ਪਟਨਾ (ਬਿਹਾਰ), 20 ਸਤੰਬਰ (ਇੰਟ)-ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰ ਵਿਚ ਕੁਝ ਠੀਕ ਨਹੀਂ ਹੈ | ਉਨ੍ਹਾਂ ਦੀ ਧੀ ਰੋਹਿਣੀ ਆਚਾਰੀਆ ਨੇ ਸੋਸ਼ਲ ਮੀਡੀਆ 'ਤੇ ਤੇਜਸਵੀ ਯਾਦਵ, ਆਰ.ਜੇ.ਡੀ. ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਅਨਫਾਲੋ ਕਰ ਦਿੱਤਾ ਹੈ, ਜਿਸ ਨਾਲ ਰਾਜਨੀਤਕ ਹਲਕਿਆਂ 'ਚ ਇਹ ਅਟਕਲਾਂ ਤੇਜ਼ ਹੋ ਗਈਆਂ ਹਨ ਕਿ ਉਹ ਅਸਤੀਫਾ ਦੇ ਸਕਦੀ ਹੈ | ਰੋਹਿਣੀ ਨੇ ਨਾ ਸਿਰਫ਼ ਆਪਣਾ ਸੋਸ਼ਲ ਮੀਡੀਆ ਅਕਾਊਾਟ ਐਕਸ ਨਿੱਜੀ ਬਣਾਇਆ ਹੈ, ਸਗੋਂ ਉਸ ਨੇ ਆਪਣੇ ਪਰਿਵਾਰ ਦੇ ਨਜ਼ਦੀਕੀ ਮੈਂਬਰਾਂ ਨੂੰ ਵੀ ਅਨਫਾਲੋ ਕਰ ਦਿੱਤਾ ਹੈ | ਉਹ ਐਕਸ 'ਤੇ 61 ਲੋਕਾਂ ਨੂੰ ਫਾਲੋ ਕਰਦੀ ਹੈ, ਜਿਸ ਵਿਚ ਪਰਿਵਾਰ ਦੀ ਇਕੋ ਇਕ ਮੈਂਬਰ ਉਸ ਦੀ ਭੈਣ ਮੀਸਾ ਭਾਰਤੀ ਹੈ, ਜੋ ਪਾਟਲੀਪੁੱਤਰ ਹਲਕੇ ਤੋਂ ਸੰਸਦ ਮੈਂਬਰ ਹੈ | ਇਸ ਨੂੰ ਰੋਹਿਣੀ ਦਾ ਤੇਜਸਵੀ ਪ੍ਰਤੀ ਵਿਰੋਧ ਵਜੋਂ ਦੇਖਿਆ ਜਾ ਰਿਹਾ ਹੈ | ਇਸ ਸੰਬੰਧੀ ਰੋਹਿਣੀ ਦੇ ਭਰਾ ਤੇਜ ਪ੍ਰਤਾਪ ਨੇ ਆਪਣੀ ਭੈਣ ਦੀਆਂ ਸਾਰੀਆਂ ਗੱਲਾਂ ਦਾ ਸਮਰਥਨ ਕੀਤਾ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਮੇਰੀ ਭੈਣ ਦੇ ਆਤਮ ਸਨਮਾਨ ਨੂੰ ਕੋਈ ਠੇਸ ਪਹੁੰਚਾਈ ਤਾਂ ਸੁਦਰਸ਼ਨ ਚੱਕਰ ਚਲਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਰੋਹਿਣੀ ਪੂਰੀ ਤਰ੍ਹਾਂ ਠੀਕ ਹੈ |