ਪਿੰਡ ਭਾਂਖਰਪੁਰ ਵਿਖੇ ਸੜਕ ਕਿਨਾਰੇ ਕੂੜੇ ਦੇ ਢੇਰਾਂ ਨੂੰ ਲਗਾਈ ਅੱਗ
ਜ਼ਹਿਰੀਲੇ ਧੂੰਏਂ ਨੇ ਲੋਕਾਂ ਦਾ ਸਾਹ ਲੈਣਾ ਕੀਤਾ ਔਖਾ
ਡੇਰਾਬੱਸੀ, 14 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਨੇੜਲੇ ਪਿੰਡ ਭਾਂਖਰਪੁਰ ਵਿਖੇ ਹਾਈਵੇਅ ਕਿਨਾਰੇ ਲੱਗੇ ਕੂੜੇ-ਕਰਕਟ ਦੇ ਢੇਰਾਂ ਨੂੰ ਸ਼ਰੇਆਮ ਅੱਗ ਲਗਾਏ ਜਾਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੇ ਪ੍ਰਸ਼ਾਸਨਿਕ ਪ੍ਰਬੰਧਾਂ ‘ਤੇ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ। ਪਿੰਡ ਭਾਂਖਰਪੁਰ ਦੇ ਸ਼ਮਸ਼ਾਨਘਾਟ ਨੇੜੇ ਵੱਖ-ਵੱਖ ਥਾਵਾਂ ‘ਤੇ ਕੂੜੇ ਨੂੰ ਲੱਗੀ ਅੱਗ ਕਾਰਨ ਉੱਠ ਰਹੇ ਸੰਘਣੇ ਕਾਲੇ ਧੂੰਏਂ ਨਾਲ ਜਿਥੇ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ, ਉਥੇ ਹੀ ਇਸ ਰਸਤੇ ਤੋਂ ਲੰਘਣ ਵਾਲੇ ਰਾਹਗੀਰਾਂ ਤੇ ਨੇੜਲੇ ਵਸਨੀਕਾਂ ਲਈ ਸਾਹ ਲੈਣਾ ਵੀ ਔਖਾ ਹੋ ਗਿਆ ਹੈ।
ਡੇਰਾਬੱਸੀ, 14 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਨੇੜਲੇ ਪਿੰਡ ਭਾਂਖਰਪੁਰ ਵਿਖੇ ਹਾਈਵੇਅ ਕਿਨਾਰੇ ਲੱਗੇ ਕੂੜੇ-ਕਰਕਟ ਦੇ ਢੇਰਾਂ ਨੂੰ ਸ਼ਰੇਆਮ ਅੱਗ ਲਗਾਏ ਜਾਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੇ ਪ੍ਰਸ਼ਾਸਨਿਕ ਪ੍ਰਬੰਧਾਂ ‘ਤੇ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ। ਪਿੰਡ ਭਾਂਖਰਪੁਰ ਦੇ ਸ਼ਮਸ਼ਾਨਘਾਟ ਨੇੜੇ ਵੱਖ-ਵੱਖ ਥਾਵਾਂ ‘ਤੇ ਕੂੜੇ ਨੂੰ ਲੱਗੀ ਅੱਗ ਕਾਰਨ ਉੱਠ ਰਹੇ ਸੰਘਣੇ ਕਾਲੇ ਧੂੰਏਂ ਨਾਲ ਜਿਥੇ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ, ਉਥੇ ਹੀ ਇਸ ਰਸਤੇ ਤੋਂ ਲੰਘਣ ਵਾਲੇ ਰਾਹਗੀਰਾਂ ਤੇ ਨੇੜਲੇ ਵਸਨੀਕਾਂ ਲਈ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਦੀ ਮੁੱਖ ਸੜਕ ਦੇ ਨਾਲ ਸ਼ਮਸ਼ਾਨਘਾਟ ਨੇੜੇ ਵੱਡੀ ਮਾਤਰਾ ‘ਚ ਕੂੜਾ-ਕਰਕਟ ਅਤੇ ਪਲਾਸਟਿਕ ਦਾ ਕਚਰਾ ਪਿਆ ਹੈ। ਸ਼ਾਮ ਸਮੇਂ ਇਸ ਕੂੜੇ ਨੂੰ ਕਈ ਥਾਵਾਂ ‘ਤੇ ਅੱਗ ਲੱਗਣ ਕਾਰਨ ਧੂੰਏਂ ਦੇ ਗੁਬਾਰ ਉੱਠਦੇ ਦੇਖੇ ਗਏ। ਪਲਾਸਟਿਕ ਅਤੇ ਹੋਰ ਰਹਿੰਦ-ਖੂੰਹਦ ਸੜਨ ਨਾਲ ਨਿਕਲਣ ਵਾਲਾ ਹਾਨੀਕਾਰਕ ਧੂੰਆਂ ਲੋਕਾਂ ਦੀ ਸਿਹਤ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ। ਚਿੰਤਾ ਦਾ ਵਿਸ਼ਾ ਇਹ ਵੀ ਹੈ ਕਿ ਜਿਸ ਥਾਂ ਕੂੜੇ ਨੂੰ ਅੱਗ ਲੱਗੀ ਹੋਈ ਹੈ, ਉਸ ਦੇ ਬਿਲਕੁਲ ਨੇੜੇ ਹਾਈਟੈਂਸ਼ਨ ਬਿਜਲੀ ਲਾਈਨ ਵਾਲਾ ਟਾਵਰ ਸਥਿਤ ਹੈ। ਅੱਗ ਦੀਆਂ ਲਪਟਾਂ ਅਤੇ ਤੇਜ਼ ਸੇਕ ਕਾਰਨ ਬਿਜਲੀ ਦੇ ਢਾਂਚੇ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੜਕ ਉੱਤੇ ਫੈਲਦਾ ਸੰਘਣਾ ਧੂੰਆਂ ਵਾਹਨ ਚਾਲਕਾਂ ਦੀ ਨਜ਼ਰ ‘ਚ ਰੁਕਾਵਟ ਪੈਦਾ ਕਰ ਸਕਦਾ ਹੈ, ਜਿਸ ਨਾਲ ਸੜਕ ਹਾਦਸੇ ਦਾ ਖ਼ਤਰਾ ਵੀ ਵਧ ਜਾਂਦਾ ਹੈ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ, ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸੰਬੰਧਿਤ ਪੰਚਾਇਤ ਤੋਂ ਮੰਗ ਕੀਤੀ ਹੈ ਕਿ ਕੂੜੇ ਨੂੰ ਲੱਗੀ ਅੱਗ ਤੁਰੰਤ ਬੁਝਾਈ ਜਾਵੇ, ਸੜਕ ਕਿਨਾਰੇ ਇਕੱਠੇ ਹੋਏ ਕੂੜੇ ਦੀ ਢੁਕਵੀਂ ਸਫ਼ਾਈ ਕਰਵਾਈ ਜਾਵੇ ਤੇ ਅੱਗ ਲਗਾਉਣ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਪਿੰਡ ਭਾਂਖਰਪੁਰ ਦੀ ਸਰਪੰਚ ਮਨਦੀਪ ਕੌਰ ਦੇ ਪਤੀ ਜਗਪ੍ਰੀਤ ਸਿੰਘ ਜੱਗੀ ਨੇ ਦੱਸਿਆ ਕਿ ਪਿੰਡ ‘ਚ ਕੂੜਾ ਇਕੱਠਾ ਕਰਨ ਲਈ ਠੇਕੇਦਾਰ ਰਾਹੀਂ ਪ੍ਰਬੰਧ ਕੀਤਾ ਗਿਆ ਹੈ। ਇਕੱਤਰ ਕੀਤੇ ਕੂੜੇ ‘ਚੋਂ ਵਿਕਣਯੋਗ ਸਮੱਗਰੀ ਵੱਖ ਕਰਕੇ ਵੇਚ ਦਿੱਤੀ ਜਾਂਦੀ ਹੈ, ਜਦਕਿ ਬਾਕੀ ਕੂੜੇ ਦੇ ਨਿਪਟਾਰੇ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਹ ਇਸ ਸੰਬੰਧੀ ਪੜਤਾਲ ਕਰਵਾਉਣਗੇ ਕਿ ਅੱਗ ਕਿਸ ਵਲੋਂ ਲਗਾਈ ਗਈ ਹੈ।