02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2024

ਸੂਰਜ ਨੇ ਘੁੰਡ ਚੁੱਕ ਕੇ ...

ਅਜੀਤ ਡੈਸਕ 01-01-2024

* ਬਲਵਿੰਦਰ ਬਾਲਮ ਗੁਰਦਾਸਪੁਰ *
ਸੂਰਜ ਨੇ ਘੁੰਡ ਚੁੱਕ ਕੇ ਜਦ ਆਪਣਾ ਮੁੱਖ ਵਿਖਾਇਆ।
ਧਰਤੀ ਦੇ ਫਿਰ ਕਣ-ਕਣ ਅੰਦਰ ਨੂਰ ਇਲਾਹੀ ਆਇਆ।
ਫੁੱਲਾਂ ਨੇ ਖ਼ੁਸ਼ਬੂਆਂ ਦਿੱਤੀਆਂ ਘੁੱਟ ਗਲ ਵਕੜੀ ਪਾ ਕੇ।
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁੱਭ ਇਛਾਵਾਂ ਆ ਕੇ।

ਰੁੱਤਾਂ ਦੀ ਅੰਗੜਾਈ ਅੰਦਰ ਖ਼ੁਸ਼ੀਆਂ ਦੀ ਸ਼ਹਿਨਾਈ।
ਜੰਨਤ ਸੁੰਦਰਤਾ ਨੂੰ ਲੈ ਕੇ ਹਾਸੇ ਵਿਚ ਸ਼ਰਮਾਈ।
ਹਰਿਆਲੀ ਨੇ ਧਰਤੀ ਚੁੰਮੀ ਠੰਡੀਆਂ ਛਾਵਾਂ ਪਾ ਕੇ।
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁੱਭ ਇੱਛਾਵਾਂ ਆ ਕੇ।

ਨਵ ਵਿਗਿਆਨ ਪਰੀਚਿਤ ਹੋਇਆ ਪਾ ਕੇ ਚੰਦਰਯਾਨ।
ਚੰਦਰਮਾ ਦੀ ਧਰਤੀ ਉਤੇ ਜਾ ਬਣਿਆ ਮਹਿਮਾਨ।
ਇਕ ਇਤਿਹਾਸ ਅਨੋਖਾ ਰਚਿਆ ਅੰਬਰ ਦੇ ਵਿਚ ਜਾ ਕੇ।
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁੱਭ ਇੱਛਾਵਾਂ ਆ ਕੇ।

ਵਿੱਦਿਆ ਬੁੱਧ ਵਿਵੇਕ ਦਿਸ਼ਾਵਾਂ ਮੰਡਲੀਕਰਣ ਬਣਾਏ
ਵਿਸ਼ਵ ਵਿਆਪੀ ਕਾਰਜ ਸਾਰੇ ਮੁੱਠੀ ਦੇ ਵਿਚ ਆਏ।
ਉੱਨਤੀ ਵਾਲੀ ਮਾਂਗ ਦੇ ਅੰਦਰ ਫਿਰ ਸੰਧੂਰ ਸਜਾ ਕੇ।
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁੱਭ ਇੱਛਾਵਾਂ ਆ ਕੇ।

ਮੁੱਕ ਜਾਣੀਂ ਏਂ ਰਿਸ਼ਵਤਖ਼ੋਰੀ ਹੇਰਾ ਫੇਰੀ ਠੱਗੀ।
ਸੁਹਿਰਦਤਾ ਅਪਣੇ ਜੋਬਨ ਉਤੇ ਵੇਖੋ ਆਵਣ ਲੱਗੀ।
ਚੰਗਿਆਈ ਵਾਲੀ ਵਹੁਟੀ ਬੈਠੀ ਅਪਣਾ ਘੁੰਡ ਉਠਾ ਕੇ।
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁੱਭ ਇਛਾਵਾਂ ਆ ਕੇ।

ਨਵ ਯੁਵਕਾਂ ਦੀ ਚੇਤਨਤਾ ਦੇ ਖੰਭਾਂ ਵਿਚ ਪਰਵਾਜ਼ ਬੜੀ।
ਖ਼ਾਮੋਸ਼ੀ ਦੇ ਮੰਜ਼ਰ ਵਿਚ ਅੰਦੋਲਨ ਦੀ ਆਵਾਜ਼ ਬੜੀ।
ਪਰਪੱਕਤਾ ਨੂੰ ਆਈ ਹੈ ਫ਼ਿਰ ਸਰਸਵਤੀ ਸਮਝਾ ਕੇ।
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁੱਭ ਇੱਛਾਵਾਂ ਆ ਕੇ।

