ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਪਰਾਲੀ ਪ੍ਰਬੰਧਨ ਸੰਬੰਧੀ ਕਿਸਾਨ ਜਾਗਰੂਕਤਾ ਕੈਂਪ
ਔੜ/ਝਿੰਗੜਾਂ, 6 ਅਕਤੂਬਰ (ਗੁਰਨਾਮ ਸਿੰਘ ਸੈਣੀ, ਕੁਲਦੀਪ ਸਿੰਘ ਝਿੰਗੜ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਮੁੱਖ ਖੇਤੀਬਾੜੀ ਅਫਸਰ ਸ਼ਹੀਦ ਭਗਤ ਸਿੰਘ ਨਗਰ ਡਾ. ਲੇਖ ਰਾਜ ਬੇਗੋਵਾਲ ਦੀ ਅਗਵਾਈ ਹੇਠ ਸੀ.
ਔੜ/ਝਿੰਗੜਾਂ, 6 ਅਕਤੂਬਰ (ਗੁਰਨਾਮ ਸਿੰਘ ਸੈਣੀ, ਕੁਲਦੀਪ ਸਿੰਘ ਝਿੰਗੜ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਮੁੱਖ ਖੇਤੀਬਾੜੀ ਅਫਸਰ ਸ਼ਹੀਦ ਭਗਤ ਸਿੰਘ ਨਗਰ ਡਾ. ਲੇਖ ਰਾਜ ਬੇਗੋਵਾਲ ਦੀ ਅਗਵਾਈ ਹੇਠ ਸੀ. ਆਰ. ਐਮ. ਸਕੀਮ ਅਧੀਨ ਬਲਾਕ ਔੜ ਦੇ ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਸੀ. ਆਰ. ਐਮ. ਸਕੀਮ ਅਧੀਨ ਕੈਂਪ ਲਗਾਇਆ। ਇਸ ਮੌਕੇ ਮੈਡਮ ਮੋਨਿਕਾ ਖੇਤੀਬਾੜੀ ਵਿਕਾਸ ਅਫਸਰ ਨੇ ਕਿਸਾਨਾਂ ਨੂੰ ਦੱਸਿਆ ਕਿ ਖੇਤਾਂ ਵਿਚ ਝੋਨੇ ਦੀ ਕੰਬਾਈਨ ਨਾਲ ਕਟਾਈ ਮਗਰੋਂ ਪਰਾਲੀ ਨੂੰ ਅੱਗ ਨਾ ਲਗਾ ਕੇ ਹੈਪੀ ਸੀਡਰ ਜਾਂ ਸੁਪਰ ਸੀਡਰ ਨਾਲ ਕਣਕ ਦੀ ਸਿੱਧੀ ਬਿਜਾਈ ਕਰਕੇ ਭੂਮੀ ਦੀ ਸਿਹਤ ਨੂੰ ਬਰਕਰਾਰ ਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨੇ ਨੈਸ਼ਨਲ ਗ੍ਰੀਨ ਟਰਬਿਊਨਲ ਅਤੇ ਲੋਕਲ ਪ੍ਰਸ਼ਾਸਨ ਪੰਜਾਬ ਵਲੋਂ ਪ੍ਰਾਪਤ ਹੋਈਆਂ ਹਦਾਇਤਾਂ ਦੇ ਨਾਲ-ਨਾਲ ਫਸਲਾਂ ਦੀ ਰਹਿੰਦ ਖੂੰਦ ਨੂੰ ਅੱਗ ਲਾਉਣ ਨਾਲ ਵਾਤਾਵਰਨ ਤੇ ਜ਼ਮੀਨ ’ਚ ਹੋ ਰਹੇ ਨੁਕਸਾਨ ਤੋਂ ਜਾਣੂ ਕਰਵਾਇਆ ਤੇ ਉਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਕਣਕ ਦੀ ਬਿਜਾਈ ਕਰਨ ਨਾਲ ਖੇਤੀ ਖਰਚੇ ਘਟਾਏ ਜਾ ਸਕਦੇ ਹਨ ਅਤੇ ਆਮਦਨ ਵਿਚ ਵਾਧਾ ਕੀਤਾ ਜਾ ਸਕਦਾ ਹੈ। ਮੈਡਮ ਅੰਜੂ ਸਾਗਰ ਖੇਤੀਬਾੜੀ ਵਿਸਥਾਰ ਅਫਸਰ ਔੜ ਨੇ ਦੱਸਿਆ ਕਿ ਅੱਗ ਲਾਉਣ ਨਾਲ ਜ਼ਮੀਨ ’ਚੋਂ ਮੌਜੂਦਾ ਬਹੁਤ ਸਾਰੇ ਖੁਰਾਕੀ ਤੱਤ ਸੜ ਜਾਂਦੇ ਹਨ ਅਤੇ ਵਾਤਾਵਰਨ ਵਿਚ ਜ਼ਹਿਰੀਲੀਆਂ ਗੈਸਾਂ ਪੈਦਾ ਹੋ ਜਾਂਦੀਆਂ ਹਨ ਜੋ ਕਿ ਮਨੁੱਖੀ ਸਿਹਤ ਅਤੇ ਜਨਜੀਵਨ ਅਤੇ ਆਵਾਜਾਈ ਲਈ ਹਾਨੀਕਾਰਕ ਹਨ ਅਤੇ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੇ ਪਰਾਲੀ ਨੂੰ ਅੱਗ ਨਾ ਲਾ ਕੇ ਬੇਲਰ ਨਾਲ ਗੰਡਾਂ ਬਣਾ ਕੇ ਜਾਂ ਹੈਪੀ ਸੀਡਰ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾਵੇ। ਇਸ ਮੌਕੇ ਦੀਪਕ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ ਨੇ ਕਿਸਾਨਾਂ ਨਾਲ ਖੇਤੀਬਾੜੀ ਮਹਿਕਮੇ ਵਿਚ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕਿਸਾਨਾਂ ਵਲੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਪਰਾਲੀ ਪ੍ਰਬੰਧਨ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਅਤੇ ਵਿਭਾਗ ਵਲੋਂ ਦਿੱਤੀ ਗਈ ਤਕਨੀਕੀ ਜਾਣਕਾਰੀ ਨੂੰ ਅਮਲ ਵਿਚ ਲਿਆਉਣ ਦਾ ਭਰੋਸਾ ਦਿੱਤਾ ਗਿਆ। ਸਰਪੰਚ ਬਹਾਦਰ ਸਿੰਘ ਤੇ ਪਿੰਡ ਗੜ੍ਹੀ ਅਜੀਤ ਸਿੰਘ ਦੇ ਅਗਾਂਹ ਵਧੂ ਕਿਸਾਨਾਂ ਨੇ ਇਸ ਕੈਂਪ ’ਚ ਭਾਗ ਲਿਆ।