ਚੰਡੀਗੜ੍ਹ, 20 ਜੂਨ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਉਸ ਬਿਆਨ 'ਤੇ ਹੈਰਾਨੀ ਪ੍ਰਗਟ ਕੀਤੀ ਜਿਸ 'ਚ ਉਨ੍ਹਾਂ ਨੇ ਸਿੰਧੂ ਜਲ ਸਮਝੌਤੇ ਦੇ ਸਾਰੇ ਪਾਣੀ 'ਤੇ ਆਪਣਾ ਹੱਕ ਜਤਾਇਆ ਹੈ | ਇੱਥੇ ਜਾਰੀ ਕੀਤੇ ਇਕ ਬਿਆਨ 'ਚ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇੰਦਰਾ ਗਾਂਧੀ ਸਰਕਾਰ ਵੇਲੇ ਗੈਰ ਰਿਪੇਰੀਅਨ ਰਾਜ ਰਾਜਸਥਾਨ ਨੂੰ ਦਰਿਆਈ ਪਾਣੀਆਂ ਦਾ ਵੱਡਾ ਹਿੱਸਾ ਦੇ ਕੇ ਪੰਜਾਬ ਨਾਲ ਵੱਡਾ ਅਨਿਆਂ ਕੀਤਾ ਸੀ | ਉਸੇ ਤਰ੍ਹਾਂ ਹੁਣ ਉਮਰ ਅਬਦੁੱਲਾ ਦੀ ਮੰਗ, ਪੰਜਾਬ ਨਾਲ ਅਨਿਆਂ ਕਰਨ ਦਾ ਇਕ ਹੋਰ ਯਤਨ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨ ਭੰਡਾਰ ਭਰਦਿਆਂ ਪੰਜਾਬ ਨੇ ਆਪਣੇ ਜ਼ਮੀਨ ਹੇਠਲੇ ਪਾਣੀ ਗੁਆ ਲਏ ਜੋ ਖ਼ਤਰਨਾਕ ਪੱਧਰ ਤੱਕ ਘਟ ਗਏ ਹਨ ਤੇ ਦਰਿਆਵਾਂ 'ਚ ਪਾਣੀ ਦੀ ਮਾਤਰਾ ਵੀ ਕਾਫ਼ੀ ਘਟ ਗਈ ਹੈ | ਉਨ੍ਹਾਂ ਨੇ ਸਿੰਧੂ ਦਰਿਆਈ ਸਮਝੌਤਾ ਮੁਅੱਤਲ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਇਤਿਹਾਸਕ ਮੌਕਾ ਹੈ ਕਿ ਕੇਂਦਰ ਇੰਦਰਾ ਗਾਂਧੀ ਵਲੋਂ ਪੰਜਾਬ ਨਾਲ ਕੀਤੇ ਅਨਿਆਂ ਨੂੰ ਦਰੁਸਤ ਕਰੇ | ਡਾ. ਚੀਮਾ ਨੇ ਅਬਦੁੱਲਾ ਨੂੰ ਵੀ ਬੇਨਤੀ ਕੀਤੀ ਕਿ ਉਹ ਅਜਿਹੇ ਬਿਆਨ ਜਾਰੀ ਕਰਨ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਦੀਆਂ ਲੋੜਾਂ ਦਾ ਵੀ ਖਿਆਲ ਰੱਖਣ | ਉਨ੍ਹਾਂ ਆਸ ਪ੍ਰਗਟ ਕੀਤੀ ਕਿ ਕੇਂਦਰ ਸਰਕਾਰ ਅਬਦੁੱਲਾ ਦੀ ਮੰਗ 'ਤੇ ਗੌਰ ਨਹੀਂ ਕਰੇਗੀ |