

ਨਾਗੋਆ, 25 ਸਤੰਬਰ (ਯੂ. ਐਨ. ਆਈ.)-ਭਾਰਤ ਨੇ ਸ਼ੁੱਕਰਵਾਰ ਨੂੰ ਆਈਚੀ-ਨਾਗੋਆ ਏਸ਼ਿਆਈ ਖੇਡਾਂ ਦੌਰਾਨ ਇਕ ਦਿਨ ’ਚ ਸਭ ਤੋਂ ਵੱਧ ਤਗਮੇ ਜਿੱਤੇ।ਭਾਰਤ ਨੇ ਸ਼ੂਟਿੰਗ ’ਚ ਦੋ (ਇਕ ਸੋਨ, ਇਕ ਚਾਂਦੀ), ਐਥਲੈਟਿਕਸ ’ਚ ਤਿੰਨ ਕਾਂਸੀ ਦੇ, ਜਦੋਂਕਿ ਟੇਬਲ ਟੈਨਿਸ ’ਚ ਇਕ ਕਾਂਸੀ ਸਮੇਤ ਕੁੱਲ 6 ਤਗਮੇ ਆਪਣੇ ਨਾਂਅ ਕੀਤੇ।ਤਗਮੇ ਦੀ ਸ਼ੁਰੂਆਤ ਸੁਰੁਚੀ ਸਿੰਘ ਅਤੇ ਕਮਲਜੀਤ ਨੇ ਮਿਸ਼ਰਤ ਟੀਮ 10 ਮੀਟਰ ਏਅਰ ਪਿਸਟਲ ਵਿਚ ਸੋਨ ਤਮਗਾ ਜਿੱਤ ਕੇ ਕੀਤੀ। ਸ਼ੂਟਿੰਗ ’ਚ ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨ ਟੀਮ ਵਰਗ ਵਿਚ ਚਾਂਦੀ ਦਾ ਤਗਮਾ ਵੀ ਜਿੱਤਿਆ, ਜਿਥੇ ਐਸ਼ਵਰੀ ਪ੍ਰਤਾਪ ਸਿੰਘ ਤੋਮਰ, ਰੁਦਰੰਕਸ਼ ਪਾਟਿਲ ਅਤੇ ਨੀਰਜ ਕੁਮਾਰ ਦੂਜੇ ਸਥਾਨ ’ਤੇ ਰਹੇ। ਇਸ ਤੋਂ ਬਾਅਦ ਐਥਲੈਟਿਕਸ ਦਾ ਜਲਵਾ ਦੇਖਣ ਨੂੰ ਮਿਲਿਆ। ਗੁਲਵੀਰ ਸਿੰਘ ਨੇ ਪੁਰਸ਼ਾਂ ਦੀ 10,000 ਮੀਟਰ ਦੌੜ ਵਿਚ 28:29.38 ਦੇ ਸਮੇਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਹਾਂਗਜ਼ੂ 2023 ਵਿਚ ਕਾਂਸੀ ਦੇ ਤਗਮੇ ਤੋਂ ਬਾਅਦ ਗੁਲਵੀਰ ਦਾ ਇਹ ਦੂਜਾ ਏਸ਼ਿਆਈ ਖੇਡਾਂ ਦਾ ਤਗ਼ਮਾ ਸੀ। ਟੇਬਲ ਟੈਨਿਸ ਵਿਚ ਵੀ ਇਕ ਹੋਰ ਅਹਿਮ ਤਗਮਾ ਮਿਲਿਆ, ਜਦੋਂ ਦੀਆ ਚਿਤਾਲੇ ਅਤੇ ਮਾਨੁਸ਼ ਸ਼ਾਹ ਨੇ ਮਿਸ਼ਰਤ ਡਬਲਜ਼ ਵਿਚ ਕਾਂਸੀ ਦਾ ਤਗਮਾ ਜਿੱਤਿਆ। ਉਹ ਸੈਮੀਫਾਈਨਲ ਵਿਚ ਮੌਜੂਦਾ ਉਲੰਪਿਕ ਚੈਂਪੀਅਨ ਵੈਂਗ ਚੁਕਿਨ ਅਤੇ ਚੀਨ ਦੇ ਸੁਨ ਯਿੰਗਸ਼ਾ ਤੋਂ 0-4 ਨਾਲ ਹਾਰ ਗਏ ਪਰ ਉਨ੍ਹਾਂ ਖੇਡਾਂ ਵਿਚ ਭਾਰਤ ਦਾ ਚੌਥਾ ਏਸ਼ਿਆਈ ਖੇਡਾਂ ਦਾ ਤਗ਼ਮਾ ਪੱਕਾ ਕਰ ਦਿੱਤਾ।