ਫੁੱਲਾਂ ਉਤੇ ਸ਼ਬਨਮ ਆਈ ਲੈ ਕੇ ਇਕ ਸਿਰਨਾਵਾਂ।
ਸੂਖ਼ਮ ਸੁੰਦਰਤਾ ਦੇ ਵਿਚ ਨੇ ਭਾਰਤ ਮਾਂ ਦੀਆਂ ਬਾਵ੍ਹਾਂ।
ਉੱਨਤੀ ਜੋਬਨ ਰੁੱਤੇ ਨਿਕਲੀ ਕਿਰਨਾਂ ਵਿਚ ਨਹਾ ਕੇ।
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁੱਭ ਇੱਛਾਵਾਂ ਆ ਕੇ।

ਬਿੱਲੀ ਆਲ੍ਹਣੇ ਵਿਚ ਨਾ ਝਾਕੇ, ਸੱਪ ਨਾ ਮਾਰੇ ਡੰਗ।
ਜੀਵਨ ਵਿਚ ਸਲਾਮਤ ਹੋਵੇ ਉਮੰਗ ਤਰੰਗ ਨਿਸੰਗ।
ਕੋਈ ਗਰਮ ਹਵਾ ਨਾ ਲੰਘੇ ਗੁਲਸ਼ਨ ਨੂੰ ਤੜਪਾ ਕੇ
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁੱਭ ਇੱਛਾਵਾਂ ਆ ਕੇ।

ਗਰਮੀ ਦੀ ਰੁੱਤ ਗੁੰਮ ਗਈ ਏ ਸਰਦੀ ਦੀ ਰੁੱਤ ਆਈ।
ਫਲ ਸਬਜ਼ੀਆਂ ਸਾਗ ਸਰ੍ਹੋਂ ਦਾ ਮੱਖਣ ਨਾਲ ਲਿਆਈ।
ਵਿਚ ਬੁਢਾਪੇ ਸਿਹਤ ਬਣਾਓ ਅਪਣਾ ਆਪ ਬਚਾ ਕੇ।
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁੱਭ ਇੱਛਾਵਾਂ ਆ ਕੇ।

ਵਿਚ ਵਿਦੇਸ਼ਾਂ ਸੱਜਣ ਬੈਠੇ ਪਿਆਰੇ ਰਾਜ ਦੁਲਾਰੇ।
ਏਦਾਂ ਜਚਦੇ ਵਿਚ ਵਿਦੇਸ਼ਾਂ ਜਿੱਦਾਂ ਚੰਨ ਸਿਤਾਰੇ।
ਦੋ ਧਰਤੀਆਂ ਉੱਪਰ ਵੱਸਦੇ ਅਪਣੀ ਅਣਖ ਜਗਾ ਕੇ।
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁੱਭ ਇੱਛਾਵਾਂ ਆ ਕੇ।

ਮੇਰਾ ਭਾਰਤ ਦੇਸ਼ ਪਿਆਰਾ ਜੱਗ ਤੋਂ ਸੋਹਣਾ ਸੁੰਦਰ।
ਏਥੇ ਸ਼ੋਭਿਤ ਸਭ ਧਰਮਾਂ ਦੇ ਸੂਰਜ ਵਰਗੇ ਮੰਦਰ।
'ਬਾਲਮ' ਅਪਣੇ ਗੀਤ 'ਚ ਕਹਿੰਦਾ ਵਿਚ ਤਰੰਨੁਮ ਗਾ ਕੇ।
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁੱਭ ਇੱਛਾਵਾਂ ਆ ਕੇ।

-ਉਂਕਾਰ ਨਗਰ, ਗੁਰਦਾਸਪੁਰ।
ਮੋਬਾਈਲ : 98156-25409

ਪਿਛਲੀ ਖ਼ਬਰ ਨਵੇਂ ਵਰ੍ਹੇ 'ਚ, ਨਵੇਂ ਇਰਾਦੇ, ਨਵੇਂ ਸੰਕਲਪ ਅਗਲੀ ਖ਼ਬਰ ਆਓ ਸੁੱਖ ਸਭ ਦੀ ਮਨਾਈਏ ਨਵੇਂ ਸਾਲ 'ਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।