ਐੱਸ. ਏ. ਐੱਸ. ਨਗਰ, 18 ਨਵੰਬਰ (ਕਪਿਲ ਵਧਵਾ)-ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਖ਼ਿਲਾਫ਼ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਅੱਜ ਬੁੱਧਵਾਰ ਨੂੰ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿਖੇ ਕੈਂਸਲੇਸ਼ਨ ਰਿਪੋਰਟ ਮਾਮਲੇ ’ਤੇ ਸੁਣਵਾਈ ਹੋਣੀ ਸੀ। ਸੁਣਵਾਈ ਦੌਰਾਨ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰਸ਼ਾਂਤ ਵਰਮਾ ਦੀ ਵਿਸ਼ੇਸ਼ ਅਦਾਲਤ ਨੂੰ ਸੂਚਿਤ ਕੀਤਾ ਗਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਵਿਸ਼ੇਸ਼ ਅਦਾਲਤ ਦੇ 4 ਨਵੰਬਰ 2026 ਦੇ ਹੁਕਮਾਂ ‘ਤੇ ਰੋਕ ਲਗਾਈ ਗਈ ਹੈ। ਇਸ ਕਾਰਨ ਹੁਣ ਮਾਮਲੇ ਦੀ ਅਗਲੀ ਸੁਣਵਾਈ 2 ਮਾਰਚ 2027 ਨੂੰ ਹੋਵੇਗੀ। ਅੱਜ ਮੁਹਾਲੀ ਅਦਾਲਤ ਵਿਖੇ ਸਾਬਕਾ ਮੰਤਰੀ ਵਿਜੇ ਸਿੰਗਲਾ ਦੀ ਆਵਾਜ਼ ਦੇ ਨਮੂਨੇ ਦੀ ਪਛਾਣ ਕਰਨ ਵਾਲੀ ਰਿਪੋਰਟ ਸੰਬੰਧੀ ਅਹਿਮ ਗਵਾਹੀ ਦਰਜ ਕਰਵਾਉਣ ਲਈ ਐੱਫ. ਐੱਸ. ਐੱਲ. ਅਧਿਕਾਰੀ ਸੰਦੀਪ ਕੌਰ ਨੇ ਆਉਣਾ ਸੀ, ਪ੍ਰੰਤੂ ਵਿਜੇ ਸਿੰਗਲਾ ਵਲੋਂ ਹਾਈ ਕੋਰਟ ਵਿਚ ਮੁਹਾਲੀ ਅਦਾਲਤ ਦੇ ਇਸ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ। ਸਿੰਗਲਾ ਦੇ ਵਕੀਲ ਦੀਆਂ ਦਲੀਲਾਂ ਸੁਣਨ ਉਪਰੰਤ ਅਦਾਲਤ ਨੇ ਇਸ ਕਾਰਵਾਈ ‘ਤੇ ਅੰਤਰਿਮ ਰੋਕ ਲਗਾ ਦਿੱਤੀ ਸੀ। ਹੁਣ ਹਾਈ ਕੋਰਟ ਦੀ ਰੋਕ ਕਾਰਨ ਕੈਂਸਲੇਸ਼ਨ ਰਿਪੋਰਟ ਅਤੇ ਮੁੱਖ ਮਾਮਲੇ ‘ਤੇ ਫ਼ੈਸਲੇ ਲਈ ਦੋਵਾਂ ਧਿਰਾਂ ਨੂੰ ਹੋਰ ਉਡੀਕ ਕਰਨੀ ਪਵੇਗੀ।