ਸੜਕਾਂ ਕੰਢੇ ਪਏ ਦਰੱਖਤਾਂ ਦੇ ਵੱਡੇ ਮੁੱਢ ਬਣ ਰਹੇ ਰਾਹਗੀਰਾਂ ਲਈ ਪ੍ਰੇਸ਼ਾਨੀ
ਅੰਮ੍ਰਿਤਸਰ, 18 ਨਵੰਬਰ (ਸੁਰਿੰਦਰ ਕੋਛੜ)-ਮੁੱਖ ਸੜਕ ਕਿਨਾਰੇ ਅਤੇ ਫੁੱਟਪਾਥ ਦੇ ਨਾਲ ਲੰਮੇ ਸਮੇਂ ਤੋਂ ਪਏ ਦਰਖਤਾਂ ਦੇ ਭਾਰੀ ਤਣੇ ਅਤੇ ਮੁੱਢ ਆਮ ਲੋਕਾਂ ਲਈ ਵੱਡੀ ਦਿੱਕਤ ਅਤੇ ਗੰਭੀਰ ਹਾਦਸਿਆਂ ਦਾ ਕਾਰਨ ਬਣ ਰਹੇ ਹਨ । ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਦੇਖੀ ਦਾ ਆਲਮ ਇਹ ਹੈ ਕਿ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਇਨ੍ਹਾਂ ਨੂੰ ਹਟਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਸਕਿਆ ਹੈ।
ਇ
ਇੰਜ. ਪਵਨ ਸ਼ਰਮਾ, ਗਗਨਦੀਪ ਸਿੰਘ ਵਿਰਕ ।
19-11-2026
ਅੰਮ੍ਰਿਤਸਰ, 18 ਨਵੰਬਰ (ਸੁਰਿੰਦਰ ਕੋਛੜ)-ਮੁੱਖ ਸੜਕ ਕਿਨਾਰੇ ਅਤੇ ਫੁੱਟਪਾਥ ਦੇ ਨਾਲ ਲੰਮੇ ਸਮੇਂ ਤੋਂ ਪਏ ਦਰਖਤਾਂ ਦੇ ਭਾਰੀ ਤਣੇ ਅਤੇ ਮੁੱਢ ਆਮ ਲੋਕਾਂ ਲਈ ਵੱਡੀ ਦਿੱਕਤ ਅਤੇ ਗੰਭੀਰ ਹਾਦਸਿਆਂ ਦਾ ਕਾਰਨ ਬਣ ਰਹੇ ਹਨ । ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਦੇਖੀ ਦਾ ਆਲਮ ਇਹ ਹੈ ਕਿ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਇਨ੍ਹਾਂ ਨੂੰ ਹਟਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਸਕਿਆ ਹੈ। ਦੱਸਣਯੋਗ ਹੈ ਕਿ ਸਥਾਨਕ ਬਾਗ਼ਾਂ, ਵੱਖ-ਵੱਖ ਪਾਰਕਾਂ, ਧਾਰਮਿਕ ਅਸਥਾਨਾਂ ਅਤੇ ਸੜਕਾਂ ਦੇ ਕੰਢਿਆਂ ‘ਤੇ ਮੌਜੂਦ ਦਹਾਕਿਆਂ ਪੁਰਾਣੇ ਰੁੱਖਾਂ ’ਚੋਂ ਬਹੁਤ ਸਾਰੇ ਰੋਗ ਗ੍ਰਸਤ ਹਨ ਅਤੇ ਕਈਆਂ ਨੂੰ ਪੂਰੀ ਤਰ੍ਹਾਂ ਨਾਲ ਸਿਉਂਕ ਅਤੇ ਹੋਰ ਕੀੜੇ ਖੋਖਲਾ ਕਰ ਚੁਕੇ ਹਨ। ਸਥਾਨਕ ਰਾਮ ਬਾਗ ’ਚ ਵੀ ਸੜਕ ਦੇ ਕਿਨਾਰੇ ਕਈ ਵੱਡੇ-ਵੱਡੇ ਦਰਖਤਾਂ ਦੇ ਮੁੱਢ ਬੇਤਰਤੀਬ ਢੰਗ ਨਾਲ ਖਿੱਲਰੇ ਪਏ ਹਨ। ਇਨ੍ਹਾਂ ਸੁੱਕੇ ਅਤੇ ਭਾਰੀ ਤਣਿਆਂ ਕਾਰਨ ਜਿੱਥੇ ਪੈਦਲ ਚੱਲਣ ਵਾਲੇ ਲੋਕਾਂ, ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਲਈ ਰਸਤਾ ਬੇਹੱਦ ਤੰਗ ਹੋ ਗਿਆ ਹੈ, ਉੱਥੇ ਹੀ ਸੜਕ ’ਤੋਂ ਲੰਘਣ ਵਾਲੇ ਦੋ-ਪਹੀਆ ਅਤੇ ਚਾਰ-ਪਹੀਆ ਵਾਹਨਾਂ ਦੇ ਆਪਸ ’ਚ ਟਕਰਾਉਣ ਦਾ ਖ਼ਦਸ਼ਾ ਹਰ ਵੇਲੇ ਬਣਿਆ ਰਹਿੰਦਾ ਹੈ। ਰਾਤ ਦੇ ਸਮੇਂ ਸਥਿਤੀ ਹੋਰ ਵੀ ਭਿਆਨਕ ਹੋ ਜਾਂਦੀ ਹੈ, ਕਿਉਂਕਿ ਸਟਰੀਟ ਲਾਈਟਾਂ ਦੀ ਮੱਧਮ ਰੌਸ਼ਨੀ ਕਾਰਨ ਸੜਕ ਕਿਨਾਰੇ ਪਏ ਇਹ ਕਾਲੇ ਮੁੱਢ ਦੂਰੋਂ ਵਿਖਾਈ ਨਹੀਂ ਦਿੰਦੇ, ਜਿਸ ਕਾਰਨ ਤੇਜ਼ ਰਫ਼ਤਾਰ ਵਾਹਨ ਅਕਸਰ ਬੇਕਾਬੂ ਹੋ ਕੇ ਇਨ੍ਹਾਂ ਨਾਲ ਟਕਰਾਉਣੋਂ ਵਾਲ-ਵਾਲ ਬਚਦੇ ਹਨ। ਰਾਮ ਬਾਗ ‘ਚ ਸੈਰ ਕਰਨ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸੰਬੰਧਿਤ ਵਿਭਾਗ ਵਲੋਂ ਦਰਖਤਾਂ ਦੀ ਛੰਗਾਈ ਜਾਂ ਕਟਾਈ ਕਰਨ ਤੋਂ ਬਾਅਦ ਇਨ੍ਹਾਂ ਨੂੰ ਸਮੇਂ ਸਿਰ ਚੁੱਕਣ ਦੀ ਖੇਚਲ ਹੀ ਨਹੀਂ ਕੀਤੀ ਗਈ। ਸਮਾਜਿਕ ਕਾਰਕੁਨ ਇੰਜ. ਪਵਨ ਸ਼ਰਮਾ ਨੇ ਉਕਤ ਮਾਮਲੇ ਨੂੰ ਸਾਹਮਣੇ ਲਿਆਉਂਦਿਆਂ ਉੱਚ ਅਧਿਕਾਰੀਆਂ ਅਤੇ ਨਗਰ ਨਿਗਮ ਪ੍ਰਸ਼ਾਸਨ ਕੋਲੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਨ੍ਹਾਂ ਲੱਕੜ ਦੇ ਮੁੱਢਾਂ ਨੂੰ ਤੁਰੰਤ ਪ੍ਰਭਾਵ ਨਾਲ ਇੱਥੋਂ ਚੁਕਵਾਇਆ ਜਾਵੇ ਤਾਂ ਜੋ ਰਸਤਾ ਖੁੱਲ੍ਹਾ ਹੋ ਸਕੇ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਵਾਤਾਵਰਨ ਨੂੰ ਸੰਤੁਲਿਤ ਰੱਖਣ ਅਤੇ ਮਨੁੱਖੀ ਜੀਵਨ ਲਈ ਆਕਸੀਜਨ ਦਾ ਮੁੱਖ ਸਰੋਤ ਮੰਨੇ ਜਾਂਦੇ ਵੱਖ-ਵੱਖ ਪਰਜਾਪਤੀਆਂ ਦੇ ਦਰਖਤ ਫੰਗਸ, ਦੀਮਕ, ਤਣਿਆਂ ’ਚ ਸੜਨ, ਪੱਤਿਆਂ ’ਤੇ ਕੀੜਿਆਂ ਦੇ ਹਮਲੇ ਅਤੇ ਹੋਰ ਰੋਗਾਂ ਕਾਰਨ ਕਮਜ਼ੋਰ ਹੋ ਰਹੇ ਹਨ। ਇੰਟੈਕ ਅੰਮ੍ਰਿਤਸਰ ਚੈਪਟਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ ਦਾ ਕਹਿਣਾ ਹੈ ਕਿ ਰੁੱਖਾਂ ਦੇ ਆਲੇ-ਦੁਆਲੇ ਸੀਮੈਂਟ ਜਾਂ ਕਨਕਰੀਟ ਦਾ ਘੇਰਾ ਨਾ ਬਣਾਇਆ ਜਾਵੇ ਤਾਂ ਜੋ ਜੜ੍ਹਾਂ ਨੂੰ ਹਵਾ ਅਤੇ ਪਾਣੀ ਮਿਲਦਾ ਰਹੇ। ਉਨ੍ਹਾਂ ਨੇ ਜੰਗਲਾਤ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਿਮਾਰ ਰੁੱਖਾਂ ਦਾ ਸਰਵੇ ਕਰਵਾਇਆ ਜਾਵੇ ਅਤੇ ਮਾਹਿਰਾਂ ਦੀ ਟੀਮ ਬਣਾ ਕੇ ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਇਲਾਕੇ ’ਚ ਕੋਈ ਰੁੱਖ ਸੁੱਕਦਾ ਜਾਂ ਬਿਮਾਰ ਵਿਖਾਈ ਦੇਵੇ ਤਾਂ ਇਸ ਦੀ ਜਾਣਕਾਰੀ ਸੰਬੰਧਿਤ ਵਿਭਾਗ ਨੂੰ ਦੇਣ ।