋ-ਕਲੇਸ਼ ਜੋ ਪਾਰਟੀ ਹਾਈਕਮਾਨ ਦੀਆਂ ਹੁਣ ਤਕ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਬਾਵਜੂਦ ਲਗਾਤਾਰ ਤਿੱਖਾ ਹੁੰਦਾ ਨਜ਼ਰ ਆ ਰਿਹਾ ਹੈ, ਸੰਬੰਧੀ ਪਾਰਟੀ ਹਾਈਕਮਾਨ ਇਕ ਤਰ੍ਹਾਂ ਨਾਲ ਖਾਮੋਸ਼ ਹੋ ਗਈ ਹੈ ਪ੍ਰੰਤੂ ਪਾਰਟੀ ਸੂਤਰਾਂ ਦਾ ਮੰਨਣਾ ਹੈ ਕਿ ਇਹ ਮਾਮਲਾ ਹੁਣ ਸਿੱਧਾ ਸ੍ਰੀ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਹੱਥਾਂ ਵਿਚ ਚਲਾ ਗਿਆ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਜਿਨ੍ਹਾਂ ਕੁਝ ਦਿਨ ਪਹਿਲਾਂ ਇਸ ਮੁੱਦੇ ’ਤੇ ਰਾਹੁਲ ਗਾਂਧੀ ਨਾਲ ਮੀਟਿੰਗ ਕੀਤੀ ਸੀ ਉਸ ਤੋਂ ਬਾਅਦ ਉਹ ਵੀ ਚੁੱਪ ਹੋ ਗਏ ਹਨ ਅਤੇ ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਪਾਰਟੀ ਦੇ ਕੌਮੀ ਜਨਰਲ ਸਕੱਤਰ ਜਥੇਬੰਦਕ ਕੇ.ਸੀ. ਵੇਣੂਗੋਪਾਲ, ਜੋ ਪੰਜਾਬ ਮਾਮਲੇ ਨੂੰ ਸੁਲਝਾਉਣ ਲਈ ਕਾਫ਼ੀ ਸਰਗਰਮ ਸਨ, ਉਹ ਵੀ ਚੁੱਪ ਹੋ ਗਏ ਹਨ ਜਾਂ ਫਿਲਹਾਲ ਉਨ੍ਹਾਂ ਨੂੰ ਪੰਜਾਬ ਮਸਲੇ ਤੋਂ ਵੱਖ ਕਰ ਦਿੱਤਾ ਗਿਆ ਹੈ। ਸ੍ਰੀ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਜੋ ਕਾਫੀ ਚਰਚਾ ਵਿਚ ਸੀ, ਸੰਬੰਧੀ ਵੀ ਹੁਣ ਕਾਂਗਰਸ ਹਾਈਕਮਾਨ ਖਾਮੋਸ਼ ਹੈ, ਜਦੋਂਕਿ ਪਹਿਲਾਂ ਚਰਚਾ ਸੀ ਕਿ ਉਹ ਸਤੰਬਰ ਦੇ ਪਹਿਲੇ ਹਫ਼ਤੇ ਪੰਜਾਬ ਆਉਣਗੇ ਅਤੇ ਇਕ ਬੱਸ ਵਿਚ ਪਾਰਟੀ ਵਿਚਲੇ ਦੋਵਾਂ ਧੜਿਆਂ ਨੂੰ ਨਾਲ ਹੈ ਕੇ ਪੰਜਾਬ ਦਾ ਟੂਰ ਕਰਨਗੇ। ਪਾਰਟੀ ਸੂਤਰਾਂ ਦਾ ਦੱਸਣਾ ਹੈ ਕਿ ਮਗਰਲੇ ਕੁਝ ਦਿਨਾਂ ਦੌਰਾਨ ਪੰਜਾਬ ਵਿਚ ਕਾਂਗਰਸ ਦੀਆਂ ਹੋਈਆਂ 2-3 ਰੈਲੀਆਂ ਵਿਚ ਪਾਰਟੀ ਸਪੱਸ਼ਟ ਤੌਰ ’ਤੇ ਧੜੇਬੰਦੀ ਦਾ ਸ਼ਿਕਾਰ ਨਜ਼ਰ ਆਈ ਅਤੇ ਹਾਈਕਮਾਨ ਵਲੋਂ ਸੂਬਾ ਲੀਡਰਸ਼ਿਪ ਨੂੰ ਇਕਮੁੱਠ ਰੱਖਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਕੋਈ ਅਸਰ ਨਜ਼ਰ ਨਹੀਂ ਆਇਆ ਅਤੇ ਸੂਬਾ ਯੂਨਿਟ ਵਿਚਲੀ ਖਾਨਾਜੰਗੀ ਹੋਰ ਤਿੱਖੀ ਹੁੰਦੀ ਨਜ਼ਰ ਆਈ, ਉਸ ਤੋਂ ਬਾਅਦ ਪਾਰਟੀ ਹਾਈਕਮਾਨ ਹੁਣ ਸਖ਼ਤ ਰੁਖ ਅਪਣਾ ਸਕਦੀ ਹੈ। ਪਾਰਟੀ ਹਾਈਕਮਾਨ ਵਲੋਂ ਚੋਣ ਮੁਹਿੰਮ, ਚੋਣ ਪ੍ਰਚਾਰ ਲਈ ਜੋ ਕਮੇਟੀਆਂ ਬਣਾਈਆਂ ਸਨ ਉਨ੍ਹਾਂ ਵਲੋਂ ਜਿਵੇਂ ਨਾ ਤਾਂ ਆਪਣੀ ਜ਼ਿੰਮੇਵਾਰੀ ਸੰਭਾਲੀ ਗਈ ਹੈ ਅਤੇ ਨਾ ਹੀ ਕੋਈ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਪ੍ਰਦੇਸ਼ ਪ੍ਰਧਾਨ ਵੀ ਜਿਵੇਂ ਇਕੱਲਾ ਪਿਆ ਨਜ਼ਰ ਆ ਰਹੇ ਹਨ ਪਾਰਟੀ ਹਾਈਕਮਾਨ ਵਲੋਂ ਇਸ ਸਭ ਨੂੰ ਕਾਫ਼ੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਚਰਚਾ ਇਹ ਹੈ ਕਿ ਪਾਰਟੀ ਹਾਈਕਮਾਨ ਇਸ ਸਾਰੇ ਮਾਮਲੇ ’ਤੇ ਸਖ਼ਤ ਰੁਖ ਅਪਣਾਉਦਿਆਂ ਆਉਂਦੇ ਦਿਨਾਂ ਵਿਚ ਕੁਝ ਆਗੂਆਂ ’ਤੇ  ਅਨੁਸ਼ਾਸਨੀ ਕਾਰਵਾਈ ਵੀ ਕਰ ਸਕਦੀ ਹੈ। ਬੀਤੇ ਦਿਨਾਂ ਦੀ ਕਾਨਫ਼ਰੰਸ ਵਿਚ ਜਿਵੇਂ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆਈ ਹੈ ਅਤੇ ਆਪਣੀ ਪਾਰਟੀ ਆਗੂਆਂ ’ਤੇ ਹੀ ਨਾਂਅ ਲਏ ਬਿਨਾਂ ਸਰਕਾਰਾਂ ਨਾਲ ਸਮਝੌਤਿਆਂ ਦੇ ਦੋਸ਼ ਲੱਗੇ ਹਨ, ਪਾਰਟੀ ਹਾਈਕਮਾਨ ਅਜਿਹੇ ਵਿਵਹਾਰ ਤੋਂ ਕਾਫ਼ੀ ਪ੍ਰੇਸ਼ਾਨ ਹੈ। ਸਮਝਿਆ ਇਹ ਜਾ ਰਿਹਾ ਹੈ ਕਿ ਹਾਈਕਮਾਨ ਕੋਈ ਅਜਿਹਾ ਕਦਮ ਨਹੀਂ ਚੁੱਕਣਾ ਚਾਹੁੰਦੀ ਜਿਸ ਨਾਲ ਕਿਸੇ ਖਾਸ ਵਰਗ ਜਾ ਫ਼ਿਰਕੇ ਨੂੰ ਭੜਕਾਉਣ ਲਈ ਕਿਸੇ ਨੂੰ ਮੌਕਾ ਮਿਲ ਸਕੇ ਪਰ ਸੂਬਾ ਕਾਂਗਰਸ ਵਿਚ ਲੀਡਰਾਂ ਵਿਚਲੀ ਆਪਸੀ ਖਹਿਬਾਜ਼ੀ ਜੋ ਹੁਣ ਇਕ ਤਰ੍ਹਾਂ ਨਾਲ ਕਿਸੇ ਸਮਝੌਤੇ ’ਤੇ ਪਹੁੰਚਣ ਦੀ ਸਥਿਤੀ ਵਿਚ ਨਜ਼ਰ ਨਹੀਂ ਆ ਰਹੀ, ਪਾਰਟੀ ਹਾਈਕਮਾਨ ਨੂੰ ਹੁਣ ਹੋਰ ਇੰਤਜ਼ਾਰ ਕੀਤੇ ਬਿਨਾਂ ਸਖ਼ਤ ਅਨੁਸ਼ਾਸਨੀ ਕਦਮ ਚੁੱਕਣ ਲਈ ਮਜਬੂਰ ਕਰ ਸਕਦੀ ਹੈ। ਹਾਈਕਮਾਨ ਨੂੰ  ਅਜਿਹੀਆਂ ਰਿਪੋਰਟਾਂ ਵੀ ਮਿਲ ਰਹੀਆਂ ਹਨ ਕਿ ਪਾਰਟੀ ਵਿਚਲੇ ਕੁਝ ਆਗੂ ਕੋਈ ਵੱਖਰੀ ਪਾਰਟੀ ਬਣਉਣ ਦੀਆਂ ਗੱਲਾਂ ਵੀ ਕਰ ਰਹੇ ਹਨ ਜਦੋਂਕਿ ਕੁਝ ਆਗੂ ਭਾਜਪਾ ਤੇ ਵਾਰਿਸ ਪੰਜਾਬ ਸਮੇਤ ਕੁਝ ਹੋਰ ਪਾਰਟੀਆਂ ਦੇ ਸੰਪਰਕ ਵਿਚ ਵੀ ਹਨ। ਪੰਜਾਬ ਕਾਂਗਰਸ ਅੰਦਰੋਂ ਪਾਰਟੀ ਹਾਈਕਮਾਨ ਵਿਰੁੱਧ ਇਸ ਢੰਗ ਨਾਲ ਵਿਰੋਧ ਉੱਠਣਾ ਪਾਰਟੀ ਲਈ ਇਕ ਅਜੀਬ ਤਜਰਬਾ ਹੈ ਪਰ ਕਾਂਗਰਸ ਵਿਚ ਅਜਿਹੀਆਂ ਬਗ਼ਾਵਤਾਂ ਅੱਗੇ ਗੋਡੇ ਲਗਾਉਣ ਦੀ ਰਵਾਇਤ ਨਹੀਂ ਹੈ, ਪਰ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਪਾਰਟੀ ਹਾਈਕਮਾਨ ਦੀ ਇਹ ਵੀ ਮਜਬੂਰੀ ਹੈ ਕਿ ਉਹ ਅਜਿਹਾ ਸਖ਼ਤ ਰੁਖ਼ ਵੀ ਨਾ ਅਪਣਾਏ ਜਿਸ ਦਾ ਅਸਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਤੇ ਪਵੇ ਪਰ ਉੱਚ ਪਾਰਟੀ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਪਾਰਟੀ ਹਾਈਕਮਾਨ ਅਨੁਸ਼ਾਸਨਹੀਣਤਾ ਨੂੰ ਹੁਣ ਇਸ ਤੋਂ ਅੱਗੇ ਵਧਣ ਦੀ ਵੀ ਇਜਾਜ਼ਤ ਨਹੀਂ ਦੇ ਸਕਦੀ।

ਪਿਛਲੀ ਖ਼ਬਰ ਪਾਕਿ ’ਚ ਜੈਸ਼ ਦੀ ਭਰਤੀ ਕਰਨ ਵਾਲੇ ਹਾਫ਼ਿਜ਼ ਜ਼ੁਲਫ਼ਿਕਾਰ ਦੀ ਗੋਲੀ ਮਾਰ ਕੇ ਹੱਤਿਆ ਅਗਲੀ ਖ਼ਬਰ ਯੂ.ਪੀ. ’ਚ ਪਟਾਕਾ ਫੈਕਟਰੀ ’ਚ ਧਮਾਕਾ- 11 ਮੌਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।