ਜੰਮੂ, 20 ਜੂਨ (ਯੂ.ਐਨ.ਆਈ.)-ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਉਹ ਸੂਬੇ ਦਾ ਪਾਣੀ ਪੰਜਾਬ ਨੂੰ ਦੇਣ ਦੇ ਹੱਕ 'ਚ ਨਹੀਂ ਹਨ | ਉਨ੍ਹਾਂ ਕਿਹਾ ਕਿ ਜੰਮੂ 'ਚ ਸੋਕੇ ਵਰਗੀ ਸਥਿਤੀ ਹੈ, ਇਸ ਲਈ ਪਹਿਲਾਂ ਸਾਨੂੰ ਆਪਣੇ ਪਾਣੀ ਦੀ ਵਰਤੋਂ ਆਪਣੇ ਲਈ ਕਰਨ ਦਿਓ | ਉਨ੍ਹਾਂ ਸਵਾਲ ਕੀਤਾ ਕਿ ਸਿੰਧੂ ਜਲ ਸੰਧੀ ਦੇ ਤਹਿਤ ਪੰਜਾਬ ਕੋਲ ਪਹਿਲਾਂ ਹੀ ਪਾਣੀ ਸੀ, ਫਿਰ ਵੀ ਕੀ ਉਨ੍ਹਾਂ ਨੇ ਸਾਨੂੰ ਲੋੜ ਵੇਲੇ ਪਾਣੀ ਦਿੱਤਾ, ਫਿਰ ਮੈਂ ਪੰਜਾਬ ਨੂੰ ਪਾਣੀ ਕਿਉਂ ਭੇਜਾਂ? ਮੁੱਖ ਮੰਤਰੀ ਉਮਰ ਅਬਦੁੱਲਾ ਜੋ ਕਿ ਜਨਤਕ ਪਹੁੰਚ ਤੇ ਸ਼ਿਕਾਇਤ ਨਿਵਾਰਨ ਨੂੰ ਮਜ਼ਬੂਤ ਕਰਨ ਲਈ ਇੱਥੇ ਕੈਨਾਲ ਰੋਡ 'ਤੇ ਇਕ ਨਵੇਂ ਰਾਬਤਾ ਦਫ਼ਤਰ ਦਾ ਉਦਘਾਟਨ ਕਰਨ ਲਈ ਇਥੇ ਪੁੱਜੇ ਸਨ, ਨੇ ਪੱਤਰਕਾਰਾਂ ਨਾਲ ਇਕ ਗੱਲਬਾਤ ਦੌਰਾਨ ਜੰਮੂ-ਕਸ਼ਮੀਰ 'ਚ ਸਿੰਧੂ ਪ੍ਰਣਾਲੀ ਦੇ 3 ਪੱਛਮੀ ਦਰਿਆਵਾਂ ਤੋਂ ਵਾਧੂ ਪਾਣੀ ਹਰਿਆਣਾ, ਪੰਜਾਬ ਤੇ ਰਾਜਸਥਾਨ ਵੱਲ ਭੇਜਣ ਲਈ ਪ੍ਰਸਤਾਵਿਤ 113 ਕਿਲੋਮੀਟਰ ਲੰਬੀ ਨਹਿਰ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇਹ ਗੱਲ ਕਹੀ | ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਬਹਾਲ ਕਰਨ 'ਤੇ ਕੀਤੇ ਗਏ ਵਾਅਦਿਆਂ ਦੀ ਪੂਰਤੀ ਦੀ ਉਡੀਕ ਕਰ ਰਹੇ ਹਨ | ਭਰਤੀ 'ਚ ਰਾਖਵੇਂਕਰਨ ਦੇ ਮੁੱਦੇ 'ਤੇ ਗੱਲ ਕਰਦੇ ਹੋਏ ਅਬਦੁੱਲਾ ਨੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਦੀ ਚੁੱਪੀ 'ਤੇ ਵੀ ਸਵਾਲ ਉਠਾਏ |