13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

‘ਇੰਡੀਆ’ ਗੱਠਜੋੜ ਦੇ ਆਗੂਆਂ ਵਲੋਂ ਸੁਪਰੀਮ ਕੋਰਟ ਤੱਕ ਮਾਰਚ

‘ਇੰਡੀਆ’ ਗੱਠਜੋੜ ਦੇ ਆਗੂਆਂ ਵਲੋਂ ਸੁਪਰੀਮ ਕੋਰਟ ਤੱਕ ਮਾਰਚ

ਅਜੀਤ ਡੈਸਕ 13-10-2026


ਚੋਣ ਬੇਨਿਯਮੀਆਂ ਖ਼ਿਲਾਫ਼ ਪਟੀਸ਼ਨ ਦਾਇਰ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 12 ਅਕਤੂਬਰ - ਚੋਣ ਕਮਿਸ਼ਨ ਬਨਾਮ ਵਿਰੋਧੀ ਧਿਰਾਂ ਦੀ ਜੰਗ ਨੂੰ ਅਦਾਲਤ ਦੇ ਮੂਹਰੇ ਰੱਖਦਿਆਂ ਸੋਮਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਸਮੇਤ ‘ਇੰਡੀਆ’ ਧੜੇ ਦੇ 11 ਨੇਤਾਵਾਂ ਨੇ ਵਿਸ਼ੇਸ਼ ਵਿਆਪਕ ਮੁੜ ਨਿਰੀਖਣ ’ਚ ਵੱਡੇ ਪੱਧਰ ’ਤੇ ਗੜਬੜੀਆਂ ਅਤੇ ਵੋਟਰਾਂ ਦੇ ਨਾਂਅ ਕੱਟੇ ਜਾਣ ਨੂੰ ਲੈ ਕੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕੀਤੀ। ਪਟੀਸ਼ਨ ਦਾਇਰ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਅਗਵਾਈ ਹੇਠ ‘ਇੰਡੀਆ’ ਧੜੇ ਦੇ ਨੇਤਾਵਾਂ ਨੇ ਬਾਰਾਖੰਭਾ ਰੋਡ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਪੈਦਲ ਮਾਰਚ ਕਰਦਿਆਂ ਸ਼ਕਤੀ ਪ੍ਰਦਰਸ਼ਨ ਕੀਤਾ, ਜਿਸ ’ਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਭਾਜਪਾ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਹੁੰਦੀ ਰਹੀ। ਪਹਿਲਾਂ ਤੋਂ ਐਲਾਨੇ ਗਏ ਮਾਰਚ ਦੇ ਮੱਦੇਨਜ਼ਰ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਦਿੱਲੀ ਟ੍ਰੈਫ਼ਿਕ ਪੁਲਿਸ ਵਲੋਂ ਪ੍ਰਦਰਸ਼ਨ ਲਈ ਤੈਅ ਰਸਤਿਆਂ ’ਤੇ ਆਵਾਜਾਈ ’ਤੇ ਰੋਕ ਲਾਈ ਗਈ, ਜਿਸ ਕਾਰਨ ਦਿੱਲੀ ਵਾਸੀਆਂ ਨੂੰ ਭਾਰੀ ਟ੍ਰੈਫ਼ਿਕ ਜਾਮ ਦਾ ਸਾਹਮਣਾ ਕਰਨਾ ਪਿਆ। ਹੰਗਾਮਿਆਂ, ਪ੍ਰਦਰਸ਼ਨ ਦਰਮਿਆਨ ਜਿਥੇ ਗ੍ਰਹਿ ਮੰਤਰਾਲੇ ਨੇ ਵੱਡਾ ਫ਼ੈਸਲਾ ਲੈਂਦਿਆਂ ਜੰਤਰ-ਮੰਤਰ, ਜੋ ਦਿੱਲੀ ’ਚ ਧਰਨੇ ਪ੍ਰਦਰਸ਼ਨਾਂ ਲਈ ਇਤਿਹਾਸਕ ਥਾਂ ਮੰਨਿਆ ਜਾਂਦਾ ਰਿਹਾ ਹੈ, ਨੂੰ ਧਰਨੇ ਪ੍ਰਦਰਸ਼ਨਾਂ ਲਈ ਡੀਨੋਟੀਫਾਈ ਕਰ ਦਿੱਤਾ, ਜਿਸ ਤੋਂ ਬਾਅਦ ਹੁਣ ਜੰਤਰ-ਮੰਤਰ ’ਤੇ ਧਰਨਾ ਪ੍ਰਦਰਸ਼ਨ ਨਹੀਂ ਹੋ ਸਕਣਗੇ। ਗ੍ਰਹਿ ਮੰਤਰਾਲੇ ਨੇ ਧਰਨਿਆਂ ਲਈ ਰਾਮਲੀਲ੍ਹਾ ਮੈਦਾਨ, ਬੁਰਾੜੀ ਮੈਦਾਨ ਅਤੇ ਪੂਰਬੀ ਦਿੱਲੀ ’ਚ ਸੀ.ਬੀ.ਡੀ. ਗਰਾਊਂਡ ਨੂੰ ਨੋਟੀਫਾਈ ਕੀਤਾ ਹੈ। ਉਥੇ ਕੇਂਦਰ ਸਰਕਾਰ ਨੇ ਇਕ ਹੋਰ ਫ਼ੈਸਲਾ ਲੈਂਦਿਆਂ ਨੀਮ ਫ਼ੌਜੀ ਦਲਾਂ ਦੇ 20 ਹਜ਼ਾਰ ਜਵਾਨਾਂ ਨੂੰ ਦੀਵਾਲੀ ਤੱਕ ਦਿੱਲੀ ’ਚ ਰੋਕੇ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ‘ਕਾਕਰੋਚ ਜਨਤਾ ਪਾਰਟੀ’ ਨੇ ਵੀ ਤਿੱਖੇ ਤੇਵਰ ਕਰਦਿਆਂ 24 ਘੰਟੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਜੰਤਰ-ਮੰਤਰ ’ਤੇ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਮਿਲੀ ਤਾਂ ਫਿਰ ਅੰਦੋਲਨ ਕਰਨਗੇ।
ਰਾਹੁਲ ਗਾਂਧੀ ਦੀ ਅਗਵਾਈ ਹੇਠ ‘ਇੰਡੀਆ’ ਧੜੇ ਦਾ ਸ਼ਕਤੀ ਪ੍ਰਦਰਸ਼ਨ
ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕਰਨ ਤੋਂ ਪਹਿਲਾਂ ‘ਇੰਡੀਆ’ ਧੜੇ ਨੇ ਰਾਹੁਲ ਗਾਂਧੀ ਦੀ ਅਗਵਾਈ ਹੇਠ ‘ਲੋਕਤੰਤਰ ਬਚਾਓ ਮਾਰਚ’ ਕੀਤਾ। ਮਾਰਚ ’ਚ ‘ਇੰਡੀਆ’ ਗੱਠਜੋੜ ਦੇ ਤਮਾਮ ਵੱਡੇ ਨੇਤਾ - ਅਖਿਲੇਸ਼ ਯਾਦਵ, ਸੁਪ੍ਰੀਆ ਸੂਲੇ, ਪ੍ਰਿਅੰਕਾ ਗਾਂਧੀ, ਸੰਜੈ ਰਾਉਤ, ਤੇਜਸਵੀ ਯਾਦਵ, ਡੀ. ਰਾਜਾ ਆਦਿ ਸ਼ਾਮਿਲ ਸਨ। ਮਾਰਚ ਤੋਂ ਪਹਿਲਾਂ ‘ਇੰਡੀਆ’ ਗੱਠਜੋੜ ਦੇ ਨੇਤਾਵਾਂ ਨੇ ਸੰਵਿਧਾਨ ਕਲੱਬ ਵਿਖੇ ਰਣਨੀਤਕ ਬੈਠਕ ਵੀ ਕੀਤੀ।
ਕਾਂਗਰਸ ਨੇ ਵੱਡੇ ਪੱਧਰ ’ਤੇ ਕੀਤੇ ਜਾਣ ਵਾਲੇ ਪ੍ਰਦਰਸ਼ਨ ਲਈ ਸੰਗਠਨ ਪੱਧਰ ’ਤੇ ਵੀ ਤਿਆਰੀ ਕਰਦਿਆਂ ਚਾਰ ਰਾਜਾਂ ਦੇ ਮੁੱਖ ਮੰਤਰੀਆਂ - ਕਰਨਾਟਕ ਦੇ ਡੀ.ਕੇ. ਸ਼ਿਵਕੁਮਾਰ, ਹਿਮਾਚਲ ਪ੍ਰਦੇਸ਼ ਦੇ ਸੁਖਵਿੰਦਰ ਸੁੱਖੂ, ਤੇ ਤੇਲੰਗਾਨਾ ਦੇ ਰੇਵੰਤ ਰੈਡੀ ਨੂੰ ਪ੍ਰਦਰਸ਼ਨ ’ਚ ਸ਼ਾਮਿਲ ਹੋਣ ਲਈ ਦਿੱਲੀ ਬੁਲਾਇਆ। ਇਸ ਤੋਂ ਇਲਾਵਾ ਸਾਰੇ ਸੂਬਿਆਂ ਦੇ ਇੰਚਾਰਜਾਂ, ਪ੍ਰਦੇਸ਼ ਪ੍ਰਧਾਨਾਂ, ਵਿਧਾਨ ਸਭਾ ’ਚ ਵਿਰੋਧੀ ਧਿਰਾਂ ਦੇ ਨੇਤਾਵਾਂ ਨੂੰ ਵੀ ਦਿੱਲੀ ਸੱਦਿਆ ਗਿਆ। ਇਸ ਕਵਾਇਦ ਹੇਠ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਪ੍ਰਦਰਸ਼ਨ ’ਚ ਸ਼ਾਮਿਲ ਹੋਏ। ਇਸ ਤੋਂ ਇਲਾਵਾ ਪੰਜਾਬ ਤੋਂ ਕਈ ਕਾਂਗਰਸ ਆਗੂ ਵੀ ਪ੍ਰਦਰਸ਼ਨ ’ਚ ਸ਼ਾਮਿਲ ਹੋਏ। ਮਾਰਚ ਦਿੱਲੀ ਦੇ ਬਾਰਾਖੰਭਾ ਰੋਡ ਤੋਂ ਸ਼ੁਰੂ ਹੋ ਕੇ ਸੁਪਰੀਮ ਕੋਰਟ ਤੱਕ ਪ੍ਰਸਤਾਵਿਤ ਸੀ। ਕਾਂਗਰਸੀ ਆਗੂ ਮਾਰਚ ਦੇ ਦੋਹਾਂ ਪਾਸਿਆਂ ਤੋਂ ਇਕੱਠਾ ਹੋਣਾ ਸ਼ੁਰੂ ਹੋਏ, ਜਿਸ ਤਹਿਤ ਇਕ ਪਾਸੇ ਬਾਰਾਖੰਭਾ ਰੋਡ ’ਤੇ ਨੇਤਾਵਾਂ ਨੇ ਇਕੱਤਰ ਹੋਣਾ ਸ਼ੁਰੂ ਕੀਤਾ। ਦੂਜੇ ਪਾਸੇ ਸੁਪਰੀਮ ਕੋਰਟ ਤੋਂ ਪਹਿਲਾਂ ਮੰਡੀ ਹਾਊਸ ਵਿਖੇ ਆਗੂ ਇਕੱਤਰ ਹੋਣਾ ਸ਼ੁਰੂ ਹੋਏ ਕਿਉਂਕਿ ਸਿਰਫ਼ 10 ਨੇਤਾਵਾਂ ਨੂੰ ਹੀ ਸੁਪਰੀਮ ਕੋਰਟ ਤੱਕ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਹਜ਼ਾਰਾਂ ਦੀ ਤਦਾਦ ’ਚ ਕਾਰਜਕਰਤਾ ਸੜਕ ਦੇ ਦੋਵੇਂ ਪਾਸਿਓਂ ਅੱਗੇ ਵਧਦੇ ਨਜ਼ਰ ਆਏ, ਜਿਸ ਕਾਰਨ ਇਕ ਮੌਕੇ ਬਾਰਾਖੰਭਾ ਰੋਡ ਦੇ ਦੋਵੇਂ ਪਾਸੇ ਆਉਣ ਤੇ ਜਾਣ ਵਾਲੀਆਂ ਸੜਕਾਂ ’ਤੇ ਸਿਰਫ਼ ਪ੍ਰਦਰਸ਼ਨਕਾਰੀ ਹੀ ਨਾਅਰੇ ਲਾਉਂਦੇ ਨਜ਼ਰ ਆਏ। ਸੁਰੱਖਿਆ ਪੱਖੋਂ ਬਾਰਾਖੰਭਾ ਰੋਡ ਦੀ ਆਵਾਜਾਈ ਆਮ ਜਨਤਾ ਲਈ ਬੰਦ ਕਰ ਦਿੱਤੀ ਗਈ ਅਤੇ ਥਾਂ-ਥਾਂ ’ਤੇ ਪੁਲਿਸ ਦੀ ਤਾਇਨਾਤੀ ਕੀਤੀ ਗਈ ਸੀ। ਮਾਰਚ ’ਚ ਵੱਡੀ ਤਦਾਦ ’ਚ ਸ਼ਾਮਿਲ ਹੋਏ ਆਗੂਆਂ ਅਤੇ ਕਾਰਜਕਰਤਾਵਾਂ ਕਾਰਨ ਤਕਰੀਬਨ ਇਕ ਕਿੱਲੋਮੀਟਰ ਦਾ ਮਾਰਚ ਤਕਰੀਬਨ 3 ਘੰਟਿਆਂ ’ਚ ਪੂਰਾ ਹੋਇਆ, ਜਿਸ ’ਚ ਨੇਤਾਵਾਂ ਨੇ ਬੱਸਾਂ, ਕਾਰਾਂ ’ਤੇ ਅਤੇ ਪੈਦਲ ਸਫ਼ਰ ਕੀਤਾ।

ਪਿਛਲੀ ਖ਼ਬਰ ਸ੍ਰੀ ਰਾਮ ਉਤਸਵ ਕਮੇਟੀ ਨੇ ਝੰਡੇ ਦੀ ਰਸਮ ਅਦਾ ਕੀਤੀ ਅਗਲੀ ਖ਼ਬਰ ਮੁੱਖ ਚੋਣ ਕਮਿਸ਼ਨਰ ਦੇ ਆਉਂਦੇ ਹਨ ਮੈਸੇਜ-ਰਾਹੁਲ ਗਾਂਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।