18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਅੰਮਿ੍ਤਸਰ ਨੇ ਸੰਗੀਤ ਜਗਤ ਨੂੰ ਦਿੱਤੇ ਦਰਜਨਾਂ ਵਿਸ਼ਵ ਪ੍ਰਸਿੱਧ ਗਾਇਕ ਤੇ ਸੰਗੀਤਕਾਰ

ਅਜੀਤ ਡੈਸਕ 21-06-2025

ਅੱਜ ਦੁਨੀਆ ਭਰ 'ਚ ਮਨਾਇਆ ਜਾ ਰਿਹਾ 'ਵਿਸ਼ਵ ਸੰਗੀਤ ਦਿਵਸ'
ਸੁਰਿੰਦਰ ਕੋਛੜ

ਸੁਰਿੰਦਰ ਕੋਛੜ
ਅੰਮਿ੍ਤਸਰ, 20 ਜੂਨ-ਪੂਰੀ ਦੁਨੀਆਂ 'ਚ 21 ਜੂਨ ਨੂੰ 'ਵਿਸ਼ਵ ਸੰਗੀਤ ਦਿਵਸ' ਮਨਾਇਆ ਜਾ ਰਿਹਾ ਹੈ | ਅੰਮਿ੍ਤਸਰ ਸ਼ਹਿਰ ਨੇ ਇਸ ਸੰਗੀਤ ਜਗਤ ਨੂੰ ਇਕ-ਦੋ ਨਹੀਂ ਬਲਕਿ ਦਰਜਨਾਂ ਅਜਿਹੇ ਚੋਟੀ ਦੇ ਗਾਇਕ ਅਤੇ ਸੰਗੀਤਕਾਰ ਦਿੱਤੇ ਹਨ, ਜਿਨ੍ਹਾਂ ਨੇ ਬਾਲੀਵੁੱਡ ਦੇ ਨਾਲ-ਨਾਲ ਦੇਸ਼ ਦੀ ਵੰਡ ਤੋਂ ਬਾਅਦ ਨਵੇਂ ਬਣੇ ਮੁਲਕ ਪਾਕਿਸਤਾਨ 'ਚ ਆਬਾਦ ਹੋਣ 'ਤੇ ਉੱਥੇ ਵੀ ਕਈ ਯਾਦਗਾਰੀ ਗੀਤ, ਗ਼ਜ਼ਲਾਂ, ਕੱਵਾਲੀਆਂ ਅਤੇ ਬਿਹਤਰੀਨ ਸੰਗੀਤ ਨਾਲ ਆਪਣੀ ਵਿਸ਼ੇਸ਼ ਪਹਿਚਾਣ ਕਾਇਮ ਕੀਤੀ | ਭਾਵੇਂਕਿ ਇਨ੍ਹਾਂ 'ਚੋਂ ਬਹੁਤਿਆਂ ਦੇ ਨਾਂਅ ਅੱਜ ਸੰਗੀਤ ਪ੍ਰੇਮੀਆਂ ਦੇ ਜ਼ਿਹਨ 'ਚੋਂ ਵਿਸਰ ਚੱੁਕੇ ਹਨ ਪਰ ਇਨ੍ਹਾਂ ਦੇ ਗੀਤ ਦੇਸ਼ ਤੇ ਦੁਨੀਆਂ 'ਚ ਅੱਜ ਵੀ ਸੁਣੇ ਅਤੇ ਗੁਣਗੁਣਾਏ ਜਾ ਰਹੇ ਹਨ | ਅੰਮਿ੍ਤਸਰ 'ਚ ਮੋਤੀ ਲਾਲ ਬੋਸ ਅਤੇ ਰਾਜਬਾਲਾ ਦੇ ਘਰ ਸੰਨ 1898 'ਚ ਜਨਮੀ ਇੰਦੂ ਬਾਲਾ ਇਕ ਬੰਗਾਲੀ ਗਾਇਕਾ ਅਤੇ ਅਦਾਕਾਰਾ ਸੀ | ਉਸ ਦੇ ਮਾਤਾ-ਪਿਤਾ ਗ੍ਰੇਟ ਬੰਗਾਲ ਸਰਕਸ ਦੇ ਨਾਲ ਸਨ ਅਤੇ ਉਸ ਦੇ ਜਨਮ ਤੋਂ ਜਲਦੀ ਬਾਅਦ ਉਹ ਵੱਖ ਹੋ ਗਏ | ਇਸ ਲਈ ਇੰਦੂ ਬਾਲਾ ਕਲਕੱਤਾ 'ਚ ਆਪਣੀ ਮਾਂ ਨਾਲ ਰਹਿਣ ਲੱਗੀ | ਸੰਨ 1936 'ਚ ਉਸ ਨੂੰ ਮੈਸੂਰ ਦੇ ਮਹਾਰਾਜਾ ਦੀ ਦਰਬਾਰੀ ਸੰਗੀਤਕਾਰ ਨਿਯੁਕਤ ਕੀਤਾ ਗਿਆ ਅਤੇ ਉਸੇ ਦੌਰਾਨ ਉਸ ਨੇ ਧੁਨੀ ਫ਼ਿਲਮਾਂ ਲਈ ਪਲੇਬੈਕ ਵੋਕਲ ਪ੍ਰਦਾਨ ਕੀਤੇ ਅਤੇ ਦੋ ਦਰਜਨ ਤੋਂ ਵੱਧ ਫ਼ਿਲਮਾਂ 'ਚ ਸਕ੍ਰੀਨ 'ਤੇ ਕੰਮ ਕੀਤਾ | ਜਿਨ੍ਹਾਂ 'ਚ ਰਾਜਰਾਨੀ ਮੀਰਾ (1933), ਸਤੀ ਸੁਲੋਚਨਾ (1934) ਅਤੇ ਨਵੀਨਾ ਸਾਰੰਗਧਾਰਾ (1936) ਆਦਿ ਸ਼ਾਮਿਲ ਹਨ | ਅੰਮਿ੍ਤਸਰ 'ਚ 12 ਜੁਲਾਈ 1901 ਨੂੰ ਗ਼ੁਲਾਮ ਮੁਹੰਮਦ ਦੇ ਘਰ ਜਨਮੀ ਮੁਖਤਾਰ ਬੇਗਮ (ਮੁਖਤਾਰ ਖਾਨਮ) ਕਲਾਸੀਕਲ, ਗ਼ਜ਼ਲ ਗਾਇਕਾ ਅਤੇ ਅਦਾਕਾਰਾ ਸੀ | ਉਸ ਨੂੰ ਫ਼ਿਲਮਾਂ, ਥੀਏਟਰ ਅਤੇ ਰੇਡੀਓ 'ਤੇ ਗੀਤ ਗਾਉਣ ਲਈ 'ਸੰਗੀਤ ਦੀ ਰਾਣੀ', 'ਭਾਰਤੀ ਟਾਕੀ ਸੰਗੀਤ ਦੀ ਰਾਣੀ' ਅਤੇ 'ਭਾਰਤ ਦੀ ਮੇਲੋਡੀ ਰਾਣੀ' ਵਜੋਂ ਜਾਣਿਆ ਜਾਂਦਾ ਸੀ | ਉਸ ਨੇ ਹਥਿਲੀ ਦੁਲਹਨ, ਅਲੀ ਬਾਬਾ 40 ਚੋਰ, ਨਲ ਦਮਯੰਤੀ, ਦਿਲ ਕੀ ਪਿਆਸ, ਆਂਖ ਕਾ ਨਸ਼ਾ, ਮੁਫਲਿਸ ਆਸ਼ਕ ਅਤੇ ਚਤਰਾ ਬਕਾਵਲੀ ਆਦਿ ਹਿੰਦੀ, ਪੰਜਾਬੀ ਅਤੇ ਉਰਦੂ ਫ਼ਿਲਮਾਂ 'ਚ ਵੀ ਕੰਮ ਕੀਤਾ | ਦੇਸ਼ ਦੀ ਵੰਡ ਤੋਂ ਬਾਅਦ ਮੁਖਤਾਰ ਬੇਗਮ ਪਾਕਿਸਤਾਨ ਚਲੀ ਗਈ ਅਤੇ ਉਸ ਦਾ ਦਿਹਾਂਤ 80 ਸਾਲ ਦੀ ਉਮਰ 'ਚ ਕਰਾਚੀ ਵਿਖੇ ਹੋਇਆ | ਮਲਿਕਾ-ਏ-ਗ਼ਜ਼ਲ (ਗ਼ਜ਼ਲ ਦੀ ਰਾਣੀ) ਵਜੋਂ ਮਸ਼ਹੂਰ ਫਰੀਦਾ ਖਾਨਮ ਕਲਾਸੀਕਲ ਗਾਇਕਾ ਨੂੰ ਪਾਕਿ ਅਤੇ ਭਾਰਤ ਦੋਵਾਂ 'ਚ ਸਨਮਾਨਿਆ ਜਾਂਦਾ ਹੈ | ਉਸ ਦਾ ਜਨਮ ਸੰਨ 1929 'ਚ ਅੰਮਿ੍ਤਸਰ ਵਿਖੇ ਪੰਜਾਬੀ ਮੁਸਲਿਮ ਪਰਿਵਾਰ 'ਚ ਹੋਇਆ | ਵੰਡ ਦੇ ਬਾਅਦ ਉਹ ਆਪਣੀ ਭੈਣ ਮੁਖਤਾਰ ਬੇਗਮ ਅਤੇ ਤਿੰਨ ਭੈਣ-ਭਰਾਵਾਂ ਨਾਲ ਲਾਹੌਰ ਜਾ ਕੇ ਵਸ ਗਈ |
ਸਈਾਆ ਦਿਲ ਮੇਂ ਆਨਾ ਰੇ ... ਕਹੀਂ ਪੇ ਨਿਗਾਹੇਂ ਕਹੀਂ ਪੇ ਨਿਸ਼ਾਨਾ .... ਲੈ ਕੇ ਪਹਿਲਾ ਪਹਿਲਾ ਪਿਆਰ ..... ਮੇਰੇ ਪੀਆ ਗਏ ਰੰਗੂਨ ... ਅਜਿਹੇ ਗੀਤ ਹਨ, ਜਿਨ੍ਹਾਂ ਨਾਲ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵੀ ਬੇਹੱਦ ਲਗਾਓ ਹੈ | ਇਨ੍ਹਾਂ ਗੀਤਾਂ ਸਮੇਤ ਸੈਂਕੜੇ ਹੋਰ ਗੀਤਾਂ ਨੂੰ ਆਪਣੀ ਆਵਾਜ਼ ਨਾਲ ਅਮਰ ਬਣਾਉਣ ਵਾਲੀ ਸ਼ਮਸ਼ਾਦ ਬੇਗ਼ਮ ਦਾ ਜਨਮ ਭਾਵੇਂ 14 ਅਪ੍ਰੈਲ 1919 ਨੂੰ ਲਾਹੌਰ 'ਚ ਹੋਇਆ ਦੱਸਿਆ ਜਾਂਦਾ ਹੈ, ਪਰ ਉਨ੍ਹਾਂ ਦੀ ਰਿਹਾਇਸ਼ੀ ਹਵੇਲੀ ਅਤੇ ਹੋਰ ਨਿਸ਼ਾਨੀਆਂ ਅੰਮਿ੍ਤਸਰ 'ਚ ਮੌਜੂਦ ਹੋਣ ਕਰਕੇ ਅੰਮਿ੍ਤਸਰੀ ਅੱਜ ਵੀ ਉਨ੍ਹਾਂ ਨੂੰ ਆਪਣੀ 'ਧੀ' ਵਜੋਂ ਸਵੀਕਾਰਦੇ ਹਨ |
24 ਦਸੰਬਰ 1924 ਨੂੰ ਅੰਮਿ੍ਤਸਰ ਦੇ ਨਜ਼ਦੀਕੀ ਪਿੰਡ ਕੋਟਲਾ ਸੁਲਤਾਨ ਸਿੰਘ 'ਚ ਜਨਮੇ ਪ੍ਰਸਿੱਧ ਪਿੱਠਵਰਤੀ ਗਾਇਕ ਮੁਹੰਮਦ ਰਫ਼ੀ ਇਕ ਪੰਜਾਬੀ ਜੱਟ ਮੁਸਲਿਮ ਪਰਿਵਾਰ 'ਚ ਅੱਲ੍ਹਾ ਰਾਖੀ ਅਤੇ ਹਾਜੀ ਅਲੀ ਮੁਹੰਮਦ ਦੇ ਘਰ ਪੈਦਾ ਹੋਏ | ਉਨ੍ਹਾਂ ਦੇ ਗਾਏ ਗੀਤ ਦੁਨੀਆਂ ਭਰ 'ਚ ਪ੍ਰਸਿੱਧ ਹਨ | ਭਾਰਤੀ ਪਿੱਠਵਰਤੀ ਗਾਇਕ ਮਹਿੰਦਰ ਕਪੂਰ ਦਾ ਜਨਮ 9 ਜਨਵਰੀ 1934 ਨੂੰ ਹੋਇਆ ਪਰ ਜਲਦੀ ਹੀ ਉਨ੍ਹਾਂ ਦਾ ਪਰਿਵਾਰ ਮੁੰਬਈ ਵਿਖੇ ਆਬਾਦ ਹੋ ਗਿਆ | ਉਨ੍ਹਾਂ ਦੇ ਪ੍ਰਸਿੱਧ ਗੀਤ- ਚਲੋ ਇਕ ਬਾਰ ਫਿਰ ਸੇ ਅਜਨਬੀ ਬਨ ਜਾਏਾ ਹਮ ਦੋਨੋਂ (ਗੁਮਰਾਹ), ਨੀਲੇ ਗਗਨ ਕੇ ਤਲੇ (ਹਮਰਾਜ਼) ਅਤੇ ਮੇਰੇ ਦੇਸ਼ ਕੀ ਧਰਤੀ (ਉਪਕਾਰ) ਅੱਜ ਵੀ ਬੇਹੱਦ ਪਸੰਦ ਕੀਤੇ ਜਾਂਦੇ ਹਨ | ਸੰਨ 1928 'ਚ ਅੰਮਿ੍ਤਸਰ ਵਿਖੇ ਜਨਮੇ ਗ਼ੁਲਾਮ ਹਸਨ ਸ਼ਗਨ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਸ਼ੈਲੀ ਦੇ ਗਵਾਲੀਅਰ ਘਰਾਣੇ ਦੇ ਸ਼ਾਸਤਰੀ ਸੰਗੀਤ ਗਾਇਕ ਸਨ | ਵੰਡ ਤੋਂ ਬਾਅਦ ਉਹ ਪਾਕਿਸਤਾਨ ਚਲੇ ਗਏ | ਉਸਤਾਦ ਗ਼ੁਲਾਮ ਹਸਨ ਸ਼ਗਨ ਨੂੰ ਪਾਕਿ ਸਰਕਾਰ ਵਲੋਂ 'ਪ੍ਰਾਈਡ ਆਫ਼ ਪਰਫਾਰਮੈਂਸ' (1988) ਅਤੇ 'ਸਿਤਾਰਾ-ਏ-ਇਮਤਿਆਜ਼' (2000) ਸਮੇਤ ਕਈ ਪੁਰਸਕਾਰ ਪ੍ਰਾਪਤ ਹੋਏ | ਕਲਾਸੀਕਲ ਗਾਇਕਾ ਅਤੇ ਫ਼ਿਲਮ ਪਿੱਠਵਰਤੀ ਗਾਇਕਾ ਜ਼ਾਹਿਦਾ ਪਰਵੀਨ ਦਾ ਜਨਮ ਸੰਨ 1925 'ਚ ਅੰਮਿ੍ਤਸਰ ਵਿਖੇ ਹੋਇਆ | 'ਦੀ ਨਾਈਟਿੰਗੇਲ' ਅਤੇ 'ਦੀ ਕੁਈਨ ਆਫ਼ ਕਾਫ਼ੀ' ਵਜੋਂ ਜਾਣੀ ਜਾਂਦੀ ਜ਼ਾਹਿਦਾ ਨੇ ਅੰਮਿ੍ਤਸਰ ਦੇ ਇਕ ਸਾਰੰਗੀ ਵਾਦਕ ਹੁਸੈਨ ਬਖ਼ਸ਼ ਖਾਨ ਤੋਂ ਸਿੱਖਿਆ ਲਈ | ਬਾਅਦ 'ਚ ਉਹ ਕਪੂਰਥਲਾ ਦੇ ਸਾਰੰਗੀ ਵਾਦਕ ਬਾਬਾ ਤਾਜ ਤੋਂ ਗਾਉਣ ਸਿੱਖਣ ਲਈ ਪਟਿਆਲਾ ਘਰਾਣਾ ਕਲਾਸੀਕਲ ਸੰਗੀਤ ਸਕੂਲ 'ਚ ਸ਼ਾਮਿਲ ਹੋ ਗਈ | ਮਸ਼ਹੂਰ ਫ਼ਿਲਮ ਪਿੱਠਵਰਤੀ ਗਾਇਕਾ ਨਸੀਮ ਬੇਗਮ ਦਾ ਜਨਮ 24 ਫਰਵਰੀ 1936 ਨੂੰ ਅੰਮਿ੍ਤਸਰ ਵਿਖੇ ਹੋਇਆ | ਉਸ ਨੂੰ 1950 ਦੇ ਦਹਾਕੇ ਦੇ ਅਖੀਰ 'ਚ ਪ੍ਰਸਿੱਧੀ ਪ੍ਰਾਪਤ ਹੋਈ ਅਤੇ ਸੰਨ 1964 ਤੱਕ ਉਸ ਨੇ 4 ਮੌਕਿਆਂ 'ਤੇ ਵੱਕਾਰੀ ਨਿਗਾਰ ਪੁਰਸਕਾਰ ਜਿੱਤੇ | ਉਸ ਨੂੰ ਫ਼ਿਲਮਾਂ 'ਚ ਉਦਾਸ ਅਤੇ ਨਿਰਾਸ਼ ਗੀਤ ਗਾਉਣ ਲਈ 'ਦੀ ਟ੍ਰੇਡਜੀ ਕਵੀਨ' ਵਜੋਂ ਜਾਣਿਆ ਜਾਂਦਾ ਸੀ | ਉਸ ਦਾ ਦਿਹਾਂਤ ਲਾਹੌਰ 'ਚ ਹੋਇਆ | ਸਲੀਮ ਰਜ਼ਾ ਦੇ ਨਾਂਅ ਨਾਲ ਜਾਣੇ ਜਾਂਦੇ ਪਿੱਠਵਰਤੀ ਗਾਇਕ ਨੋਏਲ ਡਿਆਸ ਦਾ ਜਨਮ 4 ਮਾਰਚ 1932 ਨੂੰ ਅੰਮਿ੍ਤਸਰ ਦੇ ਈਸਾਈ ਪਰਿਵਾਰ 'ਚ ਹੋਇਆ ਪਰ ਦੇਸ਼ ਦੀ ਵੰਡ ਦੇ ਬਾਅਦ ਉਸ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਲਾਹੌਰ ਤੋਂ ਕੀਤੀ | 1950 ਦੇ ਦਹਾਕੇ ਦੇ ਅਖੀਰ 'ਚ ਗਾਇਕ ਅਹਿਮਦ ਰਸ਼ਦੀ ਦੇ ਉਭਾਰ ਕਾਰਨ ਰਜ਼ਾ ਦਾ ਕਰੀਅਰ ਪ੍ਰਭਾਵਿਤ ਹੋਇਆ ਅਤੇ ਉਹ 1966 'ਚ ਪਿੱਠਵਰਤੀ ਗਾਇਕੀ ਛੱਡ ਕੇ ਕੈਨੇਡਾ ਚਲਾ ਗਿਆ | 18 ਅਗਸਤ 1940 ਨੂੰ ਅੰਮਿ੍ਤਸਰ ਵਿਖੇ ਹਰਨਾਮ ਸਿੰਘ ਦੇ ਘਰ ਜਨਮੇ ਬ੍ਰਹਮ ਸਰੂਪ ਸਿੰਘ ਵਿਚਿੱਤਰ ਵੀਣਾ ਦੇ ਪ੍ਰਸਿੱਧ ਵਾਦਕ ਸਨ | ਉਹ ਉਸਤਾਦ ਅਬਦੁਲ ਅਜ਼ੀਜ਼ ਖਾਨ ਦੇ ਚੇਲੇ ਸਨ | 16 ਅਕਤੂਬਰ 1940 ਨੂੰ ਅੰਮਿ੍ਤਸਰ ਦੀ ਨਮਕ ਮੰਡੀ ਆਬਾਦੀ 'ਚ ਜਨਮੇ ਨਰਿੰਦਰ ਚੰਚਲ ਨੇ ਧਾਰਮਿਕ ਗੀਤਾਂ ਅਤੇ ਭਜਨਾਂ ਨਾਲ ਆਪਣੀ ਪਹਿਚਾਣ ਬਣਾਈ ਅਤੇ ਉਨ੍ਹਾਂ ਦੇ ਭਜਨ ਅਤੇ ਆਰਤੀਆਂ ਹਿੰਦੀ ਫ਼ਿਲਮਾਂ 'ਚ ਵੀ ਸ਼ਾਮਿਲ ਹਨ | ਸੰਗੀਤਕਾਰ ਭੁਪਿੰਦਰ ਸਿੰਘ ਦਾ ਜਨਮ 6 ਫਰਵਰੀ 1940 ਨੂੰ ਅੰਮਿ੍ਤਸਰ 'ਚ ਹੋਇਆ ਅਤੇ ਉਨ੍ਹਾਂ ਨੇ ਮੁੱਖ ਤੌਰ 'ਤੇ ਗ਼ਜ਼ਲ ਗਾਇਕ ਅਤੇ ਬਾਲੀਵੁੱਡ ਪਿੱਠਵਰਤੀ ਗਾਇਕ ਵਜੋਂ ਆਪਣੀ ਪਹਿਚਾਣ ਕਾਇਮ ਕੀਤੀ | ਅੰਮਿ੍ਤਸਰ ਦੇ ਪਿੰਡ ਗੁਰੂ ਕੀ ਵਡਾਲੀ ਦੇ ਸੂਫ਼ੀ ਗਾਇਕ ਅਤੇ ਸੰਗੀਤਕਾਰ ਵਡਾਲੀ ਭਰਾ-ਪੂਰਨ ਚੰਦ ਵਡਾਲੀ ਅਤੇ ਪਿਆਰੇ ਲਾਲ ਵਡਾਲੀ ਨੇ ਵੀ ਦੇਸ਼-ਵਿਦੇਸ਼ 'ਚ ਅੰਮਿ੍ਤਸਰ ਦਾ ਨਾਂ ਉੱਚਾ ਕੀਤਾ | ਉਕਤ ਭਰਾਵਾਂ ਦੀ ਜੋੜੀ 'ਚੋਂ ਛੋਟੇ ਭਰਾ ਪਿਆਰੇ ਲਾਲ ਵਡਾਲੀ ਦਾ 4 ਮਾਰਚ 2018 ਨੂੰ ਅੰਮਿ੍ਤਸਰ ਵਿਖੇ ਦਿਲ ਦਾ ਦੌਰਾ ਪੈਣ ਕਾਰਨ 75 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ | ਅੰਮਿ੍ਤਸਰ 'ਚ ਹੀ 18 ਜੁਲਾਈ 1971 ਨੂੰ ਜਨਮੇ ਪਿੱਠਵਰਤੀ ਗਾਇਕ ਸੁਖਵਿੰਦਰ ਸਿੰਘ ਦੇ ਗੀਤ ਦੁਨੀਆਂ ਦੇ ਕਈ ਸਰਵੋਤਮ ਐਵਾਰਡ ਹਾਸਿਲ ਕਰ ਚੁਕੇ ਹਨ |

ਪਿਛਲੀ ਖ਼ਬਰ ਪਾਣੀ 'ਤੇ ਫ਼ੈਸਲਾ ਕੇਂਦਰ ਲਵੇਗਾ, ਉਮਰ ਅਬਦੁੱਲਾ ਨਹੀਂ-ਨੀਲ ਗਰਗ ਅਗਲੀ ਖ਼ਬਰ ਕੇਂਦਰ ਪਾਣੀ ਦੀ ਵੰਡ ਸਮੇਂ ਪੰਜਾਬ ਨਾਲ ਹੋਇਆ ਅਨਿਆਂ ਦਰੁੱਸਤ ਕਰੇ- ਅਕਾਲੀ ਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।