ਨਵੀਂ ਦਿੱਲੀ, 18 ਨਵੰਬਰ (ਪੀ.ਟੀ.ਆਈ.)-ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਪ੍ਰਸਤਾਵਿਤ ਵਪਾਰ ਸਮਝੌਤੇ ’ਤੇ ਗੱਲਬਾਤ ਜਲਦੀ ਹੀ ਪੂਰੀ ਹੋਣ ਦੀ ਉਮੀਦ ਹੈ, ਪਰ ਇਸ ਸਮਝੌਤੇ ’ਤੇ ਦਸਤਖ਼ਤ ਉਦੋਂ ਹੀ ਕੀਤੇ ਜਾਣਗੇ ਜਦੋਂ ਅਮਰੀਕਾ ਆਪਣਾ ਟੈਰਿਫ ਢਾਂਚਾ ਅੰਤਿਮ ਰੂਪ ’ਚ ਤਿਆਰ ਕਰ ਲਵੇਗਾ। ਫਿੱਕੀ ਦੇ ਇਕ ਸਮਾਗਮ ’ਚ ਉਨ੍ਹਾਂ ਕਿਹਾ ਕਿ ਇਸ ਸਮਝੌਤੇ ਦਾ ਢਾਂਚਾ ਅਤੇ ਰੂਪ-ਰੇਖਾ ਫਰਵਰੀ ’ਚ ਹੀ ਤੈਅ ਕਰ ਲਿਆ ਗਿਆ ਸੀ ਅਤੇ ਇਸ ਦਾ ਐਲਾਨ ਵੀ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਮਝੌਤੇ ਦੇ ਕਾਨੂੰਨੀ ਖਰੜੇ ’ਤੇ ਵੀ ਗੱਲਬਾਤ ਹੋ ਚੁੱਕੀ ਹੈ ਅਤੇ ਹੁਣ ਇਹ ਅੰਤਿਮ ਪੜਾਅ ’ਤੇ ਹੈ, ਜਿਸ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਪਰ ਇਕ ਚੁਣੌਤੀ ਜਿਸ ਨੂੰ ਸਮਝਣਾ ਜ਼ਰੂਰੀ ਹੈ, ਉਹ ਇਹ ਹੈ ਕਿ ਇਸ ਸਮਝੌਤੇ ਦਾ ਐਲਾਨ ਉਸ ਸਮੇਂ ਕੀਤਾ ਗਿਆ ਸੀ ਜਦੋਂ ਕੁਝ ਪਾਬੰਦੀਸ਼ੁਦਾ ਟੈਰਿਫ (ਸ਼ੁਲਕ) ਲਾਗੂ ਸਨ। ਅਮਰੀਕੀ ਸੁਪਰੀਮ ਕੋਰਟ ਨੇ ਉਨ੍ਹਾਂ ਟੈਰਿਫਾਂ ਨੂੰ ਰੱਦ ਕਰ ਦਿੱਤਾ ਹੈ। ਹੁਣ ਅਮਰੀਕਾ ਇਕ ਨਵਾਂ ਟੈਰਿਫ ਢਾਂਚਾ ਤਿਆਰ ਕਰ ਰਿਹਾ ਹੈ। ਅਗਰਵਾਲ ਨੇ ਕਿਹਾ ਕਿ ਜਦੋਂ ਤੱਕ ਇਹ ਨਵਾਂ ਟੈਰਿਫ ਢਾਂਚਾ ਲਾਗੂ ਨਹੀਂ ਹੋ ਜਾਂਦਾ, ਉਦੋਂ ਤੱਕ ਸਮਝੌਤੇ ’ਤੇ ਦਸਤਖ਼ਤ ਨਹੀਂ ਕੀਤੇ ਜਾ ਸਕਦੇ, ਕਿਉਂਕਿ ਪੁਰਾਣਾ ਸਮਝੌਤਾ ਉਸ ਟੈਰਿਫ ਢਾਂਚੇ ਦੇ ਆਧਾਰ ’ਤੇ ਸੀ ਜੋ ਵੱਖ-ਵੱਖ ਦੇਸ਼ਾਂ ਨੂੰ ਵੱਖ-ਵੱਖ ਤਰ੍ਹਾਂ ਦੇ ਤੁਲਨਾਤਮਕ ਲਾਭ ਪ੍ਰਦਾਨ ਕਰਦਾ ਸੀ। ਉਨ੍ਹਾਂ ਅੱਗੇ ਕਿਹਾ ਕਿ ਹਾਲਾਂਕਿ, ਦੋਵੇਂ ਦੇਸ਼ ਗੱਲਬਾਤ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਅਤੇ ਸਾਰੀਆਂ ਤਿਆਰੀਆਂ ਮੁਕੰਮਲ ਕਰਨ ਲਈ ਯਤਨਸ਼ੀਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਅਮਰੀਕਾ ’ਚ ਭਾਰਤ ਖ਼ਿਲਾਫ਼ ‘ਸੈਕਸ਼ਨ 301’ ਤਹਿਤ ਕੁਝ ਜਾਂਚਾਂ ਪਹਿਲਾਂ ਹੀ ਚੱਲ ਰਹੀਆਂ ਹਨ। ਅਗਰਵਾਲ ਨੇ ਕਿਹਾ ਕਿ ਇਕ ਵਾਰ ਜਦੋਂ ਇਹ ਜਾਂਚਾਂ ਪੂਰੀਆਂ ਹੋ ਜਾਣਗੀਆਂ ਅਤੇ ਨਿਰਣਾਇਕ ਪੜਾਅ ’ਤੇ ਪਹੁੰਚ ਜਾਣਗੀਆਂ, ਤਾਂ ਅਸਲ ਸਮਝੌਤੇ ’ਤੇ ਦਸਤਖਤ ਕੀਤੇ ਜਾਣਗੇ ਤੇ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ।