03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਵਕਤ ਦੁਨੀਆ ਦੀ ਸਭ ਤੋਂ ਵੱਡੀ ਪੂੰਜੀ

ਵਕਤ ਦੁਨੀਆ ਦੀ ਸਭ ਤੋਂ ਵੱਡੀ ਪੂੰਜੀ

ਅਜੀਤ ਡੈਸਕ 03-09-2026

ਤਕਨੀਕ ਦੇ ਦੌਰ 'ਚ ਦੌੜ ਭੱਜ ਵਾਲੀ ਜ਼ਿੰਦਗੀ ਵਿਚ ਅੱਜ ਇਨਸਾਨ ਦੀ ਜ਼ਿੰਦਗੀ 'ਚ ਸਮੇਂ ਦੀ ਬਹੁਤ ਕਮੀ ਹੈ, ਜਿਸ ਕਾਰਨ ਉਹ ਆਪਣੇ-ਆਪ ਪਰਿਵਾਰ ਨੂੰ ਸਮਾਂ ਨਹੀਂ ਦੇ ਪਾਉਂਦਾ ਹੈ | ਇਨਸਾਨ ਪੈਸਾ ਕਮਾਉਣ ਦੀ ਮਸ਼ੀਨ ਬਣਦਾ ਜਾ ਰਿਹਾ ਹੈ | ਸਮੇਂ ਦੀ ਸੁਚੱਜੀ ਵਰਤੋ ਨਹੀਂ ਕਰ ਪਾ ਰਿਹਾ | ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਜਿਸ ਕਾਰਨ ਨੌਜਵਾਨੀ ਮੋਬਾਈਲ ਤੇ ਸੋਸ਼ਲ ਮੀਡੀਆ ਦੀ ਅਥਾਹ ਵਰਤੋਂ ਕਰ ਰਹੀ ਹੈ | ਰਾਤ ਨੂੰ ਜ਼ਿਆਦਾ ਸਮੇਂ ਤੱਕ ਸਕਰੀਨ ਦੇ ਸਾਹਮਣੇ ਬੈਠਣਾ ਤੇ ਸਵੇਰੇ ਸਮੇਂ ਸਿਰ ਨਾ ਉੱਠਣ ਕਾਰਨ ਇਨਸਾਨ ਦੀ ਸਿਹਤ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ, ਜਿਸ ਕਾਰਨ ਉਹ ਸਮੇਂ ਸਿਰ ਨਹੀਂ ਸੌਂਦਾ ਹੈ ਤੇ ਸਵੇਰੇ ਸਮੇਂ ਸਿਰ ਨਹੀਂ ਉੱਠਦਾ ਹੈ | ਅੰਮਿ੍ਤ ਵੇਲਾ ਉੱਠਣਾ ਅੱਜ ਇਨਸਾਨ ਦੀ ਜ਼ਿੰਦਗੀ ਤੋਂ ਦੂਰ ਹੁੰਦਾ ਜਾ ਰਿਹਾ ਹੈ | ਜੇ ਵਿਦਿਆਰਥੀ ਵਰਗ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵੀ ਇਹੀ ਹਾਲ ਹੈ  | ਅੰਮਿ੍ਤ ਵੇਲੇ ਉੱਠਣ ਨਾਲ ਸਾਰੇ ਕੰਮ ਤਰਤੀਬ  ਮੁਤਾਬਕ ਹੋ ਜਾਂਦੇ ਹਨ | ਅੰਮਿ੍ਤ ਵੇਲੇ ਵਾਤਾਵਰਨ ਸਾਫ ਸੁਥਰਾ ਹੁੰਦਾ ਹੈ | ਪ੍ਰਦੂਸ਼ਣ ਬਿਲਕੁਲ ਵੀ ਨਹੀਂ ਹੁੰਦਾ ਹੈ | ਧਾਰਮਿਕ ਥਾਵਾਂ 'ਤੇ ਪਾਠ ਹੁੰਦਾ ਹੈ | ਠੰਢੀ ਹਵਾ ਚੱਲ ਰਹੀ ਹੁੰਦੀ ਹੈ | ਪੰਛੀਆਂ ਦੀ ਚਹਿਕਣ ਦੀ ਆਵਾਜ਼ ਮਨ ਨੂੰ ਨਵੀਂ ਊਰਜਾ ਨਾਲ ਭਰ ਦਿੰਦੀ ਹੈ | ਮਨ ਵਿਚ ਸਕਾਰਾਤਮਕ ਵਿਚਾਰ ਬਹੁਤ ਆਉਂਦੇ ਹਨ | ਨਾਂਹ- ਪੱਖੀ ਵਿਚਾਰਾਂ ਤੋਂ ਇਨਸਾਨ ਦੂਰ ਹੁੰਦਾ ਚਲਿਆ ਜਾਂਦਾ ਹੈ | ਜ਼ਿੰਦਗੀ ਵਿਚ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ  | ਸਵੇਰ ਦਾ ਨਜ਼ਾਰਾ ਬਹੁਤ ਦਿਲਚਸਪ ਹੁੰਦਾ ਹੈ | ਅਕਸਰ ਅੱਜ ਨੌਜਵਾਨੀ ਰਾਤ ਨੂੰ ਦੇਰ ਤੱਕ ਜਾਗਣ ਕਾਰਨ ਕੁਦਰਤ ਤੋਂ ਦੂਰ ਹੁੰਦੀ ਜਾ ਰਹੀ ਹੈ | ਸਵੇਰੇ ਜਲਦੀ ਉੱਠ ਕੇ ਪੜ੍ਹਨ ਦੀ ਜੋ ਵਿਦਿਆਰਥੀ ਆਦਤ ਪਾ ਲੈਂਦੇ ਹਨ ਉਹ ਵਿਦਿਆਰਥੀ ਪ੍ਰੀਖਿਆਵਾਂ ਵਿਚ ਅੱਵਲ ਆਉਂਦੇ ਹਨ | ਸਵੇਰੇ ਦਿਮਾਗ ਬਿਲਕੁਲ ਖਾਲੀ ਹੁੰਦਾ ਹੈ, ਵਿਦਿਆਰਥੀ ਵਰਗ ਲਈ ਇਹ ਸਮਾਂ ਬਹੁਤ ਹੀ ਲਾਹੇਵੰਦ ਰਹਿੰਦਾ ਹੈ | ਪਰ ਅੱਜ ਦੇ ਬੱਚੇ ਜ਼ਿਆਦਾਤਰ ਰਾਤ ਨੂੰ ਦੇਰ ਤੱਕ ਜਾਗਦੇ ਹਨ | ਸਵੇਰ ਦੀ ਸੈਰ ਸ਼ਰੀਰ ਨੂੰ ਤੰਦਰੁਸਤ ਰੱਖਦੀ ਹੈ | ਸਵੇਰੇ ਸੈਰ ਕਰਨ ਨਾਲ ਇਨਸਾਨ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ | ਅਕਸਰ ਅੱਜਕਲ੍ਹ ਲੋਕ ਮੋਟਾਪੇ ਦਾ ਜ਼ਿਆਦਾ ਸ਼ਿਕਾਰ ਹਨ | ਨਾ -ਮੁਰਾਦ ਬਿਮਾਰੀਆਂ ਨੇ ਇਨਸਾਨ ਨੂੰ ਘੇਰ ਲਿਆ ਹੈ | ਜੋ ਲੋਕ ਸਵੇਰੇ ਸੈਰ ਕਰਦੇ ਹਨ, ਉਨ੍ਹਾਂ ਨੂੰ ਸ਼ੂਗਰ, ਤਣਾਅ, ਡਿਪਰੈਸ਼ਨ, ਦਿਲ ਦੀ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ | ਸਵੇਰ ਦੀ ਸੈਰ ਦੌਰਾਨ ਤੁਹਾਡਾ ਸਰੀਰ ਕੁਦਰਤੀ ਰੌਸ਼ਨੀ ਦੇ ਸੰਪਰਕ ਵਿਚ ਆਉਂਦਾ ਹੈ | ਇਹ ਤੁਹਾਡੇ ਸਰੀਰ ਦੀ ਨੀਂਦ ਅਤੇ ਜਾਗਣ ਦੇ ਚੱਕਰ ਨੂੰ ਸੰਤੁਲਿਤ ਰੱਖਦਾ ਹੈ | ਉਂਝ ਵੀ ਉਹ ਸਾਰਾ ਦਿਨ ਤਰੋ-ਤਾਜ਼ਾ ਮਹਿਸੂਸ ਕਰਦੇ ਹਨ | ਇਕ ਚੰਗਾ ਮੂਡ ਬਣਦਾ ਹੈ  | ਇਕ ਖੋਜ ਅਨੁਸਾਰ ਸਵੇਰ ਦੀ ਸੈਰ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਦੀ ਹੈ | ਰੋਜ਼ਾਨਾ ਸਵੇਰੇ ਸੈਰ ਕਰਨ ਨਾਲ ਤੁਹਾਡੀ ਸਿਹਤ ਵਿਚ ਸੁਧਾਰ ਹੋ ਸਕਦਾ ਹੈ | ਸਵੇਰੇ ਸੈਰ ਕਰਨ ਦੇ ਨਾਲ ਇਕ ਤਾਂ ਜਲਦੀ ਉੱਠਣ ਦੀ ਆਦਤ ਬਣਦੀ ਹੈ, ਇਸ ਦੇ ਨਾਲ ਹੀ ਤੁਹਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਮਿਲਦੇ ਹਨ | ਅੱਜ ਤਾਂ ਹਰ ਇਕ ਕੋਲ ਮੋਬਾਈਲ ਹੈ  | ਮੋਬਾਈਲ 'ਤੇ ਅਲਾਰਮ ਲਗਾ ਲੈਂਦੇ ਹਨ | ਜੇ ਸਾਡੇ ਬਜ਼ੁਰਗਾਂ ਦੀ ਗੱਲ ਕਰੀਏ ਉਨ੍ਹਾਂ ਵੇਲੇ ਘੜੀਆਂ ਵੀ ਕਿਸੇ ਕਿਸੇ ਕੋਲ ਹੁੰਦੀਆਂ ਸਨ | ਉਹ ਬਿਨਾਂ ਅਲਾਰਮ ਤੋਂ ਵੀ ਸਵੇਰੇ ਜਲਦੀ ਉੱਠ ਜਾਂਦੇ ਸਨ | ਸਾਝਰੇ ਉੱਠ ਕੇ ਤਾਜ਼ਾ ਹੋ ਕੇ ਆਪਣੇ ਕੰਮਾਂ ਕਾਰਾਂ 'ਤੇ ਚਲੇ ਜਾਂਦੇ ਸਨ | ਉਨ੍ਹਾਂ ਵੇਲਿਆਂ ਵਿਚ ਬਲਦਾਂ ਨਾਲ ਖੇਤੀ ਹੁੰਦੀ ਸੀ | ਸਾਡੇ ਬਜ਼ੁਰਗਾਂ ਕੋਲ ਜ਼ਿੰਦਗੀ ਦਾ ਨਿਚੋੜ ਹੁੰਦਾ ਸੀ | ਉਨ੍ਹਾਂ ਵਿਚ ਸਹਿਣਸ਼ੀਲਤਾ, ਨਿਮਰਤਾ ਬਹੁਤ ਜ਼ਿਆਦਾ ਹੁੰਦੀ ਸੀ | ਜਿੰਨਾ ਵੀ ਉਨ੍ਹਾਂ ਕੋਲ ਹੁੰਦਾ ਸੀ ਉਸੇ ਵਿਚ ਹੀ ਸੰਤੁਸ਼ਟ ਹੁੰਦੇ ਸਨ | ਅੱਜ ਇਨਸਾਨ ਕੋਲ ਆਪਣੀ ਸਿਹਤ ਵੱਲ ਧਿਆਨ ਦੇਣ ਲਈ ਸਮਾਂ ਨਹੀਂ ਹੈ | ਜਿਸ ਕਾਰਨ ਉਹ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ | ਸਾਰਾ ਦਿਨ ਦਫਤਰਾਂ ਚ ਬੈਠ ਕੇ ਕੰਮ ਕਰਨ ਦੇ ਨਾਲ ਸਰੀਰ ਸੁਸਤ ਹੋ ਜਾਂਦਾ ਹੈ | ਐਸੀਡਿਟੀ ਵਰਗੀ ਬਿਮਾਰੀਆਂ  ਜਲਦੀ ਘੇਰਦੀਆਂ ਹਨ, ਕਿਉਂਕਿ ਸਰੀਰਕ ਐਕਟੀਵਿਟੀ ਘਟਣ ਨਾਲ ਮੋਟਾਪਾ ਜਲਦੀ ਆਉਂਦਾ ਹੈ | ਅਕਸਰ ਦਫ਼ਤਰਾਂ ਵਿਚ ਕੰਮ ਕਰਦੇ ਹੋਏ ਸਮੇਂ ਦੀ ਘਾਟ ਦਾ ਬਹਾਨਾ ਬਣਾ ਕੇ ਸਵੇਰ ਦੀ ਸੈਰ ਕਰਨ ਤੋਂ ਕਿਨਾਰਾ ਕਰਦੇ ਹਨ | ਜੇ ਅੱਜ ਇਨਸਾਨ ਆਪਣੀ ਜ਼ਿੰਦਗੀ ਵਿਚ ਸਮੇਂ ਸਿਰ ਸੌਣਾ ਤੇ ਸਵੇਰੇ ਜਲਦੀ ਉੱਠਣ ਦੀ ਆਦਤ ਅਪਣਾ ਲੈਂਦਾ ਹੈ, ਤਾਂ ਜ਼ਿੰਦਗੀ ਵਿਚ ਬਹੁਤ ਵੱਡੀ ਤਬਦੀਲੀ ਆ ਸਕਦੀ ਹੈ | ਪੈਸਾ ਤਾਂ ਇਨਸਾਨ ਬਹੁਤ ਕਮਾ ਰਿਹਾ ਹੈ | ਪਰ ਆਪਣੇ ਸਰੀਰ ਦਾ ਧਿਆਨ ਨਹੀਂ ਰੱਖ ਰਿਹਾ ਹੈ | ਛੋਟੀ ਉਮਰ ਦੇ ਲੋਕ ਦਿਲ ਦੀਆਂ ਬਿਮਾਰੀਆਂ ਨਾਲ ਘਿਰ ਚੁੱਕੇ ਹਨ | ਖਾਣਾ ਪੀਣਾ ਸਾਡਾ ਸ਼ੁੱਧ ਨਹੀਂ ਰਿਹਾ ਹੈ | ਬਾਹਰੀ ਖਾਣੇ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ | ਜੰਕ ਫੂਡ, ਸਟ੍ਰੀਟ ਫੂਡ ਖਾਣ ਦਾ ਰੁਝਾਨ ਵਧ ਗਿਆ ਹੈ | ਸਾਨੂੰ ਵਕਤ ਦੀ ਕਦਰ ਕਰਨੀ ਚਾਹੀਦੀ ਹੈ | ਜੇ ਵਕਤ ਇਕ ਵਾਰ ਹੱਥੋਂ ਨਿਕਲ ਗਿਆ ਤਾਂ ਕਦੇ ਵੀ ਵਾਪਸ ਨਹੀਂ ਆਉਂਦਾ | ਫਿਰ ਹੱਥ ਪਛਤਾਵਾ ਹੀ ਰਹਿੰਦਾ ਹੈ | ਅੱਜ ਦੀ ਨੌਜਵਾਨੀ ਨੂੰ ਇਹ ਸਮਝਣਾ ਚਾਹੀਦਾ ਹੈ | ਜੇ ਘਰ ਵਿਚ ਅਸੀਂ ਆਪ ਸਮੇਂ ਦੇ ਮੁਤਾਬਕ ਚਲਾਂਗੇ ਤਾਂ ਬੱਚਿਆਂ 'ਤੇ ਵੀ ਇਸ ਚੀਜ਼ ਦਾ ਬਹੁਤ ਜ਼ਿਆਦਾ ਫਰਕ ਪਵੇਗਾ | ਜੇ ਬਚਪਨ ਤੋਂ ਹੀ ਸਵੇਰੇ ਜਲਦੀ ਉੱਠਣਾ, ਸੈਰ ਕਰਨਾ, ਪਰਮਾਤਮਾ ਦੀ ਬੰਦਗੀ ਕਰਨਾ ਵਕਤ ਦੀ ਕਦਰ, ਸਾਰਿਆਂ ਦਾ ਸਤਿਕਾਰ ਦੀ ਆਦਤ ਪਾ ਲੈਣ ਤਾਂ ਭਵਿੱਖ ਵਿਚ ਇਕ ਚੰਗੇ ਤੇ ਜ਼ਿੰਮੇਵਾਰ ਨਾਗਰਿਕ ਬਣ ਜਾਣਗੇ | ਮਿਹਨਤ ਕਰਨ ਨਾਲ ਤੁਸੀਂ ਵੱਡੇ ਤੋਂ ਵੱਡਾ ਮੁਕਾਮ ਹਾਸਿਲ ਕਰ ਸਕਦੇ ਹੋ | ਲਗਾਤਾਰ ਸੰਘਰਸ਼ ਨਾਲ ਸਫਲਤਾ ਤੁਹਾਡੇ ਕਦਮ ਚੁੰਮੇਗੀ | ਤੁਸੀਂ ਆਪਣੀ ਕਿਸਮਤ ਆਪ ਬਣਾ ਸਕਦੇ ਹੋ | ਇਹ ਸਫਲ ਜ਼ਿੰਦਗੀ ਦਾ ਮੂਲ ਮੰਤਰ ਹੈ | 
-ਮੋਹਾਲੀ, ਸਟੇਟ ਐਵਾਰਡੀ
ਮੋਬਾਈਲ : 7888966168

ਪਿਛਲੀ ਖ਼ਬਰ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ-ਮੋਹਿੰਦਰ ਭਗਤ ਅਗਲੀ ਖ਼ਬਰ 'ਆਪੇ ਬੀਜਿ ਆਪੇ ਹੀ ਖਾਹੁ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।