* 5 ਪਿਸਤੌਲ ਅਤੇ 4 ਕਿਲੋਗ੍ਰਾਮ ਹੈਰੋਇਨ ਦੀ ਖੇਪ ਬਰਾਮਦ : 2 ਨਾਬਾਲਗਾ ਸਮੇਤ 9 ਕਾਬੂ
ਅੰਮ੍ਰਿਤਸਰ, 14 ਨੰਵਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦੋ ਨਾਬਾਲਗਾਂ ਸਮੇਤ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਦੋ ਗ਼ੈਰ-ਕਾਨੂੰਨੀ ਹਥਿਆਰ ਅਤੇ ਨਸ਼ਾ ਤਸਕਰੀ ਦੇ 2 ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਨੇ ਮੁਲਜ਼ਮਾਂ ਕੋਲੋ 5 ਨਜਾਇਜ਼ ਹਥਿਆਰ ਪਿਸਤੌਲ, 9 ਜਿੰਦਾ ਕਾਰਤੂਸ, 4 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਇਸ ਦੇ ਨਾਲ ਹੀ ਇਕ ਹੋਰ ਇਰਾਦਾ ਕਤਲ ਤੇ ਲੁੱਟ-ਖੋਹ ਦੇ ਸਨਸਨੀਖੇਜ਼ ਮਾਮਲੇ ਨੂੰ ਵੀ ਸੁਲਝਾ ਲਿਆ ਹੈ। ਇਹ ਪ੍ਰਗਟਾਵਾ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਕਰਦਿਆਂ ਦਸਿਆ ਕਿ ਗ੍ਰਿਫਤਾਰ ਕੀਤੇ ਨੌਜਵਾਨਾਂ ਦੀ ਸ਼ਨਾਖਤ ਹਰਪ੍ਰੀਤ ਸਿੰਘ (34) ਵਾਸੀ ਪਿੰਡ ਭਕਨਾ ਕਲਾਂ, ਮਲਕੀਤ ਸਿੰਘ ਉਰਫ਼ ਮੀਤਾ (27) ਵਾਸੀ ਪਿੰਡ ਚਵਿੰਡਾ ਕਲਾਂ, ਸੁਖਦੇਵ ਸਿੰਘ ਉਰਫ ਸੁੱਖ (24) ਵਾਸੀ ਪਿੰਡ ਨੌਸ਼ਹਿਰਾ (ਤਰਨ ਤਾਰਨ), ਕਰਨਦੀਪ ਸਿੰਘ ਉਰਫ਼ ਕਾਲੂ (24) ਵਾਸੀ ਪਿੰਡ ਰਾਜਾਤਾਲ ਰੋਹਿਤ ਉਰਫ ਚੋਹੀ (21) ਅਤੇ ਕਵੀਜੀਤ ਸਿੰਘ (21) ਦੋਵੇਂ ਵਾਸੀ ਖੰਡਵਾਲਾ, ਸੰਜੇ ਕੁਮਾਰ ਉਰਫ ਮੋਟਾ (24) ਵਾਸੀ ਭੱਲਾ ਕਲੋਨੀ ਤੇ ਨਾਬਾਲਗਾਂ ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ, ਨਸ਼ਾ ਤਸਕਰੀ ਐਕਟ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਹਨ। ਸੀ.ਪੀ. ਸ੍ਰੀ ਗਿੱਲ ਨੇ ਦੱਸਿਆ ਕਿ ਪਹਿਲੇ ਆਪਰੇਸ਼ਨ ਦੌਰਾਨ ਥਾਣਾ ਕੈਂਟ ਦੀ ਪੁਲਿਸ ਟੀਮ ਨੇ ਖ਼ਾਸ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪੰਜ ਮੁਲਜ਼ਮਾਂ ਜਿਨ੍ਹਾਂ ’ਚ ਨਾਬਾਲਗ ਸਨ ਨੂੂੰ ਗ੍ਰਿਫ਼ਤਾਰ ਕੀਤਾ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 2 ਪਿਸਤੌਲ, ਚਾਰ ਜਿੰਦਾ ਕਾਰਤੂਸ ਅਤੇ 4 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਦੂਜੇ ਆਪਰੇਸ਼ਨ ਦੌਰਾਨ, ਪੁਲਿਸ ਟੀਮਾਂ ਨੇ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ .32 ਬੋਰ ਦੇ ਦੋ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ। ਤੀਜੇ ਆਪਰੇਸ਼ਨ ’ਚ ਪੁਲਿਸ ਟੀਮਾਂ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇਰਾਦਾ ਕਤਲ ਅਤੇ ਲੁੱਟ-ਖੋਹ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਕੋਲੋਂ ਇਕ ਗਲੋਕ 9 ਐਮ.ਐਮ. ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਕੀਤੇ। ਇਨ੍ਹਾਂ ਵਲੋਂ ਇਕ ਸ਼ਿਕਾਇਤਕਰਤਾ ਇੰਦਰਪ੍ਰੀਤ ਸਿੰਘ ‘ਤੇ ਗੋਲੀਆਂ ਚਲਾਈਆਂ, ਜਿਸ ਨਾਲ ਉਸਦੀ ਲੱਤ ਜ਼ਖਮੀ ਹੋ ਗਈ ਸੀ। ਹਮਲਾਵਰ ਉਸ ਕੋਲੋਂ 3 ਹਜ਼ਾਰ ਰੁਪਏ, ਇੱਕ ਨਕਲੀ ਕੜਾ ਅਤੇ ਇੱਕ ਅੰਗੂਠੀ ਖੋਹ ਕੇ ਫ਼ਰਾਰ ਹੋ ਗਏ ਸਨ। ਇਸੇ ਤਰਾਂ ਇਕ ਹੋਰ ਮੁਲਜਮ ਸੰਜੇ ਕੁਮਾਰ ਨੂੰ ਵਿਦੇਸ਼ ਵਿੱਚ ਬੈਠੇ ਉਸਦੇ ਸੰਚਾਲਕਾਂ ਵਲੋਂ ਪੁਲਿਸ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ। ਇਸ ਮੌਕੇ ਡੀ.ਸੀ.ਪੀ. (ਸ਼ਹਿਰੀ) ਜਸਕਿਰਨਜੀਤ ਸਿੰਘ ਤੇਜਾ, ਡੀ.ਸੀ.ਪੀ. (ਡੀ) ਪ੍ਰਭਜੋਤ ਸਿੰਘ ਵਿਰਕ, ਏ.ਡੀ.ਸੀ.ਪੀ. ਸ੍ਰੀਰੀਵਨੇਲਾ ਸੀ.ਆਈ.ਏ. ਸਟਾਫ ਦੇ ਇੰਸ: ਅਮੋਲਕਦੀਪ ਸਿੰਘ ਆਦਿ ਪੁਲਿਸ ਅਧਿਕਾਰੀ ਹਾਜ਼ਰ ਸਨ।