ਨਵੀਂ ਦਿੱਲੀ, 8 ਅਕਤੂਬਰ (ਉਪਮਾ ਡਾਗਾ ਪਾਰਥ)- ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਮੋਰਚਾ ਖੋਲ੍ਹੀ ਬੈਠੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਸਮੇਤ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਧੜੇ ਨੇ ਵੀਰਵਾਰ ਨੂੰ ਪ੍ਰਦਰਸ਼ਨ ਦਾ ਰੁਖ਼ ਰਾਜਘਾਟ ਵੱਲ ਕਰਦਿਆਂ ਉਥੇ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਵਲੋਂ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੂੰ ਕਨਾਟ ਪਲੇਸ ’ਚ ਦੁਪਹਿਰ ਦੇ ਖਾਣੇ ਲਈ ਇਕ ਰੇਸਤਰਾਂ ’ਚ ਬੁਲਾਇਆ ਗਿਆ, ਜਿੱਥੇ ਵੀਰਵਾਰ ਦੇ ਪ੍ਰਦਰਸ਼ਨ, ਜਿਸ ’ਚ ਰਾਜਘਾਟ ਜਾਣਾ ਤੈਅ ਸੀ, ਨੂੰ ਲੈ ਕੇ ਰਣਨੀਤੀ ਉਲੀਕੀ ਗਈ। ਜਿਸ ਤੋਂ ਬਾਅਦ ਸੰਸਦ ਮੈਂਬਰ ਤਿੰਨ ਬੱਸਾਂ ’ਚ ਸਵਾਰ ਹੋ ਕੇ ਰਾਜਘਾਟ ਵੱਲ ਰਵਾਨਾ ਹੋਏ। ਹਾਲਾਂਕਿ ਰਾਜਘਾਟ ’ਚ ਅੰਦਰ ਜਾ ਕੇ ਸ਼ਰਧਾਂਜਲੀ ਦੇਣ ਲਈ ਆਗੂਆਂ ਨੂੰ ਇਕ ਘੰਟੇ ਤੱਕ ਇੰਤਜ਼ਾਰ ਕਰਨਾ ਪਿਆ। ਕਨਾਟ ਪਲੇਸ ਤੋਂ ਰਵਾਨਾ ਹੋਣ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਕਿ ਲੋਕ ਸਭਾ ਅਤੇ ਰਾਜ ਸਭਾ ਦੇ ਤਕਰੀਬਨ 300 ਸੰਸਦ ਮੈਂਬਰ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ, ਪਰ ਦੋ ਦਿਨਾਂ ਤੋਂ ਸਾਨੂੰ ਪ੍ਰਦਰਸ਼ਨ ਨਹੀਂ ਕਰਨ ਦਿੱਤਾ ਜਾ ਰਿਹਾ। ਪਹਿਲੇ ਦਿਨ ਸਾਨੂੰ ਚੋਣ ਕਮਿਸ਼ਨ ਦੇ ਬਾਹਰ ਜਾਣ ਤੋਂ ਰੋਕਿਆ ਗਿਆ ਅਤੇ ਦੂਜੇ ਦਿਨ ਸਾਨੂੰ ਜੰਤਰ-ਮੰਤਰ ’ਤੇ ਰੋਕਿਆ ਗਿਆ। ਰਾਹੁਲ ਗਾਂਧੀ ਨੇ ਕਿਹਾ ਕਿ ਹਕੀਕਤ ਇਹ ਹੈ ਕਿ ਨਰਿੰਦਰ ਮੋਦੀ, ਅਮਿਤ ਸ਼ਾਹ, ਗਿਆਨੇਸ਼ ਕੁਮਾਰ ਅਤੇ ਮੋਹਨ ਭਾਗਵਤ ਨੇ ਅਪਰਾਧਿਕ ਸਾਜਿਸ਼ ਰਾਹੀਂ ਭਾਰਤ ਨੂੰ ਹਾਈਜੈੱਕ ਕਰ ਲਿਆ ਹੈ, ਸੰਵਿਧਾਨ ਨੂੰ ਤਬਾਹ ਕਰ ਦਿੱਤਾ ਹੈ ਅਤੇ ਵੋਟ ਚੋਰੀ ਕੀਤੇ ਹਨ। ਅਸੀਂ ਵਿਰੋਧੀ ਧਿਰਾਂ ਇਹ ਯਕੀਨ ਦਿਵਾਉਣਾ ਚਾਹੁੰਦੀਆਂ ਹਨ ਕਿ ਕਾਰਵਾਈ ਜ਼ਰੂਰ ਹੋਵੇਗੀ।
ਪੁਲਿਸ ਵਲੋਂ ਥਾਂ-ਥਾਂ ’ਤੇ ਬੈਰੀਕੇਡਿੰਗ
ਵਿਰੋਧੀ ਧਿਰਾਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਪੁਲਿਸ ਵਲੋਂ ਦਿੱਲੀ ’ਚ ਥਾਂ-ਥਾਂ ’ਤੇ ਬੈਰੀਕੇਡਿੰਗ ਕੀਤੀ ਗਈ। ਪਹਿਲਾਂ ਕਨਾਟ ਪਲੇਸ ’ਚ ਜਿਥੇ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਇਕੱਠੇ ਹੋਣਾ ਸੀ, ਉਥੇ ਭਾਰੀ ਗਿਣਤੀ ’ਚ ਪੁਲਿਸ ਦੀ ਤਾਇਨਾਤੀ ਕੀਤੀ ਗਈ। ਉਸ ਤੋਂ ਬਾਅਦ ਵਿਰੋਧੀ ਧਿਰਾਂ ਵਲੋਂ ਬੱਸਾਂ ’ਚ ਰਵਾਨਾ ਹੋਣ ’ਤੇ ਪੂਰੇ ਰਸਤੇ ’ਚ ਵੀ ਪੁਲਿਸ ਦੀ ਤਾਇਨਾਤੀ ਅਤੇ ਬੈਰੀਕੇਡਿੰਗ ਕੀਤੀ ਨਜ਼ਰ ਆਈ। ਜਿੱਥੇ ਨੇਤਾ ਬੱਸਾਂ ਰਾਹੀਂ ਰਾਜਘਾਟ ਪਹੁੰਚ ਰਹੇ ਸਨ, ਉਥੇ ਕਾਂਗਰਸ ਕਾਰਜਕਰਤਾਵਾਂ ਨੇ ਪੈਦਲ ਹੀ ਤਕਰੀਬਨ 2 ਕਿੱਲੋਮੀਟਰ ਦਾ ਫ਼ਾਸਲਾ ਤੈਅ ਕੀਤਾ। ਕਾਰਜਕਰਤਾ ਪੂਰੇ ਰਸਤੇ ‘ਵੋਟ ਚੋਰ, ਗੱਦੀ ਛੋੜ’ ਦੇ ਨਾਅਰੇ ਲਗਾਉਂਦੇ ਰਹੇ। ਰਾਜਘਾਟ ਦੇ ਗੇਟ ’ਤੇ ਵੀ ਪੁਲਿਸ ਵਲੋਂ ਭਾਰੀ ਬੈਰੀਕੇਡਿੰਗ ਕੀਤੀ ਗਈ। ਰਾਹੁਲ ਗਾਂਧੀ ਸਮੇਤ ਹੋਰ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੂੰ ਰਾਜਘਾਟ ਦੇ ਗੇਟ ’ਤੇ ਰੋਕਿਆ ਗਿਆ। ਜਿਸ ਤੋਂ ਤਕਰੀਬਨ ਇਕ ਘੰਟੇ ਬਾਅਦ ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ।
ਅੱਜ ਰਾਸ਼ਟਰਪਤੀ ਨੂੰ ਮਿਲਣਗੇ ‘ਇੰਡੀਆ’ ਗੱਠਜੋੜ ਦੇ ਆਗੂ
ਸ਼ੁੱਕਰਵਾਰ ਨੂੰ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਬਲਾਕ ਦੇ ਨੇਤਾ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਐਸ.ਆਈ.ਆਰ. ਕਵਾਇਦ ਖ਼ਿਲਾਫ਼ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ। ਗੱਠਜੋੜ ਨੇ 15 ਨੇਤਾਵਾਂ ਦੇ ਵਫ਼ਦ ਲਈ ਰਾਸ਼ਟਰਪਤੀ ਤੋਂ ਸਮਾਂ ਮੰਗਿਆ ਸੀ, ਪਰ ਰਾਸ਼ਟਰਪਤੀ ਭਵਨ ਨੇ ਉਨ੍ਹਾਂ ਨੂੰ ਵਫ਼ਦ ਦੇ ਮੈਂਬਰ ਦੀ ਗਿਣਤੀ ਘਟਾਉਣ ਲਈ ਕਿਹਾ। ਜਿਸ ਤੋਂ ਬਾਅਦ ਹੁਣ ‘ਇੰਡੀਆ’ ਗੱਠਜੋੜ ਦੇ 10 ਨੇਤਾ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ। ਜਾਣਕਾਰੀ ਮੁਤਾਬਿਕ ਵਫ਼ਦ ’ਚ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ, ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਸ਼ਾਮਿਲ ਹੋਣਗੇ।
ਭਾਰੀ ਸੁਰੱਖਿਆ ਇੰਤਜ਼ਾਮਾਂ ਹੇਠ ਰਾਹੁਲ ਸਮੇਤ ਵਿਰੋਧੀ ਧਿਰਾਂ ਦੇ ਨੇਤਾਵਾਂ ਵਲੋਂ ਰਾਜਘਾਟ ਵਿਖੇ ਧਰਨਾ ਅੱਜ ਰਾਸ਼ਟਰਪਤੀ ਨਾਲ ਮੁਲਾਕਾਤ ਕਰੇਗਾ ‘ਇੰਡੀਆ’ ਧੜੇ ਦੇ 10 ਨੇਤਾਵਾਂ ਦਾ ਵਫ਼ਦ
ਨਵੀਂ ਦਿੱਲੀ, 8 ਅਕਤੂਬਰ (ਉਪਮਾ ਡਾਗਾ ਪਾਰਥ)- ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਮੋਰਚਾ ਖੋਲ੍ਹੀ ਬੈਠੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਸਮੇਤ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਧੜੇ ਨੇ ਵੀਰਵਾਰ ਨੂੰ ਪ੍ਰਦਰਸ਼ਨ ਦਾ ...
ਅਜੀਤ ਡੈਸਕ
09-10-2026