ਨਵਾਂਸ਼ਹਿਰ, 4 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਐਸ. ਐਸ. ਜੈਨ ਸਭਾ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਾਵਨ ਤਿਉਹਾਰ ਜੈਨ ਸਥਾਨਕ ਨਵਾਂਸ਼ਹਿਰ ਵਿਖੇ ਮਹਾਸਾਧਵੀ ਸਵਾਤੀ ਮਹਾਰਾਜ, ਸੁਪ੍ਰਗਿਆ, ਸ੍ਰੀ ਸੁਦੀਪਤੀ ਤੇ ਸ੍ਰੀ ਸੁਵਿਧੀ ਮਹਾਰਾਜ ਦੀ ਅਗਵਾਈ ਹੇਠ ਜੈਨ ਸਥਾਨਕ ਵਿਖੇ ਸ਼ਰਧਾ ਨਾਲ ਮਨਾਇਆ ਗਿਆ। ਮਹਾਸਾਧਵੀ ਸ੍ਰੀ ਸਵਾਤੀ ਤੇ ਮਹਾਸਾਧਵੀ ਸ੍ਰੀ ਸੁਪ੍ਰਗਿਆ ਮਹਾਰਾਜ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੀਵਨ ਬਾਰੇ ਦੱਸਦੇ ਹੋਏ ਕਿਹਾ ਕਿ ਸ੍ਰੀ ਕ੍ਰਿਸ਼ਨ ਜੈਨ ਧਰਮ ਦੇ 22ਵੇਂ ਤੀਰਥੰਕਰ ਭਗਵਾਨ ਸ੍ਰੀ ਅਰਿਸ਼ਟ ਨੇਮੀ ਦੇ ਚਚੇਰੇ ਭਰਾ ਸਨ। ਉਨ੍ਹਾਂ ਨੇ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਦੀਆਂ ਵੱਖ-ਵੱਖ ਘਟਨਾਵਾਂ ਨੂੰ ਅਧਿਆਤਮਿਕਤਾ ਨਾਲ ਜੋੜਦੇ ਹੋਏ ਦੱਸਿਆ। ਸਾਧਵੀ ਸ੍ਰੀ ਸੁਦੀਪਤੀ ਤੇ ਸੁਵਿਧੀ ਨੇ ਭਜਨਾਂ ਰਾਹੀਂ ਸ੍ਰੀ ਕ੍ਰਿਸ਼ਨ ਦਾ ਗੁਣਗਾਨ ਕੀਤਾ। ਮਹਾਸਾਧਵੀ ਸ੍ਰੀ ਸਵਾਤੀ ਜੀ ਮਹਾਰਾਜ ਨੇ ਮੰਗਲਪਾਠ ਦਾ ਪਾਠ ਸੁਣਾ ਕੇ ਸਾਰਿਆਂ ਨੂੰ ਆਸ਼ੀਰਵਾਦ ਦਿੱਤਾ। ਸ੍ਰੀ ਰਮਣੀਕ ਬਾਲ ਕਲਾ ਮੰਡਲ ਦੇ ਡਾਇਰੈਕਟਰ ਮੀਨਾਕਸ਼ੀ ਜੈਨ, ਦੀਪਿਕਾ ਜੈਨ, ਗੀਤੂ ਜੈਨ ਦੀ ਮਦਦ ਨਾਲ, ਜੈਨ ਭਾਈਚਾਰੇ ਦੇ ਬੱਚਿਆਂ ਹੀਰਕ, ਚਿਰਾਂਸ਼ੀ, ਨਿਵਾਨ, ਅਵਧ, ਲਾਘਵ, ਸੁਹਾਨਿਆ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੀਵਨ ’ਤੇ ਆਧਾਰਿਤ ਇਕ ਬਹੁਤ ਹੀ ਸੁੰਦਰ ਨਾਚ ਪੇਸ਼ ਕੀਤਾ। ਗੁਰੂਨੀ ਜੀ ਤੇ ਜੈਨ ਸਭਾ ਦੇ ਮੁਖੀ ਮੁਨੀਸ਼ ਜੈਨ ਨੇ ਨਾਟਕ ਵਿਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਐਸ. ਐਸ. ਜੈਨ ਸਭਾ, ਸ੍ਰੀ ਮਹਾਵੀਰ ਜੈਨ ਯੁਵਕ ਮੰਡਲ, ਸ੍ਰੀ ਵਰਧਮਾਨ ਜੈਨ ਸੇਵਾ ਸੰਘ, ਪ੍ਰਯਾਸ ਸੁਸਾਇਟੀ, ਜੈਨ ਮਹਿਲਾ ਮੰਡਲ, ਸ੍ਰੀ ਚੰਦਨਬਾਲਾ ਜੈਨ ਯੁਵਤੀ ਮੰਡਲ ਤੇ ਸ੍ਰੀ ਰਮਣੀਕ ਬਾਲ ਕਲਾ ਮੰਡਲ ਦੇ ਮੈਂਬਰ ਮੌਜੂਦ ਸਨ।